ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋ ਗਿਆ ਹੈ। ਇਹ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ, ਭਾਵੇਂ ਕਿ ਦੇਸ਼ ਦੀ ਆਜ਼ਾਦੀ ਦੇ ਸੰਬੰਧ ਵਿਚ 15 ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮਾਂ ਲਈ ਕੁਝ ਛੁੱਟੀਆਂ ਹੋਣਗੀਆਂ। ਦੇਸ਼ ਵਿਚ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਬਣਿਆ ਹੋਇਆ ਹੈ, ਉਸ ਨੂੰ ਵੇਖਦਿਆਂ ਸੰਸਦ ਦੇ ਇਨ੍ਹਾਂ ਸਮਾਗਮਾਂ ਵਿਚ ਵੱਡਾ ਰੌਲਾ-ਰੱਪਾ ਪੈਣ ਦੀ ਉਮੀਦ ਹੈ। ਇਸ ਲਈ ਦੋਵਾਂ ਹੀ ਧਿਰਾਂ ਵਲੋਂ ਆਪੋ-ਆਪਣੀ ਰਣਨੀਤੀ ਤਿਆਰ ਕਰਨ ਲਈ ਕਮਰਾਂ ਕੱਸੀਆਂ ਗਈਆਂ ਹਨ। ਉਂਝ ਸੰਸਦ ਦੇ ਕੰਮ ਨੂੰ ਸੁਚਾਰੂ ਤੌਰ 'ਤੇ ਚਲਾਉਣ ਲਈ 20 ਜੁਲਾਈ ਨੂੰ ਇਕ ਸਰਬ ਪਾਰਟੀ ਮੀਟਿੰਗ ਵੀ ਹੋਈ ਸੀ, ਜਿਸ ਵਿਚ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਅਤੇ ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ। ਭਾਰਤੀ ਲੋਕਤੰਤਰ ਵਿਚ ਹਰ ਇਕ ਨੂੰ ਆਪਣੀ ਪਾਰਟੀ ਬਣਾਉਣ ਦਾ ਹੱਕ ਹੈ, ਪਰ ਕੌਮੀ ਪੱਧਰ 'ਤੇ ਉਸ ਨੂੰ ਕੁਝ ਤੈਅਸ਼ੁਦਾ ਸ਼ਰਤਾਂ 'ਤੇ ਹੀ ਮਾਨਤਾ ਦਿੱਤੀ ਜਾਂਦੀ ਹੈ। ਇਸ ਸੰਸਦੀ ਇਜਲਾਸ ਵਿਚ 51 ਦੇ ਲਗਭਗ ਸਿਆਸੀ ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਇਸ ਲੰਮੀ ਚੱਲੀ ਸਰਬ ਪਾਰਟੀ ਮੀਟਿੰਗ ਵਿਚ ਵੱਖ-ਵੱਖ ਪਾਰਟੀਆਂ ਦੇ ਬਹੁਤ ਸਾਰੇ ਆਗੂਆਂ ਨੇ ਆਪਣੀ ਗੱਲ ਵਿਸਥਾਰ ਵਿਚ ਰੱਖੀ ਸੀ। ਇਸ ਵਿਚ ਇਹ ਜ਼ਰੂਰ ਤੈਅ ਹੋਇਆ ਸੀ ਕਿ ਦੇਸ਼ ਲਈ ਮਹੱਤਵਪੂਰਨ ਸਮਝੇ ਜਾਣ ਵਾਲੇ ਸਾਰੇ ਵਿਸ਼ਿਆਂ 'ਤੇ ਵਿਸਥਾਰਤ ਬਹਿਸ ਕੀਤੀ ਜਾਏਗੀ ਅਤੇ ਇਸ ਲਈ ਪ੍ਰਤੀਨਿਧਤਾ ਮੁਤਾਬਿਕ ਹਰ ਪਾਰਟੀ ਨੂੰ ਢੁਕਵਾਂ ਸਮਾਂ ਦਿੱਤਾ ਜਾਵੇਗਾ।
ਇਸ ਇਜਲਾਸ ਵਿਚ 8 ਮਹੱਤਵਪੂਰਨ ਬਿੱਲ ਵੀ ਪੇਸ਼ ਕੀਤੇ ਜਾਣੇ ਹਨ। ਉਨ੍ਹਾਂ 'ਤੇ ਵੀ ਚਰਚਾ ਲਈ ਸਮਾਂ ਨਿਰਧਾਰਤ ਕੀਤਾ ਜਾਏਗਾ। ਕੁਝ ਸਾਲ ਪਹਿਲਾਂ ਬਣੇ ਵਿਰੋਧੀ ਪਾਰਟੀਆਂ ਦੇ 'ਇੰਡੀਆ' ਗੱਠਜੋੜ ਵਿਚ ਤਾਂ ਸਮੇਂ ਦੇ ਬੀਤਣ ਨਾਲ ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ ਅਤੇ ਇਸ ਵਿਚ ਸ਼ਾਮਿਲ ਪਾਰਟੀਆਂ ਨੇ ਇਕਸੁਰ ਹੋਣ ਦੀ ਬਜਾਏ ਆਪੋ-ਆਪਣੀ ਡਫ਼ਲੀ ਵਜਾਉਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਜਿਹੜੇ ਕੁਝ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਹੋਣੀ ਲਾਜ਼ਮੀ ਹੈ, ਉਨ੍ਹਾਂ ਵਿਚ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ, ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ 4 ਦਿਨਾਂ ਤੱਕ ਹੋਈ ਜੰਗ ਤੋਂ ਬਾਅਦ ਜੰਗਬੰਦੀ ਸੰਬੰਧੀ ਕੀਤੀਆਂ ਗਈਆਂ ਟਿੱਪਣੀਆਂ ਅਤੇ ਨਵੰਬਰ ਵਿਚ ਹੋ ਰਹੀਆਂ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਵਿਚ ਸੋਧ ਕਰਨ ਦੀ ਆਰੰਭੀ ਗਈ ਪ੍ਰਕਿਰਿਆ ਆਦਿ ਦੇ ਚਰਚਿਤ ਵਿਸ਼ੇ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਸਾਲ ਮਾਰਚ ਦੇ ਮਹੀਨੇ ਵਿਚ ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੇ ਸਰਕਾਰੀ ਘਰ ਵਿਚ ਲੱਗੀ ਅੱਗ ਤੋਂ ਬਾਅਦ ਵੱਡੀ ਮਾਤਰਾ ਵਿਚ ਮਿਲੀਆਂ ਸੜੇ ਹੋਏ ਨੋਟਾਂ ਦੀਆਂ ਗੱਠੀਆਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਜਸਟਿਸ ਵਰਮਾ 'ਤੇ ਸੰਸਦ ਵਲੋਂ ਮਹਾਂਅਭਿਯੋਗ ਅਧੀਨ ਕਾਰਵਾਈ ਕਰਨ ਲਈ ਵੀ ਪੂਰੀ ਤਿਆਰੀ ਕਰ ਲਈ ਗਈ ਹੈ, ਪਰ ਪਹਿਲੇ ਦਿਨ ਹੀ ਸੰਸਦ ਵਿਚ ਰੌਲਾ ਪੈਣ ਅਤੇ ਹੰਗਾਮੇ ਹੋਣ ਦੀ ਗੱਲ ਸਮਝ ਤੋਂ ਬਾਹਰ ਜ਼ਰੂਰ ਹੈ। ਕਾਂਗਰਸ ਅਤੇ ਵਿਰੋਧੀ ਪਾਰਟੀਆਂ ਇਸ ਲਈ ਬਜ਼ਿੱਦ ਨਜ਼ਰ ਆਈਆਂ ਕਿ ਪਹਿਲਗਾਮ ਦੇ ਘਟਨਾਕ੍ਰਮ ਅਤੇ 'ਆਪ੍ਰੇਸ਼ਨ ਸੰਧੂਰ' ਆਦਿ ਸੰਬੰਧੀ ਤੁਰੰਤ ਚਰਚਾ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਪ੍ਰਸ਼ਨਕਾਲ ਤੋਂ ਬਾਅਦ ਉਹ ਸਾਰੇ ਵਿਸ਼ਿਆਂ 'ਤੇ ਚਰਚਾ ਕਰਵਾਉਣ ਲਈ ਤਿਆਰ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਹ ਕਿਹਾ ਸੀ ਕਿ ਉਹ ਸਾਰੇ ਮੈਂਬਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਦੇਸ਼ ਦੀ ਰੱਖਿਆ ਸੰਬੰਧੀ ਉਹ ਜਿਸ ਵੀ ਵਿਸ਼ੇ 'ਤੇ ਅਤੇ ਜਿੰਨੀ ਲੰਮੀ ਚਰਚਾ ਚਾਹੁੰਦੇ ਹਨ, ਉਹ ਲੋਕ ਸਭਾ ਦੇ ਸਪੀਕਰ ਦੇ ਫ਼ੈਸਲੇ ਤੋਂ ਬਾਅਦ ਉਸ ਲਈ ਪੂਰੀ ਤਰ੍ਹਾਂ ਤਿਆਰ ਹਨ। ਸੰਸਦੀ ਮੰਤਰੀ ਕਿਰਨ ਰਿਜਿਜੂ ਨੇ ਵੀ ਇਹ ਕਿਹਾ ਸੀ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਬੈਠਕ ਵਿਚ ਵਿਰੋਧੀ ਪ੍ਰਤੀਨਿਧ ਜਿਸ ਵਿਸ਼ੇ 'ਤੇ ਵੀ ਚਰਚਾ ਚਾਹੁੰਦੇ ਹਨ, ਉਨ੍ਹਾਂ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਚਰਚਾ ਕਰਵਾਉਣ ਲਈ ਤਿਆਰ ਹੈ ਅਤੇ ਉਸ ਵਿਚ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ ਜਾਏਗਾ। ਰਾਜ ਸਭਾ ਵਿਚ ਵੀ ਪਹਿਲੇ ਦਿਨ ਇਸੇ ਤਰਜ਼ 'ਤੇ ਹੀ ਗੱਲਬਾਤ ਹੋਈ। ਵਿਰੋਧੀ ਧਿਰ ਦੇ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਅੱਤਵਾਦੀ ਹਮਲਾ ਹੋਇਆ ਸੀ, ਹੁਣ ਤੱਕ ਨਾ ਤਾਂ ਉਸ ਦੇ ਦੋਸ਼ੀ ਫੜੇ ਗਏ ਹਨ ਅਤੇ ਨਾ ਹੀ ਮਾਰੇ ਗਏ ਹਨ। ਇਹ ਵੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਬਾਰੇ ਅਮਰੀਕੀ ਰਾਸ਼ਟਰਪਤੀ ਨੇ 24 ਵਾਰ ਟਿੱਪਣੀਆਂ ਕੀਤੀਆਂ ਹਨ, ਜੋ ਟਿੱਪਣੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਸੰਬੰਧੀ ਵੀ ਵਿਸਥਾਰ ਵਿਚ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ।
ਅਸੀਂ ਸਮਝਦੇ ਹਾਂ ਕਿ ਜਦੋਂ ਸੈਸ਼ਨ ਤੋਂ ਪਹਿਲਾਂ ਇਸ ਗੱਲ 'ਤੇ ਪੂਰੀ ਸਹਿਮਤੀ ਬਣ ਗਈ ਸੀ ਕਿ ਦਰਪੇਸ਼ ਮਹੱਤਵਪੂਰਨ ਵਿਸ਼ਿਆਂ 'ਤੇ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਨਾਲ ਵਿਸਥਾਰਤ ਚਰਚਾ ਹੋਵੇਗੀ, ਤਾਂ ਪਹਿਲੇ ਹੀ ਦਿਨ ਸੰਸਦ ਦੇ ਦੋਵਾਂ ਸਦਨਾਂ ਵਿਚ ਅਜਿਹਾ ਹੰਗਾਮਾ ਕਿਉਂ ਖੜ੍ਹਾ ਕੀਤਾ ਗਿਆ? ਇਸ ਤੋਂ ਤਾਂ ਇਹੀ ਲਗਦਾ ਹੈ ਕਿ ਆਉਂਦੇ ਦਿਨਾਂ ਵਿਚ ਵੀ ਕਿਸੇ ਨਾ ਕਿਸੇ ਗੱਲ 'ਤੇ ਪਹਿਲਾਂ ਵਾਂਗ ਹੀ ਅਜਿਹੇ ਹੰਗਾਮੇ ਕਰ ਕੇ ਸੰਸਦ ਦਾ ਸਮਾਂ ਬਰਬਾਦ ਕੀਤਾ ਜਾਂਦਾ ਰਹੇਗਾ। ਇਸ ਲਈ ਸਰਕਾਰ ਸਮੇਤ ਸਾਰੀਆਂ ਵਿਰੋਧੀ ਧਿਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸੰਸਦ ਵਿਚ ਪਹਿਲਾਂ ਬਣੀ ਸਹਿਮਤੀ ਮੁਤਾਬਿਕ ਆਪੋ-ਆਪਣੇ ਵਿਚਾਰ ਪੇਸ਼ ਕਰਨ ਨੂੰ ਤਰਜੀਹ ਦੇਣ। ਬੇਲੋੜਾ ਖੜ੍ਹਾ ਕੀਤਾ ਗਿਆ ਹੰਗਾਮਾ ਕਿਸੇ ਵੀ ਤਰ੍ਹਾਂ ਸਾਰਥਕ ਨਹੀਂ ਹੋਵੇਗਾ ਅਤੇ ਅਜਿਹਾ ਦੇਸ਼ ਦੇ ਲੋਕਾਂ ਵਿਚ ਨਿਰਾਸ਼ਾ ਪੈਦਾ ਕਰਨ ਦਾ ਹੀ ਕਾਰਨ ਬਣੇਗਾ।
-ਬਰਜਿੰਦਰ ਸਿੰਘ ਹਮਦਰਦ