26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸ਼ੇਖ ਹਸੀਨਾ ਦੀ ਵਾਪਸੀ

ਸ਼ੇਖ ਹਸੀਨਾ ਦੀ ਵਾਪਸੀ

ਅਜੀਤ ਡੈਸਕ 27-11-2026

ਸਾਲ 2014 ਵਿਚ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ 'ਗੁਆਂਢੀ ਪਹਿਲਾਂ' ਦੀ ਨੀਤੀ ਅਪਣਾਈ ਸੀ | ਇਸੇ ਲਈ ਉਸ ਸਮੇਂ ਪਹਿਲੇ ਸਹੁੰ ਚੁੱਕ ਸਮਾਗਮ ਵਿਚ ਹੋਰ ਗੁਆਂਢੀ ਰਾਜਾਂ ਦੇ ਨਾਲ-ਨਾਲ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ  ਵੀ ਦਿੱਲੀ ਆਉਣ ਦਾ ਸੱਦਾ ਦਿੱਤਾ ਗਿਆ ਸੀ | ਉੱਥੇ ਕਈ ਤਰ੍ਹਾਂ ਦੀਆਂ ਉਲਝਣਾਂ ਦੇ ਬਾਵਜੂਦ ਵੀ ਨਵਾਜ਼ ਸ਼ਰੀਫ ਇਸ ਮੌਕੇ 'ਤੇ ਦਿੱਲੀ ਆਏ ਸਨ | ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਚਾਨਕ ਲਾਹੌਰ ਫੇਰੀ ਨੇ ਵੀ ਸਭ ਨੂੰ  ਹੈਰਾਨ ਕਰ ਦਿੱਤਾ ਸੀ | ਪਰ ਅਜਿਹੇ ਰਾਜਨੀਤਕ ਪੱਧਰ 'ਤੇ ਕੀਤੇ ਗਏ ਯਤਨਾਂ ਦੇ ਬਾਵਜੂਦ ਵੀ ਉਥੋਂ ਦੀ ਫ਼ੌਜ ਦੀ ਤੈਅਸ਼ੁਦਾ ਨੀਤੀ ਕਾਰਨ ਭਾਰਤ ਨਾਲ ਪਾਕਿਸਤਾਨ ਦੇ ਸੰਬੰਧ ਨਹੀਂ ਸੁਧਰੇ, ਸਗੋਂ ਦਿਨ-ਪ੍ਰਤੀਦਿਨ ਵਿਗੜਦੇ ਹੀ ਗਏ ਹਨ | ਪਿਛਲੇ 14 ਸਾਲਾਂ ਵਿਚ ਭਾਰਤ ਦੀ ਦੱਖਣੀ ਏਸ਼ੀਆ ਦੇ ਆਪਣੇ ਗੁਆਂਢੀ ਦੇਸ਼ਾਂ ਪ੍ਰਤੀ ਨੀਤੀ ਨੇ ਅਨੇਕਾਂ ਉਤਰਾਅ-ਚੜ੍ਹਾਅ  ਦੇਖੇ ਹਨ | 

ਨਿਪਾਲ ਵਿਚ ਹੁੰਦੇ ਰਹੇ ਸਿਆਸੀ ਬਦਲਾਵਾਂ ਦਾ ਵੀ ਭਾਰਤ ਨਾਲ ਉਸ ਦੇ ਸੰਬੰਧਾਂ 'ਤੇ ਅਸਰ ਪੈਂਦਾ ਰਿਹਾ, ਪਰ ਪਿਛਲੇ ਦਿਨੀਂ ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੀ ਭਾਰਤ ਦੀ ਯਾਤਰਾ ਅਤੇ ਉਸ ਤੋਂ ਪਹਿਲਾਂ ਨਿਪਾਲ ਵਿਚ ਆਏ ਭਿਆਨਕ ਹੜ੍ਹਾਂ ਨਾਲ ਹੋਈ ਤਬਾਹੀ ਸਮੇਂ ਭਾਰਤ ਦੇ ਵੱਡੇ ਗੁਆਂਢੀ ਦੇ ਤੌਰ 'ਤੇ ਮਦਦਗਾਰ ਦੇ ਰੂਪ ਵਿਚ ਉੱਥੇ ਪਹੁੰਚਣ ਨੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਨੇੜਤਾ ਲਿਆਂਦੀ ਸੀ | ਭਾਰਤ ਵਲੋਂ ਨਿਪਾਲ ਵਿਚ ਸ਼ੁਰੂ ਕੀਤੇ ਗਏ ਕਈ ਪ੍ਰਾਜੈਕਟਾਂ ਵਿਚ ਵੀ ਤੇਜ਼ੀ ਲਿਆਂਦੀ ਗਈ ਹੈ ਅਤੇ ਉਸ ਦੇ ਪੁਨਰ-ਨਿਰਮਾਣ ਵਿਚ ਵੀ ਵੱਡੀ ਆਰਥਿਕ ਸਹਾਇਤਾ ਦਿੱਤੀ ਗਈ ਹੈ | ਇਸੇ ਹੀ ਤਰ੍ਹਾਂ ਸ੍ਰੀਲੰਕਾ ਵਿਚ ਵੀ ਆਰਥਿਕ ਅਤੇ ਸਿਆਸੀ ਸੰਕਟ ਬਣਿਆ ਰਿਹਾ ਹੈ | ਭਾਰਤ ਸਰਕਾਰ ਉਸ ਸਮੇਂ ਵੀ ਉੱਥੇ ਵੱਡੀ ਸਹਾਇਕ ਬਣ ਕੇ ਅੱਗੇ ਆਈ ਸੀ ਅਤੇ ਇਸ ਕਾਰਨ  ਉੱਥੋਂ ਦੀ ਨਵੀਂ ਸਰਕਾਰ ਨੇ ਵੀ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਹੈ | ਹਿੰਦ-ਮਹਾਂਸਾਗਰ ਵਿਚ ਛੋਟੇ ਦੇਸ਼ ਮਾਲਦੀਵਜ਼, ਜਿਸ 'ਚ ਸਿਆਸੀ ਬਦਲਾਅ ਤੋਂ ਬਾਅਦ ਚੀਨ ਦੇ ਪ੍ਰਭਾਵ ਵਾਲੀ ਮੁਹੰਮਦ ਮੋਇਜ਼ੂ ਦੀ ਸਰਕਾਰ ਬਣੀ ਸੀ, ਪਰ ਵੱਡੀ ਹਿਚਕਿਚਾਹਟ ਤੋਂ ਬਾਅਦ ਹੁਣ ਮਾਲਦੀਵਜ਼ ਨੂੰ  ਵੀ ਇਹ ਅਹਿਸਾਸ ਹੋ ਗਿਆ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਭਾਰਤ ਉਸ ਦਾ ਸਥਾਈ ਮਿੱਤਰ ਸਿੱਧ ਹੋਇਆ ਹੈ | 
ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਨੇ ਲੰਮਾ ਸਮਾਂ ਪ੍ਰਸ਼ਾਸਨ ਚਲਾਇਆ | ਉਸ ਸਮੇਂ ਜਿੱਥੇ ਦੋਹਾਂ ਦੇਸ਼ਾਂ ਵਿਚ ਕੁਝ ਰਹਿੰਦੇ ਮਸਲਿਆਂ ਨੂੰ  ਹੱਲ ਕਰਨ ਦਾ ਯਤਨ ਕੀਤਾ ਗਿਆ, ਉੱਥੇ ਹਸੀਨਾ ਨੇ ਹਮੇਸ਼ਾ ਭਾਰਤ ਦੀ ਤਰਫ਼ਦਾਰੀ ਵੀ ਕੀਤੀ ਅਤੇ ਭਾਰਤ ਨੇ ਵੀ ਉੱਥੋਂ ਦੇ ਮੁਢਲੇ ਢਾਂਚੇ ਦੀਆਂ ਕਈ ਯੋਜਨਾਵਾਂ ਵਿਚ ਆਪਣੀ ਹਿੱਸੇਦਾਰੀ ਪਾਈ, ਪਰ ਅਗਸਤ 2024 ਵਿਚ ਹਾਲਾਤ ਉਸ ਸਮੇਂ ਇਕਦਮ ਬਦਲ ਗਏ, ਜਦੋਂ ਸ਼ੇਖ ਹਸੀਨਾ ਦੀ ਚੁਣੀ ਹੋਈ ਸਰਕਾਰ ਨੂੰ  ਵਿਦਿਆਰਥੀ ਅੰਦੋਲਨ ਭੜਕਣ ਕਾਰਨ ਸੱਤਾ ਤੋਂ ਬਾਹਰ ਹੋਣਾ ਪਿਆ ਅਤੇ ਹਸੀਨਾ ਨੂੰ  5 ਅਗਸਤ, 2024 ਨੂੰ  ਭਾਰਤ ਵਿਚ ਸ਼ਰਨ ਲੈਣੀ ਪਈ | ਉਸ ਤੋਂ ਬਾਅਦ ਉੱਥੇ ਮੁਹੰਮਦ ਯੂਨਸ ਦੀ ਅਗਵਾਈ ਵਿਚ ਬਣੀ ਅੰਤਰਿਮ ਸਰਕਾਰ ਨੇ ਕੁਝ ਮੂਲਵਾਦੀ ਪਾਰਟੀਆਂ ਦੇ ਪ੍ਰਭਾਵ ਹੇਠ ਭਾਰਤ ਪ੍ਰਤੀ ਨਫ਼ਰਤ ਵਾਲਾ ਰਵੱਈਆ ਅਖ਼ਤਿਆਰ ਕੀਤਾ | ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਖ਼ਾਸ ਤੌਰ 'ਤੇ ਹਿੰਦੂ ਭਾਈਚਾਰੇ ਨੂੰ  ਨਿਸ਼ਾਨਾ ਬਣਾਇਆ ਜਾਣ ਲੱਗਾ, ਜਿਸ ਕਾਰਨ ਭਾਰਤ ਨਾਲ ਉਸ ਦੇ ਸੰਬੰਧ ਹੋਰ ਵੀ ਵਿਗੜ ਗਏ | ਉੱਥੇ ਹੋਈਆਂ ਚੋਣਾਂ ਤੋਂ ਬਾਅਦ ਤਾਰਕ ਰਹਿਮਾਨ ਦੀ ਅਗਵਾਈ ਵਿਚ ਬਣੀ ਸਰਕਾਰ ਨੇ ਵੀ ਅਜਿਹਾ ਰਵੱਈਆ ਹੀ ਜਾਰੀ ਰੱਖਿਆ | ਸ਼ੇਖ ਹਸੀਨਾ ਦੀ ਆਵਾਮੀ ਪਾਰਟੀ 'ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਉਸ 'ਤੇ ਚੋਣਾਂ ਵਿਚ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਗਈ | ਉੱਥੇ ਹਸੀਨਾ ਦੀ ਗ਼ੈਰ-ਹਾਜ਼ਰੀ ਵਿਚ ਕੇਸ ਚਲਾ ਕੇ ਉਸ ਨੂੰ  ਮੌਤ ਤੱਕ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਭਾਰਤ 'ਤੇ ਉਸ ਨੂੰ  ਬੰਗਲਾਦੇਸ਼ ਵਾਪਸ ਭੇਜਣ ਲਈ ਲਗਾਤਾਰ ਦਬਾਅ ਪਾਇਆ ਜਾਂਦਾ ਰਿਹਾ | ਇਸੇ ਨੂੰ  ਆਧਾਰ ਬਣਾ ਕੇ ਤਾਰਕ ਰਹਿਮਾਨ ਨੇ ਦੋ ਵਾਰ ਭਾਰਤ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਸੀ | ਇਸੇ ਦੌਰਾਨ ਬੀਤੀ 5 ਅਗਸਤ ਨੂੰ  ਸ਼ੇਖ ਹਸੀਨਾ ਨੇ ਦੋ ਸਾਲ ਦੇ ਪ੍ਰਵਾਸ ਤੋਂ ਬਾਅਦ ਦਸੰਬਰ ਦੇ ਮਹੀਨੇ ਵਿਚ ਬੰਗਲਾਦੇਸ਼ ਪਰਤਣ ਦਾ ਐਲਾਨ ਕਰ ਦਿੱਤਾ ਸੀ |
ਹੁਣ ਉਸ ਨੇ 16 ਦਸੰਬਰ ਨੂੰ  ਬੰਗਲਾਦੇਸ਼ ਦੀ ਆਜ਼ਾਦੀ ਵਾਲੇ ਦਿਨ ਉੱਥੇ ਜਾਣ ਦਾ ਐਲਾਨ ਕਰ ਦਿੱਤਾ ਹੈ | 16 ਦਸੰਬਰ, 1971 ਨੂੰ  ਪਾਕਿਸਤਾਨ ਤੋਂ ਛੁਟਕਾਰਾ ਪਾ ਕੇ ਵੱਡੇ ਖੂਨੀ ਸੰਘਰਸ਼ ਤੋਂ ਬਾਅਦ ਬੰਗਲਾਦੇਸ਼ ਆਜ਼ਾਦ ਹੋਇਆ ਸੀ | ਹਸੀਨਾ ਦੇ ਇਸ ਫ਼ੈਸਲੇ ਨਾਲ ਇਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ | ਹਸੀਨਾ ਫਿਲਹਾਲ ਆਪਣੇ ਦੇਸ਼ ਵਾਪਸ ਪਰਤ ਸਕੇਗੀ ਜਾਂ ਨਹੀਂ, ਇਸ ਬਾਰੇ ਤਾਂ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਸਮੇਂ ਵਿਚ ਚੀਨ ਅਤੇ ਪਾਕਿਸਤਾਨ ਨੂੰ  ਬੰਗਲਾਦੇਸ਼ ਰਾਹੀਂ ਆਪਣੀ-ਆਪਣੀ ਭੜਾਸ ਕੱਢਣ ਦਾ ਮੌਕਾ ਜ਼ਰੂਰ ਮਿਲ ਜਾਏਗਾ | ਅਜਿਹੀ ਸਥਿਤੀ ਭਾਰਤ ਲਈ ਰੱਖਿਆਤਮਿਕ ਤੇ ਕਠਿਨ ਬਣੀ ਨਜ਼ਰ ਆਉਂਦੀ ਹੈ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ | ¸ਜੋਨ ਐਫ. ਕੈਨੇਡੀ ਅਗਲੀ ਖ਼ਬਰ ਅਕਾਲੀ ਦਲ ਤੇ ਭਾਜਪਾ ਵਿਚਕਾਰ ਸਮਝੌਤੇ ਦੇ ਕਾਰਨ ਕੀ ਰਹੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।