ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ)-ਵਾਹੀਯੋਗ ਜ਼ਮੀਨ 'ਚ ਕਿਹੜੇ ਸੂਖਮ ਤੱਤਾਂ ਦੀ ਘਾਟ ਹੈ ਇਸ ਦੀ ਜਾਂਚ ਲਈ ਸੂਬੇ ਵਿਚ ਪਹਿਲਾਂ ਸੰਗਰੂਰ ਅਤੇ ਫ਼ਰੀਦਕੋਟ ਵਿਖੇ ਪ੍ਰਯੋਗਸ਼ਾਲਾਵਾਂ ਹਨ, ਪਰ ਹੁਣ ਤਰਨਤਾਰਨ ਅਤੇ ਮੋਗੇ ਵਿਚ ਸਥਾਪਿਤ ਕੀਤੀਆਂ ਪ੍ਰਯੋਗਸ਼ਾਲਾਵਾਂ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਚੱਲਦਿਆਂ ਹੁਣ ਸੰਗਰੂਰ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਸਥਿਤ ਪ੍ਰਯੋਗਸ਼ਾਲਾ ਵਿਚ 6 ਜ਼ਿਲਿ੍ਹਆਂ ਪਟਿਆਲਾ, ਸੰਗਰੂਰ, ਮਾਨਸਾ, ਫ਼ਤਿਹਗੜ੍ਹ, ਮੋਹਾਲੀ ਤੇ ਰੋਪੜ ਤੋਂ ਵਾਹੀਯੋਗ ਜ਼ਮੀਨ ਦੇ ਨਮੂਨੇ ਜਾਂਚ ਲਈ ਆਉਂਦੇ ਹਨ | ਇਸ ਉੱਚ ਪੱਧਰੀ ਪ੍ਰਯੋਗਸ਼ਾਲਾ ਜਿੱਥੇ 2 ਕਰੋੜ ਰੁਪਏ ਲਾਗਤ ਦੀ ਆਈ. ਸੀ. ਪੀ ਮਸ਼ੀਨ ਲੱਗੀ ਹੋਈ ਹੈ ਵਿਖੇ ਤਾਇਨਾਤ ਖੇਤੀਬਾੜੀ ਵਿਭਾਗ ਅਫ਼ਸਰ ਡਾ. ਮਨਮੀਤ ਕੌਰ ਨੇ ਦੱਸਿਆ ਕਿ ਵੱਖ ਵੱਖ ਜ਼ਿਲਿ੍ਹਆਂ ਤੋਂ ਆਏ ਮਿੱਟੀ ਦੇ ਨਮੂਨਿਆਂ ਵਿਚ ਇਸ ਪ੍ਰਯੋਗਸ਼ਾਲਾ ਵਿਖੇ ਟੈੱਸਟਾਂ ਦੌਰਾਨ ਸੂਖਮ ਤੱਤਾਂ ਜ਼ਿੰਕ, ਤਾਂਬਾ, ਸਲਫ਼ਰ, ਮੈਗਨੀਸ਼ੀਅਮ, ਲੋਹਾ ਆਦਿ ਦੀ ਜਾਂਚ ਕੀਤੀ ਜਾਂਦੀ ਹੈ |