ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ ਚੋਣਾਂ ਨੇੜੇ ਆਉਣ ਨਾਲ ਚੋਣ ਕਮਿਸ਼ਨ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਪਿਛਲੇ ਕਾਫ਼ੀ ਸਮੇਂ ਤੋਂ ਸੂਬੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਸਿਲਸਿਲਾ ਚੱਲ ਰਿਹਾ ਸੀ, ਸੰਬੰਧਿਤ ਅਫ਼ਸਰਾਂ ਨੇ ਇਸ ਨੂੰ ਠੀਕ ਢੰਗ ਨਾਲ ਸਿਰੇ ਚੜ੍ਹਾਉਣ ਵਲ ਕਾਫ਼ੀ ਧਿਆਨ ਦਿੱਤਾ ਹੈ | ਲਗਾਤਾਰ ਇਸ ਅਮਲ ਦੀ ਸਮੀਖਿਆ ਵੀ ਕੀਤੀ ਜਾਂਦੀ ਰਹੀ ਹੈ | ਵੋਟਰ ਸੂਚੀਆਂ ਤਿਆਰ ਹੋਣ ਤੋਂ ਬਾਅਦ ਸੰਬੰਧਿਤ ਪਾਰਟੀਆਂ ਨੂੰ ਇਸ ਦੇ ਖਰੜੇ ਵੀ ਦਿੱਤੇ ਗਏ ਸਨ ਤਾਂ ਜੋ ਉਨ੍ਹਾਂ ਤੋਂ ਇਤਰਾਜ਼ ਲਏ ਜਾ ਸਕਣ | ਚੋਣਾਂ ਦੇ ਮੱਦੇਨਜ਼ਰ ਇਕ ਵਾਰ ਫਿਰ ਇਸ ਸੰਬੰਧੀ ਸਾਰੇ ਪੋਲਿੰਗ ਬੂਥਾਂ 'ਤੇ 22 ਨਵੰਬਰ ਨੂੰ ਪੰਜਾਬ ਭਰ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਵੋਟਰ ਆਪਣੀਆਂ ਵੋਟਾਂ ਸੰਬੰਧੀ ਸ਼ਿਕਾਇਤਾਂ ਦੂਰ ਕਰਵਾ ਸਕਣ 'ਤੇ ਆਪਣੀਆਂ ਵੋਟਾਂ ਦੀ ਪੜਤਾਲ ਵੀ ਕਰ ਸਕਣ |
ਇਹ ਵੀ ਕਿ ਜਿਹੜੇ ਵੋਟਰ ਇਸ ਸਾਲ 1 ਜਨਵਰੀ ਤੱਕ 18 ਸਾਲ ਦੀ ਉਮਰ ਦੇ ਹੋ ਜਾਣਗੇ, ਉਹ ਅਗਾਮੀ ਤੌਰ 'ਤੇ ਫਾਰਮ 6 ਭਰ ਕੇ ਆਪਣੀ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ | ਪਿਛਲੇ ਮਹੀਨਿਆਂ ਦੌਰਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਅਮਲ ਦੌਰਾਨ ਜਿਹੜੇ ਵੋਟਰਾਂ ਦੇ ਨਾਂਅ ਕਿਸੇ ਕਾਰਨ ਵੋਟਰ ਸੂਚੀ ਵਿਚ ਸ਼ਾਮਿਲ ਹੋਣ ਤੋਂ ਰਹਿ ਗਏ ਹਨ, ਉਹ ਵੀ ਨਵੇਂ ਸਿਰੇ ਤੋਂ ਫਾਰਮ 6 ਭਰ ਕੇ ਮੁੜ ਤੋਂ ਆਪਣਾ ਵੋਟ ਬਣਵਾ ਸਕਦੇ ਹਨ | ਭਾਵੇਂ ਫਾਰਮ 6 ਨਵੇਂ ਵੋਟਰਾਂ ਲਈ ਹੁੰਦਾ ਹੈ, ਪਰ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇ ਪੁਰਾਣੇ ਵੋਟ ਬਣਨ ਤੋਂ ਰਹਿ ਗਏ ਵੋਟਰ ਵੀ ਇਹ ਫਾਰਮ ਭਰਦੇ ਹਨ ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਵੇਗੀ | 4 ਜਨਵਰੀ, 2027 ਤੱਕ ਹਰ ਪੱਖ ਤੋਂ ਮੁਕੰਮਲ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਣਗੀਆਂ | ਇਸ ਦੇ ਨਾਲ-ਨਾਲ ਆਉਂਦੇ ਦਿਨਾਂ ਵਿਚ ਬਣ ਰਹੇ ਚੁਣਾਵੀ ਮਾਹੌਲ ਨੂੰ ਦੇਖਦਿਆਂ ਸੁਰੱਖਿਆ ਪੱਖ ਤੋਂ ਵੀ ਤਿਆਰੀਆਂ ਕੀਤੇ ਜਾਣ ਦੀ ਜ਼ਰੂਰਤ ਹੈ | ਇਸ ਸੰਦਰਭ ਵਿਚ ਹੀ ਪਿਛਲੇ ਦਿਨੀਂ ਪੰਜਾਬ ਪੁਲਿਸ, ਗੁਆਂਢੀ ਰਾਜਾਂ ਦੇ ਪੁਲਿਸ ਅਧਿਕਾਰੀਆਂ ਅਤੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਵਿਚਕਾਰ ਹੋਈ ਮੀਟਿੰਗ ਨੂੰ ਦੇਖਿਆ ਜਾ ਸਕਦਾ ਹੈ | ਅਗਾਮੀ ਤੌਰ 'ਤੇ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਕੋਈ ਅਣਚਾਹੇ ਅਨਸਰ ਇਸ ਕੰਮ ਵਿਚ ਵਿਘਨ ਨਾ ਪਾ ਸਕਣ | ਇਸ ਦੇ ਨਾਲ-ਨਾਲ ਹੋਰ ਸੰਵੇਦਨਸ਼ੀਲ ਮੁੱਦਿਆਂ ਸੰਬੰਧੀ ਵੀ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ | ਇਸ ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਅੰਤਰਰਾਜੀ ਸਾਂਝੀ ਰਣਨੀਤੀ ਬਣਾਈ ਜਾਣੀ ਵੀ ਬੇਹੱਦ ਜ਼ਰੂਰੀ ਹੈ | ਚੋਣ ਤਿਆਰੀਆਂ ਵਿਚ ਇਸ ਗੱਲ 'ਤੇ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ, ਕਿ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਤੇ ਹੋਰ ਸਮਾਜ ਵਿਰੋਧੀ ਅਨਸਰ ਇਸ ਸਥਿਤੀ ਦਾ ਕੋਈ ਨਾਜਾਇਜ਼ ਲਾਭ ਨਾ ਉਠਾ ਸਕਣ | ਵੱਖ-ਵੱਖ ਸਿਆਸੀ ਪਾਰਟੀਆਂ ਵਿਚਕਾਰ ਇਕ-ਦੂਸਰੇ ਵਿਰੁੱਧ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ, ਉਸ ਤੋਂ ਵੀ ਕਈ ਤਰ੍ਹਾਂ ਦੇ ਟਕਰਾਅ ਪੈਦਾ ਹੋਣ ਦਾ ਖ਼ਦਸ਼ਾ ਨਜ਼ਰ ਆਉਂਦਾ ਹੈ | ਇਸ ਸੰਬੰਧੀ ਚੋਣ ਕਮਿਸ਼ਨ, ਸਿਆਸੀ ਪਾਰਟੀਆਂ ਅਤੇ ਪ੍ਰਸ਼ਾਸਨ ਨੂੰ ਵੀ ਆਪਸ ਵਿਚ ਲਗਾਤਾਰ ਮੀਟਿੰਗਾਂ ਕਰ ਕੇ ਮਾਹੌਲ ਨੂੰ ਬਿਹਤਰ ਬਣਾਈ ਰੱਖਣ ਲਈ ਪ੍ਰਭਾਵੀ ਕਦਮ ਉਠਾਉਣ ਦੀ ਜ਼ਰੂਰਤ ਹੋਵੇਗੀ |
ਇਹ ਤਦੇ ਹੀ ਸੰਭਵ ਹੋ ਸਕੇਗਾ ਜੇਕਰ ਚੋਣ ਕਮਿਸ਼ਨ ਨਿਰਪੱਖਤਾ ਨਾਲ ਚੋਣਾਂ ਕਰਵਾਉਣ ਲਈ ਸਾਰੀਆਂ ਹੀ ਧਿਰਾਂ ਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਆਉਣ ਵਾਲੇ ਸਮੇਂ ਵਿਚ ਅਗਾਮੀ ਤੌਰ 'ਤੇ ਹੀ ਕੋਈ ਚੰਗੀ ਯੋਜਨਾਬੰਦੀ ਕਰਨ ਵਿਚ ਕਾਮਯਾਬ ਹੋ ਸਕੇ | ਪ੍ਰਸ਼ਾਸਨ ਨੂੰ ਵੀ ਇਸ ਮਾਹੌਲ ਵਿਚ ਬੇਹੱਦ ਸੁਚੇਤ ਰੂਪ ਵਿਚ ਤਵਾਜ਼ਨ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ | ਚੋਣਾਂ ਨੂੰ ਸਹੀ ਢੰਗ ਨਾਲ ਸਿਰੇ ਚੜ੍ਹਾਉਣਾ, ਜਿੱਥੇ ਸਾਰਿਆਂ ਦਾ ਫਰਜ਼ ਬਣਦਾ ਹੈ, ਉੱਥੇ ਇਸ ਨਾਲ ਲੋਕਤੰਤਰੀ ਪ੍ਰਕਿਰਿਆ ਨੂੰ ਵੀ ਵਧੇਰੇ ਮਜ਼ਬੂਤੀ ਮਿਲੇਗੀ |
-ਬਰਜਿੰਦਰ ਸਿੰਘ ਹਮਦਰਦ