09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰੀ ਆਈ. ਟੀ. ਆਈ (ਇ:) ਠੇਕਾ ਮੁਲਾਜ਼ਮਾਂ ਵਲੋਂ ਗੇਟ ਰੈਲੀ

ਅਜੀਤ ਡੈਸਕ 18-07-2025
ਮੂਣਕ, 17 ਜੁਲਾਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਸਰਕਾਰੀ ਆਈ. ਟੀ. ਆਈ. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਆਈ. ਟੀ. ਆਈਆਂ ਵਿਚ ਦਿੱਤੀ ਗਈ ਗੇਟ ਰੈਲੀ ਦੀ ਕਾਲ ਦੇ ਸੱਦੇ 'ਤੇ ਸਰਕਾਰੀ ਆਈ. ਟੀ. ਆਈ. (ਇ:) ਮੂਣਕ ਵਿਖੇ ਪਿਛਲੇ ਤਕਰੀਬਨ 12-13 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਇੰਸਟਰਕਟਰਾਂ ਵਲੋਂ ਵੀ ਸੰਸਥਾ ਵਿਖੇ ਗੇਟ ਰੈਲੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਸਥਾ ਨਾਲ ਸਬੰਧਤ ਠੇਕਾ ਮੁਲਾਜ਼ਮਾਂ ਨੇ ਦੱਸਿਆ ਕਿ ਕਿਵੇਂ ਉਹ ਬਹੁਤ ਘੱਟ ਨਿਗੂਣੀਆਂ ਜਿਹੀਆਂ ਤਨਖ਼ਾਹਾਂ 'ਤੇ ਪੂਰੀ ਇਮਾਨਦਾਰੀ ਤੇ ਲਗਨ ਨਾਲ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਪਰ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧੇ ਤੇ ਨੌਕਰੀ ਸਬੰਧੀ ਸਮੇਂ-ਸਮੇਂ ਦੌਰਾਨ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਪੰਜਾਬ ਸਰਕਾਰ ਵਲੋਂ ਅਮਲ ਵਿਚ ਨਹੀਂ ਲਿਆਂਦੇ ਜਾ ਰਹੇ, ਜਿਸ ਸਬੰਧੀ ਸਰਕਾਰੀ ਆਈ. ਟੀ. ਆਈ. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਦੇ ਨੁਮਾਇੰਦਿਆਂ ਵਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ, ਪਰ ਸਰਕਾਰ ਹਰ ਵਾਰ ਇਸ ਮੁੱਦੇ ਤੋਂ ਪਾਸਾ ਵੱਟਦੀ ਰਹੀ ਹੈ | ਕਰਮਚਾਰੀਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਕੇ ਅੱਗੇ ਲਿਜਾਉਣ ਸਬੰਧੀ ਜੋ ਵੀ ਫ਼ੈਸਲਾ ਲਿਆ ਜਾਵੇਗਾ ਠੇਕਾ ਮੁਲਾਜ਼ਮ ਉਸ ਵਿਚ ਪੂਰਨ ਸਹਿਯੋਗ ਦੇਣਗੇ | ਇਸ ਮੌਕੇ ਸੰਸਥਾ ਦੇ ਠੇਕਾ ਮੁਲਾਜ਼ਮ ਵੀਰਪਾਲ ਕੌਰ, ਸ੍ਰੀਮਤੀ ਮਲਕਜੋਤ ਸੈਣੀ, ਗੁਰਜੀਤ ਸਿੰਘ, ਸਰਬਜੀਤ ਕੌਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮਿਰਜ਼ਾ ਪੱਤੀ ਨਮੋਲ ਦੀ ਸਰਪੰਚੀ ਲਈ ਦੋ ਉਮੀਦਵਾਰ ਨੇ ਕਾਗ਼ਜ਼ ਭਰੇ ਅਗਲੀ ਖ਼ਬਰ ਸੰਗਰੂਰ ਸਥਿਤ ਭੋਂ ਪਰਖ ਪ੍ਰਯੋਗਸ਼ਾਲਾ 'ਚ ਸੂਬੇ ਦੇ 6 ਜ਼ਿਲਿ੍ਹਆਂ ਦੇ ਮਿੱਟੀ ਦੇ ਨਮੂਨਿਆਂ ਦੀ ਕੀਤੀ ਜਾਂਦੀ ਹੈ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।