ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਫ਼ਾਜ਼ਿਲਕਾ ਅਨੂਪਿ੍ਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਫ਼ਾਜ਼ਿਲਕਾ ਵੱਲੋਂ ਬਾਲ ਵਿਆਹਾਂ ਨੂੰ ਰੋਕਣ ਲਈ ਚਾਈਲਡ ਮੈਰਿਜ ਐਕਟ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ | ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਅਧਿਕਾਰੀ ਨਿਸ਼ਾਨ ਸਿੰਘ, ਸ੍ਰੀਮਤੀ ਰਣਵੀਰ ਕੌਰ, ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਸਾਰਿਕਾ ਰਾਣੀ ਅਤੇ ਸ੍ਰੀਮਤੀ ਹਰਸ਼ਰਨ ਕੌਰ ਫ਼ਾਜ਼ਿਲਕਾ ਵਲੋਂ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਬਾਲ ਵਿਆਹ ਦੇ ਬਾਰੇ ਜਾਣੂ ਕਰਵਾਇਆ ਕਿ ਲੜਕੀ ਦੇ ਵਿਆਹ ਕਰਨ ਦੀ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਕਰਨ ਦੀ ਉਮਰ 21 ਸਾਲ ਹੁੰਦੀ ਹੈ | ਬੱਚਿਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੇ ਹੋਣਾ ਚਾਹੀਦਾ ਹੈ | ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲੇ ਤੇ 02 ਸਾਲ ਦੀ ਸਜਾ ਤੇ 01 ਲੱਖ ਤੱਕ ਦਾ ਜੁਰਮਾਨਾ ਹੋਵੇਗਾ ਅਤੇ ਦੱਸਿਆ ਗਿਆ ਕਿ ਜੇਕਰ ਤੁਹਾਡੇ ਆਲੇ-ਦੁਆਲੇ ਬਾਲ ਵਿਆਹ ਹੁੰਦਾ ਹੈ ਤਾਂ ਉਸ ਦੀ ਸੂਚਨਾ ਚਾਈਲਡ ਹੈਲਪ ਲਾਇਨ ਨੰ.1098 'ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫ਼ਾਜ਼ਿਲਕਾ ਵਿਖੇ ਦਿੱਤੀ ਜਾਵੇ, ਸ਼ਿਕਾਇਤਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ | ਇਸ ਮੌਕੇ ਸਕੂਲਾਂ ਦੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਸ਼ਾਮਿਲ ਸਨ |