ਧੂਰੀ, 31 ਅਗਸਤ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਧੂਰੀ ਵਿਕਾਸ ਮੰਚ ਵਲੋਂ ਮੰਚ ਦੇ ਪ੍ਰਧਾਨ ਅਮਨ ਗਰਗ ਅਤੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਸ੍ਰੀ ਸਨਾਤਨ ਧਰਮ ਚੈਰੀਟੇਬਲ ਹਸਪਤਾਲ ਵਿਖੇ ਗਰੀਨ ਵਾਟਿਕਾ ਹੈਲਥ ਕੇਅਰ ਦੇ ਸਹਿਯੋਗ ਨਾਲ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ ਐਸ ਡੀ ਸੁਖਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਦਾ ਉਦਘਾਟਨ ਕਰਨ ਉਪਰੰਤ ਓ ਐਸ ਡੀ ਸੁਖਵੀਰ ਸਿੰਘ ਨੇ ਮੰਚ ਦੇ ਮਨੁੱਖਤਾਵਾਦੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਸਮਾਜ ਦਾ ਤੰਦਰੁਸਤ ਤੇ ਸਿਹਤਮੰਦ ਹੋਣਾ ਜ਼ਰੂਰੀ ਹੈ | ਉਨ੍ਹਾਂ ਮੰਚ ਵਲੋਂ ਚੈਰੀਟੇਬਲ ਡਿਸਪੈਂਸਰੀ ਖੋਲ੍ਹਣ ਲਈ ਜਗ੍ਹਾ ਦੀ ਕੀਤੀ ਗਈ ਮੰਗ ਨਾਲ ਸਹਿਮਤ ਹੁੰਦਿਆਂ ਭਰੋਸਾ ਦਿੱਤਾ ਕਿ ਜਲਦ ਹੀ ਮੰਚ ਨੂੰ ਲੋੜੀਂਦੀ ਜਗ੍ਹਾ ਅਲਾਟ ਕਰ ਦਿੱਤੀ ਜਾਵੇਗੀ | ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ: ਅਨਵਰ ਭਸੌੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਧੂਰੀ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਮੁੱਖ ਮੰਤਰੀ ਕੈਂਪਸ ਦਫ਼ਤਰ ਨਾਲ ਬੇਝਿਜਕ ਹੋ ਕੇ ਸੰਪਰਕ ਕਰ ਸਕਦੇ ਹਨ | ਇਸ ਮੌਕੇ ਮੰਚ ਵਲੋਂ ਆਏ ਮਹਿਮਾਨਾਂ ਅਤੇ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਕੈਂਪ ਦੌਰਾਨ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਆਪਣੀ ਟੀਮ ਸਹਿਤ ਕਰੀਬ 400 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਦਵਾਈਆਂ ਮੰਚ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਪੰਜਾਬ ਲਘੂ ਉਦਯੋਗ ਨਿਗਮ ਦੇ ਡਾਇਰੈਕਟਰ ਅਨਿਲ ਮਿੱਤਲ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਨਰੇਸ਼ ਸਿੰਗਲਾ, ਐਸ ਐੱਚ ਓ ਸਦਰ ਕਰਨਵੀਰ ਸਿੰਘ ਸੰਧੂ, ਐਸ ਐੱਚ ਓ ਸਿਟੀ ਪੁਲਿਸ ਜਸਵੀਰ ਸਿੰਘ ਤੂਰ ਉਪ ਚੇਅਰਮੈਨ ਅਭਿਨਵ ਗੋਇਲ, ਐਡਵੋਕੇਟ ਰਾਜੇਸ਼ਵਰ ਚੌਧਰੀ, ਸਕੱਤਰ ਜਨਰਲ ਹੰਸ ਰਾਜ ਬਜਾਜ, ਸੰਦੀਪ ਬਾਂਸਲ , ਮਨੋਹਰ ਸਿੰਘ ਸੱਗੂ, ਐਡਵੋਕੇਟ ਮਨਿੰਦਰ ਸਿੰਘ ਢੀਂਡਸਾ, ਸੰਜੀਵ ਗਰਗ ਜੋਨੀ, ਸੁਰਿੰਦਰਪਾਲ ਸਿੰਘ ਨੀਟਾ, ਮੋਹਿਤ ਜਿੰਦਲ ਆਦਿ ਵੀ ਮੌਜੂਦ ਸਨ |