06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬੀਜਾਂ ਨਾਲ ਸੁਆਰੋ ਸਿਹਤ

ਬੀਜਾਂ ਨਾਲ ਸੁਆਰੋ ਸਿਹਤ

ਅਜੀਤ ਡੈਸਕ 06-11-2026


ਚੰਗੀ ਸਿਹਤ ਲਈ ਕੁਝ ਖ਼ਾਸ ਡਾਈਟ ਲੈਣੀ ਪੈਂਦੀ ਹੈ, ਕੁਝ ਸਿਹਤਵਰਧਕ ਚੀਜ਼ਾਂ ਦੀ ਵਰਤੋਂ ਕਰਨੀ ਪੈਂਦੀ ਹੈ | ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਲਾਂ ਅਤੇ ਸਬਜ਼ੀਆਂ ਦੇ ਬੀਜ ਵੀ ਤੁਹਾਡੀ ਸਿਹਤ ਸਵਾਰ ਸਕਦੇ ਹਨ |
ਕੱਦੂ ਦੇ ਬੀਜ : ਕੱਦੂ ਦਾ ਨਾਂਅ ਸੁਣ ਕੇ ਅਕਸਰ ਨਾ ਸਿਰਫ਼ ਬੱਚੇ ਸਗੋਂ ਵੱਡੇ ਵੀ ਮੂੰਹ ਬਣਾ ਲੈਂਦੇ ਹਨ ਪਰ ਕੱਦੂ ਕਿੰਨਾ ਸਿਹਤਮੰਦ ਹੈ, ਇਸ ਦਾ ਅੰਦਾਜ਼ਾ ਵੀ ਤੁਸੀਂ ਨਹੀਂ ਲਗਾ ਸਕਦੇ | ਇਸ ਦੀ ਸਬਜ਼ੀ ਵਿਚ ਤਾਂ ਸਿਹਤ ਦੇ ਗੁਣ ਭਰੇ ਹੁੰਦੇ ਹੀ ਹਨ, ਕੱਦੂ ਦੇ ਬੀਜਾਂ ਵਿਚ ਪੌਸ਼ਟਿਕ ਤੱਤ ਕੁਝ ਘੱਟ ਨਹੀਂ ਹੁੰਦੇ | ਇਹ ਬੀਜ ਵਿਟਾਮਿਨ 'ਬੀ' ਦੇ ਚੰਗੇ ਸਰੋਤ ਹਨ | ਇਸ ਤੋਂ ਇਲਾਵਾ ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਪ੍ਰੋਟੀਨ ਵੀ ਇਸ ਵਿਚ ਹੁੰਦੇ ਹਨ | ਡਾਕਟਰਾਂ ਦਾ ਮੰਨਣਾ ਹੈ ਕਿ ਤਣਾਅ ਅਤੇ ਚਿੰਤਾ ਵਿਕਾਰਾਂ ਨੂੰ  ਦੂਰ ਕਰਨ ਲਈ ਕੱਦੂ ਦੇ ਬੀਜ ਕਾਫ਼ੀ ਲਾਹੇਵੰਦ ਹੁੰਦੇ ਹਨ | ਇਹੀ ਨਹੀਂ ਸਬਜ਼ੀ, ਸੂਪ, ਸਲਾਦ, ਜਿਸ ਵਿਚ ਚਾਹੋ ਅਤੇ ਜਿਵੇਂ ਚਾਹੋ ਇਸ ਨੂੰ  ਤੁਸੀਂ ਖਾ ਸਕਦੇ ਹੋ |
ਹਦਵਾਣੇ ਦੇ ਬੀਜ : ਸਾਡੇ ਵਿਚੋਂ ਭਲਾ ਕੌਣ ਹੈ ਜਿਸ ਨੂੰ  ਮਿੱਠੇ-ਮਿੱਠੇ ਹਦਵਾਣੇ ਖਾਣਾ ਪਸੰਦ ਨਾ ਹੋਵੇ ਪਰ ਅਕਸਰ ਅਸੀਂ ਹਦਵਾਣੇ ਦੇ ਸਵਾਦ ਵਿਚ ਏਨੇ ਡੁੱਬ ਜਾਂਦੇ ਹਾਂ ਕਿ ਉਸ ਦੇ ਬੀਜਾਂ ਨੂੰ  ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਇਨ੍ਹਾਂ ਨੂੰ  ਸੁੱਟ ਦਿੰਦੇ ਹਾਂ ਪਰ ਇਨ੍ਹਾਂ ਬੀਜਾਂ ਵਿਚ ਸਾਡੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਜ਼ਿਆਦਾਤਰ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ | ਹਦਵਾਣੇ ਦੇ ਬੀਜਾਂ ਵਿਚ ਆਇਰਨ, ਪੋਟਾਸ਼ੀਅਮ, ਵਿਟਾਮਿਨ, ਫੈਟਸ ਅਤੇ ਕੈਲੋਰੀ ਹੁੰਦੇ ਹਨ | ਕਈ ਥਾਵਾਂ 'ਤੇ ਤਾਂ ਲੋਕ ਹਦਵਾਣੇ ਦੇ ਬੀਜਾਂ ਨੂੰ  ਧੁੱਪ ਵਿਚ ਸੁਕਾ ਕੇ ਰੱਖ ਲੈਂਦੇ ਹਨ ਅਤੇ ਬਾਅਦ ਵਿਚ ਉਸ ਨੂੰ  ਖਾਂਦੇ ਹਨ, ਇਸ ਲਈ ਅੱਜ ਤੋਂ ਤੁਸੀਂ ਵੀ ਹਦਵਾਣੇ ਦੇ ਬੀਜਾਂ ਨੂੰ  ਸੁੱਟੇ ਨਾ |
ਸੂਰਜਮੁਖੀ ਦੇ ਬੀਜ : ਗਰਭਵਤੀ ਔਰਤ ਨੂੰ  ਸਿਹਤਮੰਦ ਰੱਖਣ ਲਈ ਸੂਰਜਮੁਖੀ ਦੇ ਬੀਜ ਕਾਫ਼ੀ ਅਹਿਮ ਭੂਮਿਕਾ ਨਿਭਾ ਸਕਦੇ ਹਨ | ਇਸ ਤੋਂ ਇਲਾਵਾ ਇਹ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵੀ ਵਧਾਉਂਦੇ ਹਨ | ਇਸ ਵਿਚ ਵਿਟਾਮਿਨ 'ਬੀ'  ਅਤੇ ਵਿਟਾਮਿਨ 'ਈ' ਵੀ ਕਾਫ਼ੀ ਹੁੰਦਾ ਹੈ | ਵਿਟਾਮਿਨ 'ਈ' ਤੁਹਾਡੀਆਂ ਕੋਸ਼ਿਕਾਵਾਂ ਨੂੰ  ਨੁਕਸਾਨ ਤੋਂ ਬਚਾਉਂਦਾ ਹੈ | ਨਾਲ ਹੀ ਚਮੜੀ ਅਤੇ ਵਾਲਾਂ ਨੂੰ  ਸਿਹਤਮੰਦ ਰੱਖਦਾ ਹੈ | ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸੂਰਜਮੁਖੀ ਦੇ ਬੀਜ ਕੈਂਸਰ ਤੋਂ ਬਚਾਉਣ ਵਿਚ ਵੀ ਮਦਦ ਕਰਦੇ ਹਨ | ਇਨ੍ਹਾਂ ਬੀਜਾਂ ਵਿਚ ਪ੍ਰੋਟੀਨ ਵੀ ਕਾਫ਼ੀ ਹੁੰਦੀ ਹੈ, ਨਾਲ ਹੀ ਦਿਲ ਦਾ ਖਿਆਲ ਰੱਖਣ ਦਾ ਕੰਮ ਵੀ ਇਹ ਬੀਜ ਬਾਖ਼ੂਬੀ ਕਰਨਾ ਜਾਣਦੇ ਹਨ |
ਤਿਲ ਦੇ ਬੀਜ : ਮੰਨਿਆ ਜਾਂਦਾ ਹੈ ਕਿ ਤਿਲ ਦਾ ਤੇਲ ਕਦੀ ਖ਼ਰਾਬ ਨਹੀਂ ਹੁੰਦਾ | ਤਿਲ ਵਿਚ ਨਾ ਸਿਰਫ਼ ਮੈਗਨੀਜ਼ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਸਗੋਂ ਇਹ ਵਿਟਾਮਿਨ 'ਬੀ1', 'ਜ਼ਿੰਕ', 'ਡਾਇਟਰੀ ਫਾਈਬਰ, ਆਇਰਨ, ਮੈਗਨੇਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ | ਇਸ ਤੋਂ ਇਲਾਵਾ ਇਸ ਵਿਚ ਸੈਸਾਮਿਨ ਅਤੇ ਸੈਸਾਮੋਲਿਨ ਨਾਂਅ ਦੇ ਦੋ ਵਿਸ਼ੇਸ਼ ਤੱਤ ਹੁੰਦੇ ਹਨ ਜੋ ਕੋਲੈਸਟ੍ਰੋਲ ਦੇ ਪੱਧਰ ਨੂੰ  ਘੱਟ ਕਰਨ ਵਿਚ ਮਦਦ ਕਰਦੇ ਹਨ | ਇਸੇ ਵਜ੍ਹਾ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ 'ਤੇ ਕੰਟਰੋਲ ਹੁੰਦਾ ਹੈ | ਤਿਲ ਲਿਵਰ ਦਾ ਧਿਆਨ ਰੱਖਣ ਵਿਚ ਵੀ ਸਹਾਇਕ ਸਿੱਧ ਹੁੰਦਾ ਹੈ |

 

ਪਿਛਲੀ ਖ਼ਬਰ ਜਾਣੋ, ਤੁਸੀਂ ਸਿਹਤਮੰਦ ਕਿਉਂ ਨਹੀਂ ਰਹਿੰਦੇ? ਅਗਲੀ ਖ਼ਬਰ ਦਮੇ ਦੀ ਬਿਮਾਰੀ ਵਿਚ ਰਾਹਤ ਦਿਵਾਉਂਦੀ ਹੈ ਸੂਰਜੀ ਇਲਾਜ ਪ੍ਰਣਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।