ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਸਰਪੰਚਾਂ ਅਤੇ ਪੰਚਾਂ ਦੀਆ ਭਰੀਆ ਜਾ ਰਹੀਆਂ ਖ਼ਾਲੀ ਅਸਾਮੀਆਂ ਦੇ ਤਹਿਤ ਬਲਾਕ ਸੁਨਾਮ ਦੇ ਪਿੰਡ ਮਿਰਜ਼ਾ ਪੱਤੀ ਨਮੋਲ ਵਿਚ ਸਰਪੰਚ ਤੇ ਫ਼ਤਿਹਗੜ੍ਹ ਵਿਚ ਪੰਚ ਦੀ ਖ਼ਾਲੀ ਆਸਾਮੀ ਭਰੀ ਜਾਣੀ ਹੈ | ਇਨ੍ਹਾਂ ਚੋਣਾ ਲਈ ਨਾਮਜ਼ਦਗੀ ਭਰਨ ਦਾ ਅੱਜ ਆਖ਼ਰੀ ਦਿਨ ਸੀ | ਬਲਾਕ ਸੁਨਾਮ ਲਈ ਨਿਯੁਕਤ ਕੀਤੇ ਗਏ ਚੋਣ ਰਿਟਰਨਿੰਗ ਅਫ਼ਸਰ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੁਨਾਮ ਬਾਲ ਕਿ੍ਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਖ਼ਰੀ ਦਿਨ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ ਦੀ ਚੋਣ ਲਈ ਗੁਰਮੀਤ ਕੌਰ ਪਤਨੀ ਗੁਰਜੰਟ ਸਿੰਘ ਅਤੇ ਛਿੰਦਰ ਕੌਰ ਪਤਨੀ ਭਗਵਾਨ ਸਿੰਘ ਕੁੱਲ ਦੋ ਉਮੀਦਵਾਰਾਂ ਨੇ ਕਾਗ਼ਜ਼ ਭਰੇ ਜਦੋਂ ਕਿ ਪਿੰਡ ਫ਼ਤਿਹਗੜ੍ਹ ਦੇ ਪੰਚ ਦੀ ਚੋਣ ਲਈ ਸਿਰਫ਼ ਸੁਖਵਿੰਦਰ ਕੌਰ ਪਤਨੀ ਅਮਰੀਕ ਸਿੰਘ ਨੇ ਵਲੋਂ ਕਾਗ਼ਜ਼ ਭਰੇ ਗਏ ਹਨ | ਉਨ੍ਹਾਂ ਦੱਸਿਆ ਕਿ ਮਿਰਜਾਪੱਤੀ ਨਮੋਲ ਦੇ ਸਰਪੰਚ ਦੀ ਆਸਾਮੀ ਜਨਰਲ ਕੈਟਾਗਰੀ ਲਈ ਰਾਖਵੀਂ ਹੈ ਜਦੋਂ ਕਿ ਪਿੰਡ ਫ਼ਤਿਹਗੜ੍ਹ ਦੇ ਪੰਚ ਲਈ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ | ਉਨ੍ਹਾਂ ਕਿਹਾ ਕਿ 19 ਤਾਰੀਖ਼ ਨੂੰ ਕਾਗ਼ਜ਼ ਵਾਪਿਸ ਲੈਣ ਦੀ ਆਖ਼ਰੀ ਤਾਰੀਖ਼ ਹੈ ਅਤੇ ਪੋਲਿੰਗ 27 ਜੁਲਾਈ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ ਉਕਤ ਤਿੰਨੋਂ ਉਮੀਦਵਾਰਾਂ ਨੇ ਆਜ਼ਾਦ ਵਜੋਂ ਆਪਣੇ ਕਾਗ਼ਜ਼ ਦਾਖ਼ਲ ਕਰਵਾਏ ਹਨ |