ਸਹੀ ਇਲਾਜ ਨਾ ਕਰਵਾਉਣ ਲਈ ਮੈਂ ਹਮੇਸ਼ਾ ਮਰੀਜ਼ ਨੂੰ ਨਹੀਂ, ਮਰੀਜ਼ ਦੇ ਘਰ ਵਾਲਿਆਂ ਨੂੰ ਹੀ ਜ਼ਿੰਮੇਵਾਰ ਸਮਝਦਾ ਹਾਂ
ਮੇਰੇ ਕੋਲ ਪਿਛਲੇ ਦਿਨੀਂ ਇਕ ਘਰ ਵਾਲੇ ਆਪਣੇ ਮਰੀਜ਼ ਨੂੰ ਨਸ਼ਿਆਂ ਦੇ ਇਲਾਜ ਲਈ ਲੈ ਕੇ ਆਏ। ਮਰੀਜ਼ ਦੀ ਬਿਮਾਰੀ ਕਾਫੀ ਵਧੀ ਹੋਈ ਸੀ। ਇਲਾਜ ਵਿਚ ਹੋਰ ਦੇਰੀ ਉਸਦੀ ਜਾਨ ਲੈ ਸਕਦੀ ਸੀ। ਘਰ ਵਾਲਿਆਂ ਨੇ ਪਹਿਲਾਂ ਵੀ ਕਈ ਇਲਾਜ ਕਰਵਾਏ ਪਰ ਮਰੀਜ਼ ਠੀਕ ਨਹੀਂ ਹੋ ਸਕਿਆ। ਕਾਰਨ ਇਹ ਸੀ ਕਿ ਘਰ ਵਾਲਿਆਂ ਨੂੰ ਨਾ ਤਾਂ ਬਿਮਾਰੀ ਬਾਰੇ ਤੇ ਨਾ ਹੀ ਸਹੀ ਇਲਾਜ ਬਾਰੇ ਸਮਝ ਸੀ।
ਸਹੀ ਇਲਾਜ ਨਾ ਕਰਵਾਉਣ ਲਈ ਮੈਂ ਕਦੇ ਵੀ ਮਰੀਜ਼ ਨੂੰ ਨਹੀਂ ਮਰੀਜ਼ ਦੇ ਘਰ ਵਾਲਿਆਂ ਨੂੰ ਹੀ ਜ਼ਿੰਮੇਵਾਰ ਸਮਝਦਾ ਹਾਂ। ਮਰੀਜ਼ ਦਿਮਾਗੀ ਤੌਰ 'ਤੇ ਬਿਮਾਰ ਹੁੰਦਾ ਹੈ ਤੇ ਉਸਨੂੰ ਕੁਝ ਵੀ ਪਤਾ ਨਹੀਂ ਹੁੰਦਾ। ਉਸਨੂੰ ਜਿਸ ਇਲਾਜ ਕੇਂਦਰ ਡਾਕਟਰ ਕੋਲ ਲੈ ਜਾਓ ਉਸਨੇ ਤਾਂ ਚਲੇ ਹੀ ਜਾਣਾ ਹੈ। ਇਹ ਤਾਂ ਘਰ ਵਾਲਿਆਂ ਦਾ ਫਰਜ਼ ਹੈ ਕਿ ਉਹ ਮਰੀਜ਼ ਨੂੰ ਸਹੀ ਡਾਕਟਰ ਤੇ ਸਹੀ ਇਲਾਜ ਕੇਂਦਰ ਲੈ ਕੇ ਜਾਣ।
ਸਭ ਤੋਂ ਪਹਿਲਾਂ ਘਰ ਵਾਲੇ ਬਿਮਾਰੀ ਤੇ ਸਹੀ ਇਲਾਜ ਨੂੰ ਸਮਝਣ
ਘਰ ਵਾਲੇ ਪਹਿਲਾਂ ਇਹ ਸਮਝਣ ਕਿ ਇਹ ਇਕ ਦਿਮਾਗ ਦੀ ਬਿਮਾਰੀ ਹੈ ਤੇ ਦਿਮਾਗ ਦੇ ਇਲਾਜ ਨਾਲ ਹੀ ਠੀਕ ਹੋਣੀ ਹੈ। ਨਸ਼ਿਆਂ ਕਾਰਨ ਦਿਮਾਗ ਦੇ ਤਿੰਨ ਮਹੱਤਵਪੂਰਨ ਹਿੱਸੇ ਨੁਕਸਾਨੇ ਜਾਂਦੇ ਹਨ। ਪ੍ਰੀਫਰੰਟਲ ਕੌਰਟੈਕਸ ਹਿੱਸਾ ਸਮਝ-ਸ਼ਕਤੀ ਵਾਲਾ ਹਿੱਸਾ ਹੈ ਇਹ ਹਿੱਸਾ ਸੁੰਨ ਹੋਣ ਕਾਰਨ ਮਰੀਜ਼ ਦੀ ਸਮਝ-ਸ਼ਕਤੀ ਗਵਾਚ ਜਾਂਦੀ ਹੈ। ਹਿਪੋਕੈਂਪਸ ਹਿੱਸਾ ਸੋਚਾਂ ਵਾਲਾ ਹਿੱਸਾ ਹੈ। ਇਹ ਹਿੱਸਾ ਸੁੰਨ ਹੋਣ ਕਾਰਨ ਮਰੀਜ਼ ਦੇ ਦਿਮਾਗ ਵਿਚ ਹਰ ਸਮੇਂ ਨਸ਼ਾ ਲੈਣ ਦੀ ਸੋਚ ਚੱਲਦੀ ਰਹਿੰਦੀ ਹੈ। ਅਮੈਗਡੇਲਾ ਹਿੱਸਾ ਬੇਚੈਨੀ ਤੋਂ ਬਚਾਉਣ ਵਾਲਾ ਹਿੱਸਾ ਹੈ ਇਹ ਹਿੱਸਾ ਸੁੰਨ ਹੋਣ ਕਾਰਨ ਮਰੀਜ਼ ਹਮੇਸ਼ਾ ਨਸ਼ਾ ਕਰਨ ਲਈ ਬੇਚੈਨ ਰਹਿੰਦਾ ਹੈ। ਮਰੀਜ਼ ਉਦੋਂ ਤੱਕ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡਦਾ ਜਿੰਨਾ ਚਿਰ ਤੱਕ ਇਨ੍ਹਾਂ ਤਿੰਨਾਂ ਹਿੱਸਿਆਂ ਦਾ ਇਲਾਜ ਨਹੀਂ ਹੁੰਦਾ। ਇਸ ਵਾਸਤੇ ਸਾਇੰਟਿਫਿਕ ਇਲਾਜ ਦੀ ਲੋੜ ਹੁੰਦੀ ਹੈ।
ਇਲਾਜ ਕਰਨ ਵਾਲਾ ਡਾਕਟਰ ਕਿਹੋ ਜਿਹਾ ਹੋਵੇ?
1. ਇਲਾਜ ਤੋਂ ਪਹਿਲਾਂ ਡਾਕਟਰ ਦੀ ਸ਼ਖ਼ਸੀਅਤ ਤੇ ਉਸਦੇ ਵਕਾਰ ਬਾਰੇ ਜਾਣਨਾ ਜ਼ਰੂਰੀ ਹੈ।
2. ਡਾਕਟਰ ਦੀ ਯੋਗਤਾ ਇਲਾਜ ਦੇ ਤਜਰਬੇ (ਭਾਵ ਹੁਣ ਤੱਕ ਡਾਕਟਰ ਕੋਲੋਂ ਕਿੰਨੇ ਮਰੀਜ਼ ਠੀਕ ਹੋ ਚੁੱਕੇ ਹਨ ਤੇ ਉਹ ਕਿੰਨੇ ਚਿਰ ਤੋਂ ਨਸ਼ਾ ਨਹੀਂ ਲੈ ਰਹੇੇ) ਬਾਰੇ ਜਾਣਨਾ ਜ਼ਰੂਰੀ ਹੈ।
3. ਡਾਕਟਰ ਮਰੀਜ਼ਾਂ ਤੇ ਉਹਨਾਂ ਦੇ ਘਰ ਵਾਲਿਆਂ ਪ੍ਰਤੀ ਸੱਚੀ ਸ਼ਰਧਾ ਰੱਖਦਾ ਹੋਵੇ ਕਿਉਂਕਿ ਡਾਕਟਰ ਦੇ ਇਹੋ ਜਿਹੇ ਵਿਹਾਰ ਨਾਲ ਮਰੀਜ਼ ਤੇ ਉਸਦੇ ਘਰ ਵਾਲਿਆਂ ਨੂੰ ਹੌਸਲਾ ਮਿਲਦਾ ਹੈ ਕਿ ਡਾਕਟਰ ਦੇ ਹੁੰਦਿਆਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ।
ਇਲਾਜ ਕੇਂਦਰ ਕਿਹੋ ਜਿਹਾ ਹੋਵੇ?
ਇਲਾਜ ਕੇਂਦਰ ਵਿਖੇ ਨਸ਼ਿਆਂ ਦੇ ਇਲਾਜ ਲਈ ਨਵੀਨਤਮ ਸਹੂਲਤਾਂ ਹੋਣੀਆਂ ਜਿਵੇਂ ਦਿਮਾਗ ਦੇ ਇਲਾਜ ਲਈ ਸਾਰੇ ਟੈਸਟਾਂ ਨਵੀਨਤਮ ਦਵਾਈਆਂ ਥੈਰੇਪੀਜ਼ ਪਰਿਵਾਰ ਨਾਲ ਗੱਲਬਾਤ (ਫੈਮਿਲੀ ਕਾਊਂਸਲਿੰਗ) ਦੀ ਸਹੂਲਤ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਾਉਣ ਦੀ ਸਹੂਲਤ ਰੀਹੈਬਿਲੀਟੇਸ਼ਨ (ਪੁਨਰ ਵਸੇਬਾ) ਦੀ ਸਹੂਲਤ ਤੇ ਸਟਾਫ ਬੇਹੱਦ ਮਿਲਾਪੜਾ ਹੋਵੇ।
ਘਰ ਵਾਲਿਆਂ ਨਾਲ ਗੱਲਬਾਤ (ਕਾਊਂਸਲਿੰਗ) ਦੀ ਸਹੂਲਤ ਹੋਣੀ ਜ਼ਰੂਰੀ ਕਿਉਂ?
ਫੈਮਿਲੀ ਕਾਊਂਸਲਿੰਗ ਦੁਆਰਾ ਮਨੋਵਿਗਿਆਨੀਆਂ ਕੋਲੋਂ ਘਰ ਵਾਲਿਆਂ ਨੂੰ ਮਰੀਜ਼ ਨਾਲ ਠੀਕ ਵਿਹਾਰ ਰੱਖਣ ਲਈ ਤਰੀਕੇ ਸਿੱਖਣੇ ਜ਼ਰੂਰੀ ਹੁੰਦੇ ਹਨ। ਅਸਲ ਵਿਚ ਇਹ ਤਰੀਕੇ ਮਰੀਜ਼ ਨੂੰ ਇਲਾਜ ਦੌਰਾਨ ਤੇ ਇਲਾਜ ਤੋਂ ਬਾਅਦ ਠੀਕ ਰਹਿਣ ਘਰ ਦਾ ਮਾਹੌਲ ਠੀਕ ਰੱਖਣ ਲਈ ਜ਼ਰੂਰੀ ਹੁੰਦੇ ਹਨ।
ਰੀਹੈਬਿਲੀਟੇਸ਼ਨ (ਪੁਨਰ ਵਸੇਬਾ) ਦੀ ਸਹੂਲਤ ਹੋਣੀ ਜ਼ਰੂਰੀ ਕਿਉਂ?
ਇਲਾਜ ਤੋਂ ਬਾਅਦ ਰੀਹੈਬਿਲੀਟੇਸ਼ਨ ਵਿਚ ਰਹਿ ਕੇ ਇਹ ਸਿੱਖਣਾ ਜ਼ਰੂਰੀ ਹੈ ਕਿ ਉਸਨੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਕਿਵੇਂ ਭੁਲਾ ਕੇ ਆਪਣੇ ਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਵਾਲੀ ਜ਼ਿੰਦਗੀ ਜਿਊਣੀ ਹੈ।
ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣਾ ਜ਼ਰੂਰੀ ਕਿਉਂ?
ਮਰੀਜ਼ ਦੇ ਘਰ ਵਾਲਿਆਂ ਵਲੋਂ ਇਲਾਜ ਕੇਂਦਰ ਵਿਖੇ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਦੋ ਫਾਇਦੇ ਹੁੰਦੇ ਹਨ:
1. ਪਹਿਲਾ ਫਾਇਦਾ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਉਹਨਾਂ ਨੇ ਆਪਣੇ ਮਰੀਜ਼ ਦੀ ਠੀਕ ਹੋਣ ਵਿਚ ਕਿਵੇਂ ਮਦਦ ਕੀਤੀ।
2. ਦੂਸਰਾ ਫਾਇਦਾ ਡਾਕਟਰ ਤੇ ਉਸ ਦੇ ਇਲਾਜ ਕੇਂਦਰ ਦੀ ਵਿਸ਼ਵਾਸ ਯੋਗਤਾ ਦਾ ਪੂਰਾ ਪਤਾ ਲੱਗ ਜਾਂਦਾ ਹੈ।
ਨਸ਼ਿਆਂ ਦੇ ਸਾਇੰਟਿਫਿਕ ਇਲਾਜ ਦੀ ਸਹੂਲਤ ਕਿਹੋ ਜਿਹੀ ਹੋਵੇ?
ਸਾਇੰਟਿਫਿਕ ਇਲਾਜ ਦੁਆਰਾ ਸਭ ਤੋਂ ਪਹਿਲਾਂ ਮਰੀਜ਼ ਦੇ ਸਰੀਰ ਤੇ ਦਿਮਾਗ ਨੂੰ ਨਸ਼ਾ-ਰਹਿਤ (ਡੀਟੌਕਸ) ਕਰਨਾ ਜ਼ਰੂਰੀ ਹੁੰਦਾ ਹੈ। ਬਾਅਦ ਵਿਚ ਵਿਸ਼ੇਸ਼ ਦਵਾਈਆਂ ਤੇ ਵਿਸ਼ੇਸ਼ ਥੈਰੇਪੀਜ਼ ਜਿਵੇਂ ਆਰ. ਟੀ. ਐੱਮ. ਐੱਸ. ਥੈਰੇਪੀ (ਰੈਪੀਟੇਟਿਵ ਟ੍ਰਾਂਸਕਰੇਨੀਅਲ ਮੈਗਨੇਟਿਕ ਸਟਿਮੂਲੇਸ਼ਨ) ਰਾਹੀਂ ਬਿਮਾਰੀ ਕਾਰਨ ਸੁੰਨ ਹੋਏ ਦਿਮਾਗ ਦੇ ਹਿੱਸਿਆਂ ਹਿਪੋਕੈਂਪਸ (ਸੋਚਾਂ ਵਾਲਾ ਹਿੱਸਾ) ਪ੍ਰੀਫਰੰਟਲ ਕੌਰਟੈੱਕਸ (ਸਮਝ-ਸ਼ਕਤੀ ਵਾਲਾ ਹਿੱਸਾ) ਤੇ ਅਮੈਗਡੇਲਾ (ਬੇਚੈਨੀ ਤੋਂ ਬਚਾਉਣ ਵਾਲਾ ਹਿੱਸਾ) ਦਾ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਜਦ ਦਿਮਾਗ ਦੇ ਇਹ ਹਿੱਸੇ ਠੀਕ ਹੋਣਗੇ ਤਾਂ ਹੀ ਮਰੀਜ਼ ਹਰ ਗੱਲ ਸਮਝੇਗਾ ਉਸਦਾ ਸੁਭਾਅ ਬਦਲੇਗਾ ਉਹ ਆਪਣੇ ਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ/ਨਿਭਾਉਣ ਲੱਗੇਗਾ। ਉਸਦੇ ਅੰਦਰੋਂ ਨਸ਼ਿਆਂ ਦੀਆਂ ਸੋਚਾਂ ਤੇ ਬੇਚੈਨੀ ਖਤਮ ਹੋਵੇਗੀ। ਜਿੰਨਾ ਚਿਰ ਤੱਕ ਦਿਮਾਗ ਦਾ ਇਲਾਜ ਨਹੀਂ ਹੋਵੇਗਾ ਮਰੀਜ਼ ਕਦੇ ਵੀ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕੇਗਾ।
ਘਰ ਵਾਲੇ ਨਸ਼ਿਆਂ ਦੇ ਮਰੀਜ਼ ਦਾ ਸਹੀ ਇਲਾਜ ਕਿਵੇਂ ਕਰਵਾਉਣ?
ਅਜੀਤ ਡੈਸਕ
21-11-2025