ਜਿਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਸੁਰੱਖਿਅਤ ਰੱਖਣ ਲਈ ਉਸ ਨੂੰ ਬਾਹਰ ਦੀ ਧੂੜ, ਮਿੱਟੀ ਤੇ ਗੰਦਗੀ ਤੋਂ ਬਚਾਉਣ ਲਈ ਕਈ ਉਪਾਅ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਸਰੀਰ ਦੀ ਸੁਰੱਖਿਆ ਲਈ ਵੀ ਕਈ ਉਪਾਅ ਕਰਨੇ ਪੈਂਦੇ ਹਨ | ਸਾਡੇ ਸਰੀਰ ਦੇ ਅੰਦਰ ਹੀ ਉਸ ਦੀ ਹਰ ਤਰ੍ਹਾਂ ਦੀ ਸੁਰੱਖਿਆ ਕਰਨ ਲਈ ਕਈ ਸੁਰੱਖਿਆ ਤੱਤ ਮੌਜੂਦ ਹਨ ਜਿਵੇਂ ਸਫੇਦ ਖੂਨ ਕਣ, ਜੋ ਹਰ ਬਿਮਾਰੀ ਨਾਲ ਲੜਾਈ ਕਰਨ ਵਿਚ ਮਦਦ ਕਰਦੇ ਹਨ | ਇਹ ਸਾਨੂੰ ਸਭ ਤਰ੍ਹਾਂ ਦੇ ਬੈਕਟੀਰੀਆ ਅਤੇ ਜ਼ਹਿਰੀਲੇ ਪਦਾਰਥਾਂ ਅਤੇ ਵਾਈਰਸ ਆਦਿ ਤੋਂ ਬਚਾਉਂਦੇ ਹਨ, ਪਰ ਅੱਜ ਦਾ ਅਤਿ ਪ੍ਰਦੂਸ਼ਣ ਵਾਲਾ ਮਾਹੌਲ ਅਤੇ ਹਵਾ, ਪਾਣੀ ਸਾਡੀ ਇਸ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਖ਼ਰਾਬ ਕਰ ਦਿੰਦਾ ਹੈ | ਇਸ ਨਾਲ ਹੌਲੀ-ਹੌਲੀ ਤੁਹਾਡੀ ਰੋਗ ਪ੍ਰਤੀਰੋਧੀ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਅਤੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ | ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਇਸ ਕਮਜ਼ੋਰੀ ਨੂੰ ਘੱਟ ਕਰੋ ਅਤੇ ਆਪਣੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਫਿਰ ਤੋਂ ਤੰਦਰੁਸਤ ਕਰੋ |

ਤੁਸੀਂ ਇਹ ਸੌਖਿਆਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਸਹੀ ਢੰਗ ਨਾਲ ਖਾਣ-ਪੀਣ ਵੱਲ ਧਿਆਨ ਦਿਓ | ਤੁਸੀਂ ਜਿੰਨਾ ਵੀ ਕੁਦਰਤੀ ਭੋਜਨ ਖਾਓਗੇ, ਓਨੀ ਹੀ ਤੁਹਾਡੀ ਸਿਹਤ ਠੀਕ ਹੋਵੇਗੀ | ਖ਼ਾਸ ਤੌਰ 'ਤੇ ਗਰਮੀਆਂ ਵਿਚ ਤਾਜ਼ੇ ਫਲ, ਜੂਸ ਤੇ ਸਬਜ਼ੀਆਂ ਦੇ ਸਲਾਦ ਤੁਹਾਡੇ ਖੂਨ ਨੂੰ ਵਧਾਉਂਦੇ ਹਨ ਅਤੇ ਇਕ ਤਰ੍ਹਾਂ ਨਾਲ ਤੁਹਾਡੇ ਸਰੀਰ ਨੂੰ ਅੰਦਰ ਤੋਂ ਧੋ ਦਿੰਦੇ ਹਨ ਕਿਉਂਕਿ ਇਨ੍ਹਾਂ ਨਾਲ ਤੁਹਾਡੇ ਸਰੀਰ ਅੰਦਰ ਜ਼ਹਿਰੀਲੇ ਤੱਤ ਘੱਟ ਹੋ ਜਾਂਦੇ ਹਨ | ਵਿਸ਼ਵ ਸਿਹਤ ਸੰਗਠਨ ਅਨੁਸਾਰ ਤੁਹਾਨੂੰ ਰੋਜ਼ਾਨਾ ਪੰਜ ਤਰ੍ਹਾਂ ਦੇ ਫਲ ਤੇ ਕੱਚੀਆਂ ਸਬਜ਼ੀਆਂ ਦਾ ਭੋਜਨ ਲੈਣਾ ਚਾਹੀਦਾ ਹੈ | ਜੋ ਪੌਸ਼ਟਿਕ ਤੱਤ ਕੱਚੇ ਫਲ ਤੇ ਸਬਜ਼ੀਆਂ ਵਿਚ ਹਨ, ਉਹ ਪੱਕੇ ਹੋਏ ਖਾਣੇ ਵਿਚ ਨਹੀਂ ਹਨ | ਜਦੋਂ ਅਸੀਂ ਪੌਸ਼ਟਿਕ ਭੋਜਨ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸ ਉਮਰ ਦੇ ਹਿਸਾਬ ਨਾਲ ਕਿੰਨਾ ਭੋਜਨ ਜ਼ਰੂਰੀ ਹੁੰਦਾ ਹੈ |
ਵਧਦੇ ਬੱਚੇ : ਵਧਦੇ ਬੱਚੇ ਨੂੰ ਜ਼ਿਆਦਾ ਕੈਲੋਰੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਵਿਟਾਮਿਨ, ਮਿਨਰਲਜ਼, ਪ੍ਰੋਟੀਨ ਆਦਿ ਚਾਹੀਦੀ ਹੁੰਦੀ ਹੈ | ਇਨ੍ਹਾਂ ਬੱਚਿਆਂ ਨੂੰ ਜ਼ਿਆਦਾ ਕੈਲਸ਼ੀਅਮ ਚਾਹੀਦਾ ਹੈ ਜੋ ਦੁੱਧ, ਦਹੀਂ ਆਦਿ ਵਿਚ ਹੁੰਦਾ ਹੈ | ਇਸ ਉਮਰ ਵਿਚ ਜੇਕਰ ਤੁਸੀਂ ਕੈਲਸ਼ੀਅਮ, ਮਿਨਰਲ ਅਤੇ ਪ੍ਰੋਟੀਨ ਸਹੀ ਮਾਤਰਾ ਵਿਚ ਲਓ ਤਾਂ ਜ਼ਰੂਰ ਹੀ ਤੁਹਾਡੀ ਸਿਹਤ ਦੀ ਨੀਂਹ ਮਜ਼ਬੂਤ ਹੋਵੇਗੀ |
ਅਲ੍ਹੜ ਉਮਰ : ਇਸ ਉਮਰ ਵਿਚ ਤੁਹਾਡੇ ਸਰੀਰ ਤੋਂ ਕਾਫ਼ੀ ਜ਼ਰੂਰੀ ਤੱਤ ਖ਼ਤਮ ਹੋ ਜਾਂਦੇ ਹਨ, ਖ਼ਾਸ ਤੌਰ 'ਤੇ ਲੜਕੀਆਂ 'ਚ ਮਿਨਰਲਜ਼ ਜਿਵੇਂ ਲੋਹਾ, ਕੈਲਸ਼ੀਅਮ ਅਤੇ ਪੋਟਾਸ਼ੀਅਮ | ਇਹ ਸਭ ਕਾਫ਼ੀ ਮਾਤਰਾ ਵਿਚ ਮਾਸਿਕ ਧਰਮ ਦੇ ਸਮੇਂ ਖ਼ਤਮ ਹੋ ਜਾਂਦੇ ਹਨ, ਇਸੇ ਲਈ ਕੁੜੀਆਂ ਨੂੰ ਇਸ ਉਮਰ ਵਿਚ ਜ਼ਿਆਦਾ ਦੁੱਧ, ਦਹੀਂ, ਮੱਛੀ ਤੇ ਫਲ ਜਿਨ੍ਹਾਂ ਵਿਚ ਲੋਹਾ ਹੋਵੇ ਜਿਵੇਂ ਸੇਬ, ਕੇਲਾ ਅਤੇ ਆਲੂ ਬੁਖਾਰਾ ਆਦਿ ਖਾਣਾ ਚਾਹੀਦਾ ਹੈ |
ਗਰਭ ਅਵਸਥਾ : ਗਰਭ ਅਵਸਥਾ ਵਿਚ ਵੀ ਹਰ ਔਰਤ ਨੂੰ ਲੋਹ ਤੱਤਾਂ ਦੀ ਜ਼ਰੂਰਤ ਪੈਂਦੀ ਹੈ | ਇਸ ਸਮੇਂ ਖ਼ਾਸ ਧਿਆਨ ਰੱਖਿਆ ਜਾਵੇ ਕਿ ਕੈਲਸ਼ੀਅਮ ਅਤੇ ਲੋਹ ਤੱਤਾਂ ਦੀ ਕਮੀ ਨਾ ਹੋਵੇ ਕਿਉਂਕਿ ਇਹ ਪੈਦਾ ਹੋਣ ਵਾਲੇ ਬੱਚੇ ਲਈ ਵੀ ਜ਼ਰੂਰੀ ਹੁੰਦੇ ਹਨ | ਇਸ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਵਿਟਾਮਿਨ ਵਾਲਾ ਭੋਜਨ ਜ਼ਰੂਰ ਲੈਣਾ ਚਾਹੀਦਾ ਹੈ | ਇਸ ਸਮੇਂ ਪਾਲਕ, ਮੱਛੀ, ਦੁੱਧ, ਹਰ ਤਰ੍ਹਾਂ ਦੇ ਫਲ ਤੇ ਹਰੀਆਂ ਸਬਜ਼ੀਆਂ ਦੀ ਜ਼ਰੂਰਤ ਵਧ ਜਾਂਦੀ ਹੈ | ਇਕ ਗਰਭਵਤੀ ਔਰਤ ਨੂੰ ਇਸ ਸਮੇਂ ਬ੍ਰੈੱਡ, ਮੈਦੇ ਵਾਲੇ ਪਦਾਰਥ, ਜ਼ਿਆਦਾ ਮਿੱਠਾ ਆਦਿ ਘੱਟ ਕਰ ਦੇਣਾ ਚਾਹੀਦਾ ਹੈ ਅਤੇ ਫਲ ਤੇ ਸਬਜ਼ੀਆਂ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ |
ਬੁਢਾਪਾ : ਇਹ ਗੱਲ ਸੱਚ ਹੈ ਕਿ ਬੁਢਾਪੇ ਵਿਚ ਤੁਸੀਂ ਘੱਟ ਖਾਣਾ ਖਾਂਦੇ ਹੋ ਪਰ ਇਹ ਧਿਆਨ ਵਿਚ ਰੱਖੋ ਕਿ ਇਸ ਉਮਰ ਵਿਚ ਕੈਲਸ਼ੀਅਮ ਤੇ ਮਿਨਰਲਜ਼ ਅਚਾਨਕ ਘੱਟ ਹੋ ਜਾਂਦੇ ਹਨ | ਬਲੱਡ ਪ੍ਰੈੱਸ਼ਰ ਰੋਕਣ ਵੱਲ ਵੀ ਤੁਹਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ | ਵਿਟਾਮਿਨ 'ਸੀ' ਜੋ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜ਼ਰੂਰ ਲਓ | ਇਹ ਤੁਹਾਨੂੰ ਕਈ ਤਰ੍ਹਾਂ ਦੇ ਫਲਾਂ ਵਿਚੋਂ ਮਿਲ ਜਾਂਦਾ ਹੈ |
ਜ਼ਿਆਦਾ ਘਿਓ ਤੇ ਤੇਲ ਵਾਲਾ ਖਾਣਾ ਨਾ ਖਾਓ | ਆਂਡੇ ਦੀ ਸਫ਼ੇਦੀ ਵੀ ਖਾਓ ਅਤੇ ਹਲਕਾ ਉੱਬਲਿਆ ਹੋਇਆ ਖਾਣਾ ਖਾਓ | ਮਿਨਰਲਜ਼ ਦੀ ਕਮੀ ਨੂੰ ਦੂਰ ਕਰਨ ਲਈ ਉੱਬਲੀ ਹੋਈ ਮੱਛੀ ਬਹੁਤ ਲਾਭਕਾਰੀ ਹੁੰਦੀ ਹੈ | ਜੋ ਵੀ ਕਮੀ ਤੁਹਾਡੇ ਸਰੀਰ ਵਿਚ ਹੈ, ਉਸ ਨੂੰ ਦੂਰ ਕਰਨ ਲਈ ਤੁਹਾਨੂੰ ਪਤਾ ਲਗਾ ਕੇ ਉਸ ਨੂੰ ਫਲ ਤੇ ਸਬਜ਼ੀਆਂ ਤੋਂ ਹੀ ਪੂਰਾ ਕਰਨਾ ਚਾਹੀਦਾ ਹੈ |
ਆਓ ਅਸੀਂ ਤੁਹਾਨੂੰ ਕੁਝ ਭੋਜਨ ਦੱਸਦੇ ਹਾਂ ਅਤੇ ਇਹ ਵੀ ਦੱਸਦੇ ਹਾਂ ਕਿ ਕਿਸ ਭੋਜਨ ਵਿਚ ਕੀ ਪਾਇਆ ਜਾਂਦਾ ਹੈ | ਇਸ ਨਾਲ ਤੁਹਾਨੂੰ ਖਾਣ ਲਈ ਸਹੀ ਭੋਜਨ ਚੁਣਨ ਵਿਚ ਸੌਖ ਹੋਵੇਗੀ |
ਕੈਲਸ਼ੀਅਮ : ਇਹ ਦੁੱਧ, ਮੱਛੀ, ਗੁੜ ਤੇ ਕਈ ਤਰ੍ਹਾਂ ਦੇ ਸਲਾਦ ਦੇ ਪੱਤਿਆਂ ਵਿਚ ਪਾਇਆ ਜਾਂਦਾ ਹੈ |
ਲੋਹ ਤੱਤ : ਆਂਡੇ ਦੇ ਪੀਲੇ ਵਾਲੇ ਹਿੱਸੇ ਵਿਚ ਗੁੜ, ਆਲੂਬੁਖਾਰਾ, ਕੇਲਾ, ਪਾਲਕ ਤੇ ਕਲੇਜੀ ਵਿਚ ਵੀ ਪਾਇਆ ਜਾਂਦਾ ਹੈ |
ਮੈਗਨੀਸ਼ੀਅਮ : ਹਰੇ ਸਲਾਦ ਦੇ ਪੱਤਿਆਂ, ਹਰੀਆਂ ਸਬਜ਼ੀਆਂ, ਦਾਲ ਵਿਚ ਬੀਨਸ, ਮੂੰਗਫਲੀ ਕਾਜੂ ਆਦਿ ਵਿਚ |
ਪੋਟਾਸ਼ੀਅਮ : ਸੁੱਕੇ ਮੇਵੇ, ਖਜੂਰ, ਖੁਰਬਾਨੀ, ਗੁੜ, ਕਿਸ਼ਮਿਸ਼ ਆਦਿ ਵਿਚ ਪਾਇਆ ਜਾਂਦਾ ਹੈ |
ਸੋਡੀਅਮ : ਇਹ ਆਂਡੇ, ਪਾਲਕ, ਬ੍ਰੈੱਡ, ਬੀਨਸ ਅਤੇ ਨਮਕ ਵਿਚ ਪਾਇਆ ਜਾਂਦਾ ਹੈ |