ਸ਼ਤਾਬਦੀ ਸਮਾਗਮ ਸਿੱਖਾਂ ਨੂੰ ਉਸ ਦੇ ਪਿਛੋਕੜ ਅਤੇ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ, ਜਿਸ 'ਚੋਂ ਅਤੀਤ ਦੀਆਂ ਘਟਨਾਵਾਂ ਨੂੰ ਵੱਡੇ ਪੱਧਰ 'ਤੇ ਪ੍ਰਚਾਰ ਕੇ ਉਨ੍ਹਾਂ 'ਚੋਂ ਭਵਿੱਖ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਚੜ੍ਹਦੀ ਕਲਾ ਵਿਚ ਰਹਿ ਕੇ ਅਗਲਾ ਜੀਵਨ ਪੰਧ ਤੈਅ ਕਰਨ ਦੀ ਪ੍ਰੇਰਨਾ ਗ੍ਰਹਿਣ ਕੀਤੀ ਜਾਂਦੀ ਹੈ। 'ਬਾਬਾਣੀਆਂ ਕਹਾਣੀਆਂ' ਤੋਂ ਪ੍ਰੇਰਨਾ ਲੈਣ ਦੀ ਭਾਵਨਾ ਨਾਲ ਮਨਾਈਆਂ ਜਾਣ ਵਾਲੀਆਂ ਇਹ ਸ਼ਤਾਬਦੀਆਂ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਅਤੀਤ ਵਿਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ, ਉਹ ਗੌਰਵਮਈ ਤੇ ਮਾਣ ਕਰਨ ਯੋਗ ਹਨ। ਇਸ ਦ੍ਰਿਸ਼ਟੀ ਤੋਂ ਜਦੋਂ ਵੀ ਕੋਈ ਸ਼ਤਾਬਦੀ ਸਮਾਗਮ ਆਉਂਦਾ ਹੈ ਤਾਂ ਉਸ ਨੂੰ ਮਨਾਉਣ ਲਈ ਤਿਆਰੀਆਂ ਵਿਸ਼ੇਸ਼ ਰੂਪ ਵਿਚ ਕੀਤੀਆਂ ਜਾਂਦੀਆਂ ਹਨ ਤੇ ਜਿਹੜੇ ਇਨ੍ਹਾਂ 'ਚ ਹਿੱਸਾ ਲੈਂਦੇ ਉਹ ਆਪਣੇ-ਆਪ ਨੂੰ ਵਡਭਾਗਾ ਸਮਝਦੇ ਹਨ।
ਸਿੱਖਾਂ ਨੇ ਹੁਣ ਤੱਕ ਜਿਹੜੇ ਸ਼ਤਾਬਦੀ ਸਮਾਗਮ ਕਰਵਾਏ ਹਨ, ਉਨ੍ਹਾਂ 'ਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ, ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ, ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ, ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ, ਗੁਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਦਿਹਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ 300 ਸਾਲਾ ਦਿਹਾੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ, ਬਾਬਾ ਬੁੱਢਾ ਜੀ ਦੀ ਪੰਜਵੀਂ ਜਨਮ ਸ਼ਤਾਬਦੀ, ਅਕਾਲੀ ਫੂਲਾ ਸਿੰਘ ਦਾ 200 ਸਾਲਾ ਸ਼ਹੀਦੀ ਦਿਹਾੜਾ, ਸ. ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਦਿਹਾੜਾ, ਜੈਤੋ ਦੇ ਮੋਰਚੇ ਦੀ ਸ਼ਤਾਬਦੀ, ਸਿੰਘ ਸਭਾ ਲਹਿਰ ਦੀ ਸ਼ਤਾਬਦੀ, ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਸ੍ਰੀ ਹਰਿਮੰਦਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ, ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਤਾਬਦੀ, ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਆਦਿ ਸ਼ਾਮਿਲ ਹਨ।
ਸ਼ਤਾਬਦੀਆਂ ਦੌਰਾਨ ਉਲੀਕੇ ਜਾਣ ਵਾਲੇ ਸਮਾਗਮਾਂ 'ਚ ਕੁਝ ਸਿਧਾਂਤਾਂ ਨੂੰ ਉਜਗਾਰ ਕਰਨ ਲਈ ਵਿਸ਼ੇਸ਼ ਮੰਗ ਕੀਤੀ ਜਾਂਦੀ ਰਹੀ ਹੈ, ਜਿਵੇਂ ਸਾਲ 1999 ਵਿਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਮਨੁੱਖੀ ਅਧਿਕਾਰਾਂ ਦਾ ਸਾਲ ਐਲਾਨਿਆ ਜਾਵੇ, ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਸਾਲ 2021 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਵਰ੍ਹਾ ਐਲਾਨਿਆ ਜਾਵੇ ਆਦਿ। ਇਨ੍ਹਾਂ ਇਤਿਹਾਸਕ ਸ਼ਤਾਬਦੀਆਂ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ, ਕਥਾ ਵਿਖਿਆਨ, ਕੀਰਤਨ, ਢਾਡੀ ਸਮਾਗਮ ਆਦਿ ਕੀਤੇ ਜਾਂਦੇ ਹਨ ਅਤੇ ਨਗਰ ਕੀਰਤਨ ਕੱਢੇ ਜਾਂਦੇ ਹੈ। ਇਨ੍ਹਾਂ ਸਮਾਗਮਾਂ ਦਾ ਮਨੋਰਥ ਗੁਰਬਾਣੀ ਦੇ ਪਰਉਪਕਾਰੀ ਅਤੇ ਵਿਸ਼ਵ ਵਿਆਪੀ ਸੰਦੇਸ਼ ਨੂੰ ਸੰਸਾਰ ਵਿਚ ਪਹੁੰਚਾਉਣਾ ਹੁੰਦਾ ਹੈ।
ਇਹ ਸ਼ਤਾਬਦੀ ਸਮਾਗਮ ਸਿੱਖ ਪੰਥ ਦੀ ਇਕਜੁੱਟਤਾ ਤੇ ਇਕਸੁਰਤਾ ਦਾ ਵਿਖਿਆਨ ਕਰਦੇ ਹਨ ਅਤੇ ਜਿਹੜੇ ਇਲਾਕਿਆਂ ਵਿਚ ਸਿੱਖ ਘੱਟ ਗਿਣਤੀ ਵਿਚ ਮੌਜੂਦ ਹਨ, ਉਨ੍ਹਾਂ ਦੇ ਮਨ ਵਿਚ ਸਵੈਮਾਣ ਤੇ ਚੜ੍ਹਦੀ ਕਲਾ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ। ਇਹ ਸ਼ਤਾਬਦੀ ਸਮਾਗਮ ਸਮੂਹ ਸਿੱਖਾਂ ਅਤੇ ਗ਼ੈਰ-ਸਿੱਖਾਂ 'ਤੇ ਆਪਣਾ ਪ੍ਰਭਾਵ ਸਿਰਜਦੇ ਹਨ। ਇਸ ਦ੍ਰਿਸ਼ਟੀ ਤੋਂ ਅਜਿਹੇ ਸਮਾਗਮ ਧਾਰਮਿਕ ਇਕਸੁਰਤਾ ਤੇ ਕੌਮੀ ਇਕਜੁੱਟਤਾ ਨੂੰ ਕੇਂਦਰ ਵਿਚ ਰੱਖ ਕੇ ਮਨਾਏ ਜਾਣੇ ਚਾਹੀਦੇ ਹਨ। ਕਿਸੇ ਤਰ੍ਹਾਂ ਦਾ ਵੀ ਦਵੰਦ ਕੌਮੀ ਭਾਵਨਾਵਾਂ ਦਾ ਨੁਕਸਾਨ ਕਰ ਸਕਦਾ ਹੈ।
ਇਸ ਸਾਲ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਿਆਈ ਦਿਵਸ ਪ੍ਰਮੁੱਖਤਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਨਾਲ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸ਼ਹੀਦੀ ਸਮਾਗਮਾਂ ਮੌਕੇ ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਵੀ ਯਾਦ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਪ੍ਰਦਾਨ ਕਰਨ ਵਾਲੇ ਬਾਬਾ ਬੁੱਢਾ ਜੀ ਦੇ ਵੰਸ਼ਜ਼ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਅਗਲੇ ਦਿਨ ਦਿੱਲੀ ਵਿਖੇ ਸਰੀਰ ਤਿਆਗ ਦਿੱਤਾ ਸੀ। ਇਨ੍ਹਾਂ ਸਮੂਹ ਗੁਰਸਿੱਖਾਂ ਨੂੰ ਯਾਦ ਕਰਨਾ ਅਤੇ ਇਨ੍ਹਾਂ ਦੁਆਰਾ ਸੰਕਟ ਦੇ ਸਮੇਂ ਨਿਭਾਈ ਗਈ ਭੂਮਿਕਾ ਨੂੰ ਲੋਕਾਂ ਤੱਕ ਲੈ ਕੇ ਜਾਣਾ ਇਕ ਵੱਡਾ ਉੱਦਮ ਹੈ।
ਗੁਰੂ ਤੇਗ ਬਹਾਦਰ ਜੀ ਵਧੇਰੇ ਸਮਾਂ ਮਾਲਵਾ ਬਾਂਗਰ ਦੇ ਇਲਾਕੇ ਵਿਚ ਵਿਚਰਦੇ ਰਹੇ ਹਨ ਅਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਬਿਹਾਰ ਤੇ ਬੰਗਾਲ ਵਿਚ ਉਨ੍ਹਾਂ ਦੁਆਰਾ ਲਗਪਗ 5 ਸਾਲ ਕੀਤੀਆਂ ਗਈਆਂ ਪ੍ਰਚਾਰ ਯਾਤਰਾਵਾਂ ਮਹੱਵਪੂਰਨ ਹਨ। ਇਨ੍ਹਾਂ ਇਲਾਕਿਆਂ ਵਿਚ ਵਸਦੇ ਗੁਰਸਿੱਖ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਯਤਨਸ਼ੀਲ ਹਨ। ਸਿੱਖਾਂ ਦੀਆਂ ਮੁੱਖ ਗੁਰਦੁਆਰਾ ਕਮੇਟੀਆਂ ਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਬੰਧੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਮੌਕੇ ਉਲੀਕੀ ਗਈ ਵਿਉਂਤਬੰਦੀ ਮਾਰਗਦਰਸ਼ਨ ਕਰ ਸਕਦੀ ਹੈ। ਇਸ ਸ਼ਤਾਬਦੀ ਨੂੰ ਮਨਾਉਣ ਲਈ ਜਿਹੜੀਆਂ ਮੀਟਿੰਗਾਂ ਹੋਈਆਂ, ਉਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਸਿੱਖ ਪ੍ਰਤੀਨਿਧ ਬੋਰਡ, ਸਿੰਘ ਸਭਾਵਾਂ ਅਤੇ ਈਸਟ ਇੰਡੀਆ ਸਿੱਖ ਕੌਂਸਲ ਦੇ ਨੁਮਇੰਦੇ ਪ੍ਰਮੁੱਖਤਾ ਨਾਲ ਹਾਜ਼ਰੀ ਭਰਦੇ ਸਨ। ਇਨ੍ਹਾਂ ਨੇ ਜਿਹੜਾ ਸਾਂਝਾ ਪਲੇਟਫਾਰਮ ਤਿਆਰ ਕੀਤਾ ਸੀ, ਉਸ ਅਨੁਸਾਰ ਇਨ੍ਹਾਂ ਨੇ ਐਲਾਨ ਕੀਤਾ ਸੀ ਕਿ ਬਿਹਾਰ ਦੀਆਂ ਸਿੰਘ ਸਭਾਵਾਂ ਜਾਂ ਹੋਰਨਾਂ ਗੁਰਦੁਆਰਾ ਕਮੇਟੀਆਂ ਵਲੋਂ ਜਿਹੜੇ ਸਮਾਗਮ ਉਲੀਕੇ ਜਾਣਗੇ, ਉਨ੍ਹਾਂ ਲਈ ਭੇਟਾ-ਰਹਿਤ ਰਾਗੀ ਅਤੇ ਪ੍ਰਚਾਰਕ ਜਥੇ ਭੇਜੇ ਜਾਣਗੇ ਅਤੇ ਉਨ੍ਹਾਂ ਨੂੰ ਭੇਟਾ-ਮੁਕਤ ਸਾਹਿਤ ਮੁਹੱਈਆ ਕਰਵਾਇਆ ਜਾਵੇਗਾ। ਇਕ ਸਾਲ ਤੱਕ ਚੱਲੇ ਇਨ੍ਹਾਂ ਸਮਾਗਮਾਂ ਦਾ ਬਿਹਾਰ ਦੇ ਲੋਕਾਂ 'ਤੇ ਗਹਿਰਾ ਪ੍ਰਭਾਵ ਪਿਆ ਸੀ।
ਜਨਵਰੀ 1967 ਵਿਚ ਬਿਹਾਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤੀਜੀ ਸ਼ਤਾਬਦੀ ਪਟਨਾ ਦੇ ਗਾਂਧੀ ਮੈਦਾਨ ਵਿਚ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਚੜ੍ਹਦੀ ਕਲਾ ਨਾਲ ਮਨਾਈ ਗਈ ਸੀ। ਹੋਰਨਾਂ ਰਾਜਸੀ ਆਗੂਆਂ ਤੋਂ ਇਲਾਵਾ ਭਾਰਤ ਦੇ ਬਹੁਤ ਸਾਰੇ ਕੇਂਦਰੀ ਵਜ਼ੀਰ ਇਨ੍ਹਾਂ ਸਮਾਗਮਾਂ 'ਚ ਸ਼ਾਮਿਲ ਹੋਣਾ ਖ਼ੁਸ਼ਕਿਸਤਮੀ ਸਮਝ ਰਹੇ ਸਨ। ਵਿਸ਼ਵ ਭਰ 'ਚੋਂ ਸਿੱਖ ਸੰਗਤ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਈ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਮੁੱਚੀ ਸਿੱਖ ਕੌਮ ਦਾ ਸਕਾਰਾਤਮਿਕ ਪ੍ਰਭਾਵ ਆਮ ਲੋਕਾਂ ਵਿਚ ਗਿਆ ਸੀ, ਜਿਸ ਦਾ ਵਰਨਣ ਕਰਦੇ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੈਨੇਜਰ ਗਿਆਨੀ ਗੁਰਬਚਨ ਸਿੰਘ, ਜਿਹੜੇ ਉਸ ਸਮੇਂ ਇਲਾਕੇ ਵਿਚ ਪ੍ਰਚਾਰਕ ਤੇ ਉੱਚੇ ਇਖ਼ਲਾਕ ਵਾਲੇ ਸੱਜਣ ਸਨ, ਨੇ ਸ਼ਬਦ ਉਚਾਰਿਆ : ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥ ਇਸ ਦੀ ਵਿਸ਼ੇਸ਼ਤਾ ਇਸ ਕਰਕੇ ਵੀ ਵੱਡੀ ਹੈ ਕਿ ਬਿਹਾਰ ਵਿਚ ਸਿੱਖਾਂ ਦੀ ਏਨੀ ਗਿਣਤੀ ਨਹੀਂ, ਜਿੰਨੀ ਹਿੰਮਤ, ਤਰੱਦਦ, ਸਿਆਣਪ ਤੇ ਖੁੱਲ੍ਹ ਦਿਲੀ ਨਾਲ ਇਹ ਦਿਨ ਮਨਾਏ ਗਏ।
ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਪ੍ਰਕਾਸ਼ ਪੁਰਬ ਪਟਨਾ ਸਰਕਾਰ ਵਲੋਂ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਬਹੁਤ ਹੀ ਖੁੱਲ੍ਹ-ਦਿਲੀ ਨਾਲ ਮਨਾਇਆ ਗਿਆ ਸੀ। ਮੌਜੂਦ ਸਮੇਂ ਵਿਚ ਬਹੁਤ ਸਾਰੇ ਵਿਦਵਾਨਾਂ, ਸੂਝਵਾਨਾਂ, ਰਾਜਨੀਤੀਵਾਨਾਂ ਅਤੇ ਆਮ ਲੋਕਾਂ ਨੇ ਇਸ ਵਿਚ ਹਿੱਸਾ ਲਿਆ ਸੀ। ਸਮੂਹ ਸਿੱਖਾਂ ਨੇ ਬਿਹਾਰ ਸਰਕਾਰ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਪ੍ਰਸੰਸਾ ਇਸ ਕਰਕੇ ਕਰਨੀ ਬਣਦੀ ਹੈ ਕਿ ਉੱਥੇ ਸਿੱਖ ਵੋਟ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਪਰ ਫਿਰ ਵੀ ਸਰਕਾਰ ਨੇ ਦਸਮੇਸ਼ ਪਿਤਾ ਦੇ ਇਸ ਮਹੱਤਵਪੂਰਨ ਪੁਰਬ ਨੂੰ ਪੂਰੀ ਦ੍ਰਿੜ੍ਹਤਾ ਅਤੇ ਭਾਵਨਾ ਨਾਲ ਮਨਾਇਆ ਹੈ।
ਪਿਛਲੇ ਸਮੇਂ ਦੌਰਾਨ ਸਿੱਖਾਂ ਨੇ ਦੋ ਸ਼ਤਾਬਦੀਆਂ ਬਹੁਤ ਨੇੜਿਓਂ ਦੇਖੀਆਂ ਹਨ। 1999 ਵਿਚ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਅਤੇ 2019 ਵਿਚ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੇ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ। ਇਨ੍ਹਾਂ 'ਚੋਂ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਸਾਂਝੀ ਸਟੇਜ ਲਾਉਣ 'ਤੇ ਸਹਿਮਤੀ ਨਾ ਬਣ ਸਕੀ ਅਤੇ ਸੰਗਤ ਵਿਚ ਇਸ ਘਟਨਾ ਦੀ ਨਕਾਰਾਤਮਿਕ ਚਰਚਾ ਆਰੰਭ ਹੋ ਗਈ ਸੀ। ਇਸ ਤੋਂ ਪਹਿਲਾਂ 1999 ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਗਿਆਨੀ ਕੇਵਲ ਸਿੰਘ ਦਰਮਿਆਨ ਆਪਸੀ ਵਿਵਾਦ ਪੈਦਾ ਹੋ ਗਿਆ ਸੀ, ਜਿਸ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਵਜੋਂ ਭਾਈ ਰਣਜੀਤ ਸਿੰਘ ਨੂੰ ਪਦਵੀ ਤੋਂ ਸੇਵਾ-ਮੁਕਤ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਹੀ ਅਕਾਲੀ ਨੇਤਾ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦਰਮਿਆਨ ਵਿਵਾਦ ਪੈਦਾ ਹੋਇਆ ਤਾਂ ਟੌਹੜਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਜੇਕਰ ਸ਼ਤਾਬਦੀਆਂ ਮਨ 'ਤੇ ਸਾਕਾਰਾਤਮਿਕ ਪ੍ਰਭਾਵ ਪਾਉਂਦੀਆਂ ਹਨ ਤਾਂ ਅਜਿਹੇ ਮੌਕੇ ਪੈਦਾ ਹੋਏ ਵਿਵਾਦ ਨਕਾਰਾਤਮਿਕ ਪ੍ਰਭਾਵ ਛੱਡ ਜਾਂਦੇ ਹਨ, ਜਿਨ੍ਹਾਂ ਤੋਂ ਹਮੇਸ਼ਾਂ ਹੀ ਦੂਰ ਰਹਿਣ ਦੀ ਲੋੜ ਬਣੀ ਰਹਿੰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਕ ਪਲੇਟਫਾਰਮ 'ਤੇ ਇਕਸੁਰਤਾ ਨਾਲ ਮਨਾਇਆ ਜਾਣਾ ਚਾਹੀਦਾ ਹੈ ਤਾਂ ਹੀ ਸਿੱਖ ਕੇਂਦਰੀ ਸ਼ਕਤੀ ਵਜੋਂ ਸਾਹਮਣੇ ਆ ਸਕਦੇ ਹਨ ਅਤੇ ਸੰਗਤ ਵਿਚ ਸਕਾਰਾਤਮਿਕ ਪ੍ਰਭਾਵ ਸਿਰਜਿਆ ਜਾ ਸਕਦਾ ਹੈ।
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।