ਮੋਦੀ ਸਰਕਾਰ ਵਲੋਂ ਆਉਂਦੇ ਦਿਨਾਂ ਵਿਚ ਭਾਵ ਲੋਕ ਸਭਾ ਦਾ ਸੈਸ਼ਨ 30 ਨਵੰਬਰ ਅਤੇ ਰਾਜ ਸਭਾ ਦਾ ਸੈਸ਼ਨ 2 ਦਸੰਬਰ ਤੋਂ ਮੁੜ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਨੂੰ ਪਹਿਲੇ ਸੈਸ਼ਨ ਦਾ ਵਿਸਥਾਰ ਹੀ ਕਿਹਾ ਗਿਆ ਹੈ ਜੋ 13 ਅਗਸਤ ਨੂੰ ਖ਼ਤਮ ਹੋਇਆ ਸੀ | ਸਰਕਾਰ ਮੌਨਸੂਨ ਸੈਸ਼ਨ ਵਿਚ ਔਰਤਾਂ ਲਈ ਰਾਖਵੇਂਕਰਨ ਅਤੇ ਲੋਕ ਸਭਾ ਦੇ ਹਲਕਿਆਂ ਦੀ ਮੁੜ ਹੱਦਬੰਦੀ ਕਰਨ ਲਈ ਬਜ਼ਿੱਦ ਸੀ ਪਰ ਇਨ੍ਹਾਂ ਸੰਵਿਧਾਨਕ ਸੋਧਾਂ ਲਈ ਸੰਸਦ ਵਿਚ ਦੋ-ਤਿਹਾਈ ਬਹੁਮਤ ਹੋਣਾ ਜ਼ਰੂਰੀ ਸੀ ਜੋ ਵੱਡੇ ਯਤਨਾਂ ਦੇ ਬਾਵਜੂਦ ਸਰਕਾਰ ਜੁਟਾ ਨਹੀਂ ਸੀ ਸਕੀ | ਜੇਕਰ ਇਹ ਬਿੱਲ ਪਾਸ ਹੋ ਜਾਂਦੇ ਹਨ ਤਾਂ ਸਾਲ 2029 ਦੀਆਂ ਆਮ ਚੋਣਾਂ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਕਰ ਦਿੱਤਾ ਜਾਏਗਾ | ਸਰਕਾਰ ਹੱਦਬੰਦੀ ਕਰਨ ਲਈ ਸਾਲ 2011 ਦੀ ਜਨਗਣਨਾ ਨੂੰ ਹੀ ਆਧਾਰ ਬਣਾਉਣ ਦੀ ਇੱਛੁਕ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਲਈ ਰਾਖਵੇਂਕਰਨ ਨੂੰ ਇਕ ਵੱਡਾ ਭਾਵੁਕ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹਨ | ਉਨ੍ਹਾਂ ਪਿਛਲੇ ਦਿਨ ਸੰਵਿਧਾਨ ਦਿਵਸ ਮੌਕੇ 'ਤੇ ਵੀ ਕਿਹਾ ਸੀ ਕਿ ਕੋਈ ਵੀ ਤਾਕਤ ਔਰਤਾਂ ਨੂੰ ਇਨਸਾਫ਼ ਮਿਲਣ ਤੋਂ ਨਹੀਂ ਰੋਕ ਸਕਦੀ | ਉਨ੍ਹਾਂ ਨੇ ਅਪ੍ਰੈਲ ਦੇ ਮਹੀਨੇ ਵਿਚ ਹਲਕਾਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ, ਜਿਸ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਦੀ ਵਿਵਸਥਾ ਸੀ, ਦੇ ਡਿੱਗਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਵਾਲੇ ਕਾਨੂੰਨ ਨੂੰ ਚਾਹੇ ਕਾਂਗਰਸ ਨੇ ਪਾਸ ਨਹੀਂ ਸੀ ਹੋਣ ਦਿੱਤਾ ਪਰ ਉਹ ਭਾਰਤ ਦੀ ਨਾਰੀ ਸ਼ਕਤੀ ਨੂੰ ਭਰੋਸਾ ਦਿਵਾਉਂਦੇ ਹਨ ਕਿ ਔਰਤਾਂ ਨੂੰ ਇਨਸਾਫ਼ ਦਿਵਾਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ | ਚਾਹੇ ਇਕ ਵਾਰ ਫਿਰ ਸੰਸਦ ਦਾ ਸੈਸ਼ਨ ਤਾਂ ਬੁਲਾ ਲਿਆ ਗਿਆ ਹੈ ਪਰ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਰਕਾਰ ਕੋਲ ਦੋ-ਤਿਹਾਈ ਬਹੁਮਤ ਅਜੇ ਵੀ ਨਹੀਂ ਹੈ, ਪਰ ਹੁਣ ਹਾਲਾਤ ਪਹਿਲਾਂ ਵਾਲੇ ਦਿਖਾਈ ਨਹੀਂ ਦਿੰਦੇ | ਇਸ ਸਮੇਂ ਡੀ.ਐਮ.ਕੇ. ਅਤੇ ਨੈਸ਼ਨਲ ਕਾਂਗਰਸ ਪਾਰਟੀ (ਐਨ.ਸੀ.ਪੀ.) ਨੇ ਚਾਹੇ ਹੁਣ ਤੱਕ ਆਪਣੇ ਪੱਤੇ ਤਾਂ ਨਹੀਂ ਖੋਲ੍ਹੇ, ਪਰ ਇਹ ਸੰਭਾਵਨਾ ਜ਼ਰੂਰ ਬਣੀ ਨਜ਼ਰ ਆਉਂਦੀ ਹੈ ਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਸਰਕਾਰ ਦੇ ਹੱਕ ਵਿਚ ਭੁਗਤ ਸਕਦੇ ਹਨ | ਇਸ ਸਮੇਂ ਲੋਕ ਸਭਾ ਵਿਚ ਡੀ.ਐਮ.ਕੇ. ਦੇ 22 ਮੈਂਬਰ ਹਨ | ਐਨ.ਸੀ.ਪੀ. (ਸ਼ਰਦ ਪਵਾਰ) ਦੇ 8 ਅਤੇ ਟੀ.ਐਮ.ਸੀ. ਦੇ 8 ਮੈਂਬਰ ਹਨ | ਜੇਕਰ ਇਨ੍ਹਾਂ ਬਿੱਲਾਂ ਸੰਬੰਧੀ ਵੋਟ ਪੈਣ ਸਮੇਂ ਇਨ੍ਹਾਂ ਪਾਰਟੀਆਂ ਦੇ ਬਹੁਤੇ ਮੈਂਬਰ ਗ਼ੈਰ-ਹਾਜ਼ਿਰ ਰਹਿੰਦੇ ਹਨ ਤਾਂ ਸਰਕਾਰ ਆਪਣੇ ਮੰਤਵ ਦੇ ਨੇੜੇ ਜ਼ਰੂਰ ਪਹੁੰਚ ਸਕਦੀ ਹੈ | ਪਿਛਲੇ ਸਮੇਂ ਵਿਚ ਟੀ.ਐਮ.ਸੀ. ਦੇ 20 ਅਤੇ ਊਧਵ ਠਾਕਰੇ ਗਰੁੱਪ ਦੇ 6 ਸੰਸਦ ਮੈਂਬਰਾਂ ਨੇ ਆਪਣਾ ਪਾਲਾ ਬਦਲ ਲਿਆ ਸੀ | ਚਾਹੇ ਐਨ.ਡੀ.ਏ. ਸਰਕਾਰ ਦੀ ਪਹਿਲਾਂ ਨਾਲੋਂ ਤਾਕਤ ਜ਼ਰੂਰ ਵਧੀ ਹੈ ਪਰ ਇਸ ਦੇ ਬਾਵਜੂਦ ਦੋਹਾਂ ਸਦਨਾਂ ਵਿਚ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਬਾਰੇ ਅਜੇ ਵੀ ਬੇਯਕੀਨੀ ਬਣੀ ਹੋਈ ਹੈ | ਵਿਰੋਧੀ ਪਾਰਟੀਆਂ ਨੇ ਸਰਕਾਰ ਵਲੋਂ ਖੇਡੇ ਜਾ ਰਹੇ ਇਨ੍ਹਾਂ ਦਾਅ-ਪੇਚਾਂ ਨੂੰ 'ਗ਼ੈਰ-ਲੋਕਤੰਤਰੀ' ਕਿਹਾ ਹੈ ਅਤੇ ਇਹ ਵੀ ਕਿ ਮੋਦੀ ਅਤੇ ਸ਼ਾਹ ਪਹਿਲਾਂ ਵੀ ਅਜਿਹਾ ਕੁਝ ਕਰਦੇ ਆਏ ਹਨ |
ਦੇਸ਼ ਭਰ ਵਿਚ ਉਨ੍ਹਾਂ ਨੇ ਹਰ ਪੱਧਰ ਦੀਆਂ ਸਿਆਸੀ ਪਾਰਟੀਆਂ ਵਿਚ ਜੋੜ-ਤੋੜ ਕਰਨ ਦਾ ਵੱਡਾ ਯਤਨ ਜਾਰੀ ਰੱਖਿਆ ਹੈ | ਸੰਸਦ ਵਿਚ ਇਹ ਬਿੱਲ ਪਾਸ ਹੁੰਦੇ ਹਨ ਜਾਂ ਨਹੀਂ, ਇਸ ਦਾ ਪਤਾ ਤਾਂ ਕੁਝ ਦਿਨਾਂ ਵਿਚ ਲੱਗ ਜਾਏਗਾ, ਪਰ ਜੇ ਇਕ ਵਾਰ ਫਿਰ ਬਿੱਲ ਪਾਸ ਨਹੀਂ ਹੁੰਦੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਵਿਰੋਧੀ ਪਾਰਟੀਆਂ, ਖ਼ਾਸ ਤੌਰ 'ਤੇ ਕਾਂਗਰਸ ਵਿਰੁੱਧ ਇਹ ਪ੍ਰਚਾਰ ਕਰਨ ਦਾ ਮੌਕਾ ਜ਼ਰੂਰ ਮਿਲ ਜਾਏਗਾ ਕਿ ਉਹ ਔਰਤਾਂ ਦੇ ਹੱਕਾਂ ਦੇ ਖ਼ਿਲਾਫ਼ ਖੜ੍ਹੀ ਹੈ, ਇਸੇ ਲਈ ਹੀ ਉਨ੍ਹਾਂ ਨੇ ਪੇਸ਼ ਇਨ੍ਹਾਂ ਬਿੱਲਾਂ ਬਾਰੇ ਅਜਿਹਾ ਵਤੀਰਾ ਧਾਰਨ ਕਰੀ ਰੱਖਿਆ ਹੈ | ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੁੱਝ ਹੀ ਮਹੀਨਿਆਂ ਵਿਚ ਹੋਣ ਵਾਲੀਆਂ ਹਨ | ਭਾਜਪਾ ਨੂੰ ਬਿੱਲ ਪਾਸ ਹੋਣ ਜਾਂ ਨਾ ਹੋਣ, ਦੋਵਾਂ ਹਾਲਤਾਂ ਵਿਚ ਇਸ ਦਾ ਵੱਡਾ ਸਿਆਸੀ ਲਾਭ ਮਿਲਣ ਦੀ ਸੰਭਾਵਨਾ ਹੈ |
-ਬਰਜਿੰਦਰ ਸਿੰਘ ਹਮਦਰਦ