ਮਾਨਸਿਕ ਤਣਾਓ ਕੀ ਹੈ? ਇਹ ਪੇਟ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਪੈਦਾ ਕਰਦਾ ਹੈ? ਇਹ ਕਿਉਂ ਹੁੰਦਾ ਹੈ? ਅੱਜਕਲ੍ਹ ਜ਼ਿੰਦਗੀ ਦੀ ਤੇਜ਼ੀ ਕਾਰਨ ਹਰ ਕੋਈ ਇਨਸਾਨ ਥੋੜ੍ਹਾ ਜਾਂ ਬਹੁਤਾ ਚਿੰਤਾਗ੍ਰਸਤ ਜ਼ਰੂਰ ਰਹਿੰਦਾ ਹੈ। ਹਰ ਕੰਮ ਕਰਦੇ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਜੇ ਕਿਸੇ ਨੂੰ ਕੋਈ ਤਕਲੀਫ਼ ਹੋਵੇ ਤਾਂ ਉਸ ਨੂੰ ਉਸ ਸੰਬੰਧੀ ਕਾਫੀ ਚਿੰਤਾ ਹੋ ਜਾਂਦੀ ਹੈ। ਪਰ ਇਹ ਚਿੰਤਾ ਉਸ ਦੀ ਤਕਲੀਫ਼ ਘਟਾਉਣ ਵਿਚ ਕਦੀ ਮਦਦ ਨਹੀਂ ਕਰਦੀ, ਸਗੋਂ ਚਿੰਤਾ ਕਾਰਨ ਉਸ ਦੀ ਤਕਲੀਫ਼ ਹੋਰ ਵਧ ਜਾਂਦੀ ਹੈ। ਪੇਟ ਦੀਆਂ ਤਕਲੀਫ਼ਾਂ ਦਾ ਚਿੰਤਾ ਦੇ ਨਾਲ ਗਹਿਰਾ ਸੰਬੰਧ ਹੈ। ਕੁਝ ਕੁ ਤਕਲੀਫ਼ਾਂ ਦਾ ਕਾਰਨ ਹੀ ਚਿੰਤਾ ਹੈ ਪਰ ਚਿੰਤਾ ਪੇਟ ਦੀਆਂ ਤਕਲੀਫ਼ਾਂ ਨੂੰ ਬਹੁਤ ਵਧਾ ਦਿੰਦੀ ਹੈ। ਕਈ ਵਾਰੀ ਤਾਂ ਮਰੀਜ਼ ਆਪਣੀ ਅਸਲ ਬਿਮਾਰੀ ਛੱਡ ਕੇ ਚਿੰਤਾ ਬਾਰੇ ਹੀ ਦੱਸਦਾ ਹੈ। ਇਥੇ ਅੱਜ ਅਸੀਂ ਉਨ੍ਹਾਂ ਤਕਲੀਫ਼ਾਂ ਬਾਰੇ ਗੱਲ ਕਰਾਂਗੇ, ਜੋ ਕਿ ਚਿੰਤਾ ਕਾਰਨ ਹੋ ਜਾਂਦੀਆਂ ਹਨ।
ਪੇਟ ਗੈਸ ਤੇ ਕਲੇਜੇ 'ਚ ਸਾੜ : ਇਹ ਤਕਲੀਫ਼ ਸਾਡੇ ਵਿਚ ਜ਼ਿਆਦਾ ਮਾਤਰਾ ਵਿਚ ਤੇਜ਼ਾਬੀ ਮਾਦਾ ਨਿਕਲਣ ਕਰਕੇ ਹੁੰਦੀ ਹੈ, ਜੋ ਕਿ ਅੰਤੜੀਆਂ ਦੀ 'ਅੰਦਰਲੀ ਝਿੱਲੀ' ਰਸਤੇ ਅਤੇ ਪੇਟ 'ਚ ਸੋਜ਼ ਕਰ ਦਿੰਦੀ ਹੈ ਤੇ ਹੌਲੀ-ਹੌਲੀ ਝਿੱਲੀ ਸੜ ਵੀ ਜਾਂਦੀ ਹੈ। ਪੇਟ ਗੈਸ ਦਾ ਮੁੱਖ ਕਾਰਨ ਚਿੰਤਾ ਹੈ। ਜਦੋਂ ਅਸੀਂ ਸੋਚਦੇ ਹਾਂ ਤਾਂ ਸਾਡੇ ਸਰੀਰ ਵਿਚ ਅੰਤੜੀਆਂ ਤੇ ਪੇਟ ਵਿਚੋਂ 'ਤੇਜ਼ਾਬੀ ਮਾਦਾ' ਬਹੁਤ ਜ਼ਿਆਦਾ ਨਿਕਲਦਾ ਹੈ ਤੇ ਇਹ ਗੈਸ ਤੇ ਜਲਣ ਪੈਦਾ ਕਰਦਾ ਹੈ। ਜਦੋਂ ਅਸੀਂ ਗੈਸ ਤੋਂ ਪੀੜਤ ਹੁੰਦੇ ਹਾਂ ਤਾਂ ਚਿੰਤਾ ਵਿਚ ਕਾਹਲੀ-ਕਾਹਲੀ ਭੋਜਨ ਕਰਦੇ ਹਾਂ। ਭੋਜਨ ਵੀ ਚੰਗੀ ਤਰ੍ਹਾਂ ਚਬਾ ਕੇ ਨਹੀਂ ਕਰਦੇ ਤੇ ਉਹ ਭੋਜਨ ਜਦ ਅੰਤੜੀਆਂ ਨੂੰ ਲਗਦਾ ਹੈ ਤਾਂ ਸੋਜ਼ ਪੈਦਾ ਕਰਦਾ ਹੈ।
ਕਲੇਜੇ 'ਚ ਸਾੜ : ਜਦੋਂ ਅਸੀਂ ਗਰਮ-ਗਰਮ ਭੋਜਨ ਕਾਹਲੀ-ਕਾਹਲੀ ਖਾਂਦੇ ਹਾਂ ਤਾਂ ਇਕਦਮ ਇਹ ਭੋਜਨ ਸਾਡੇ ਪੇਟ ਵਿਚ ਲਗਦਾ ਹੈ ਤੇ ਸਾੜ ਪੈਦਾ ਕਰਦਾ ਹੈ। ਸਾੜ ਕਰਕੇ ਬਹੁਤ ਤੇਜ਼ ਦਰਦ ਹੁੰਦੀ ਹੈ। ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। ਕਈ ਲੋਕ ਤਾਂ ਇਸ ਦਰਦ ਦਾ ਦਿਲ ਦੀ ਦਰਦ ਨਾਲ ਭੁਲੇਖਾ ਪਾ ਲੈਂਦੇ ਹਨ। ਇਸ ਤਕਲੀਫ਼ ਨੂੰ 'ਹਾਰਟ ਬਰਨ' ਕਿਹਾ ਜਾਂਦਾ ਹੈ ਪਰ ਇਸ ਦਾ ਦਿਲ ਦੀ ਤਕਲੀਫ਼ ਨਾਲ ਕੋਈ ਸੰਬੰਧ ਨਹੀਂ ਹੁੰਦਾ। ਚਿੰਤਾ ਕਰਕੇ ਕਾਹਲੀ-ਕਾਹਲੀ ਬਿਨਾਂ ਚਬਾਇਆਂ ਖਾਣਾ ਨਿਗਲਣ ਕਰਕੇ ਇਹ ਤਕਲੀਫ਼ ਇਕਦਮ ਵਧ ਜਾਂਦੀ ਹੈ।
ਪੇਟ ਵਿਚ ਅਲਸਰ ਜਾਂ ਫੋੜਾ : ਪੇਟ ਵਿਚ ਅਲਸਰ ਦਾ ਮੁੱਖ ਕਾਰਨ ਚਿੰਤਾ ਹੈ। ਚਿੰਤਾ ਵਿਚ ਅਲਸਰ ਦੀ ਤਕਲੀਫ਼ ਵਧ ਜਾਂਦੀ ਹੈ। ਪੇਟ ਵਿਚ ਇਕਦਮ ਤੇਜ਼ ਦਰਦ ਹੁੰਦਾ ਹੈ ਅਤੇ ਨਾਲ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪੇਟ ਵਿਚ ਤੇਜ਼ ਦਰਦ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਇਹ ਦਰਦ ਇਕ-ਦੋ ਘੰਟੇ ਤੱਕ ਘਟ ਜਾਂਦੀ ਹੈ। ਦਰਦ ਧੁੰਨੀ ਕੋਲੋਂ ਸ਼ੁਰੂ ਹੁੰਦੀ ਹੈ ਤੇ ਸਿੱਧੀ ਪਿੱਠ ਵੱਲ ਜਾਂਦੀ ਹੈ।
ਚਿੰਤਾ ਵਿਚ ਸਾਡੀਆਂ ਅੰਤੜੀਆਂ ਤੇਜ਼ ਕੰਮ ਕਰਦੀਆਂ ਹਨ ਤੇ ਤੇਜ਼ਾਬੀ ਮਾਦਾ ਵੀ ਜ਼ਿਆਦਾ ਨਿਕਲਦਾ ਹੈ। ਟੱਟੀਆਂ ਦੇ ਨਾਲ-ਨਾਲ ਕਈ ਵਾਰੀ 'ਖੱਟੇ ਡਕਾਰ' ਵੀ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਇਕਦਮ ਘਬਰਾਹਟ ਹੋ ਜਾਂਦੀ ਹੈ। ਘਬਾਰਹਟ ਕਰਕੇ ਹਲਕੀ-ਹਲਕੀ ਪੇਟ ਦਰਦ ਵੀ ਹੋ ਜਾਂਦੀ ਹੈ। ਜਦੋਂ ਕਿਸੇ ਬੱਸ ਵਿਚ ਸਫਰ ਕਰਨਾ ਹੋਵੇ ਤਾਂ ਕਈਆਂ ਨੂੰ ਫਿਕਰ ਦੇ ਨਾਲ ਹੀ ਸਫਰ ਤੋਂ ਪਹਿਲਾਂ ਇਕ-ਦੋ ਟੱਟੀਆਂ ਜਾਂ ਉਲਟੀਆਂ ਆ ਜਾਂਦੀਆਂ ਹਨ ਤੇ ਫਿਰ ਕਈ ਵਾਰੀ ਹਲਕਾ-ਹਲਕਾ ਪੇਟ ਦਰਦ ਵੀ ਰਹਿੰਦਾ ਹੈ। ਚਿੰਤਾ ਪੇਟ ਦੀ ਦੁਸ਼ਮਣ ਹੈ। ਕਦੇ ਵੀ ਚਿੰਤਾ ਕਰਨ ਨਾਲ ਕੋਈ ਤਕਲੀਫ਼ ਠੀਕ ਨਹੀਂ ਹੁੰਦੀ, ਸਗੋਂ ਚਿੰਤਾ ਕਰਕੇ ਪਹਿਲੀ ਬਿਮਾਰੀ ਤੇ ਤਕਲੀਫ਼ ਵੀ ਵਧ ਜਾਂਦੀ ਹੈ। ਹੌਲੀ-ਹੌਲੀ ਮਰੀਜ਼ਾਂ ਨੂੰ ਵਹਿਮ ਹੋ ਜਾਂਦਾ ਹੈ ਤੇ ਵਹਿਮ ਦਾ ਕੋਈ ਇਲਾਜ ਨਹੀਂ ਹੈ। ਕਈ ਵਾਰੀ ਤਾਂ ਮਰੀਜ਼ ਬਿਮਾਰੀ ਤੋਂ ਬਿਲਕੁਲ ਠੀਕ ਹੋ ਜਾਂਦਾ ਹੈ ਪਰ ਵਹਿਮ ਅਤੇ ਚਿੰਤਾ ਕਰਕੇ ਉਸ ਨੂੰ ਤਸੱਲੀ ਨਹੀਂ ਹੁੰਦੀ। ਉਸ ਨੂੰ ਸਦਾ ਵਹਿਮ ਰਹਿੰਦਾ ਹੈ ਕਿ ਮੈਂ ਹਾਲੇ ਵੀ ਬਿਮਾਰ ਹਾਂ। ਇਸ ਤਰ੍ਹਾਂ ਭੁਲੇਖੇ, ਘਬਰਾਹਟ ਅਤੇ ਚਿੰਤਾ ਵਿਚ ਪੇਟ ਦੀ ਬਿਮਾਰੀ ਵਧ ਜਾਂਦੀ ਹੈ।
ਪੇਟ ਦੀਆਂ ਬਿਮਾਰੀਆਂ ਚਿੰਤਾ : ਪੇਟ ਰੋਗਾਂ ਦਾ ਮੁੱਖ ਕਾਰਨ
ਅਜੀਤ ਡੈਸਕ
21-11-2025