ਮੋਗਾ, 19 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸਬੰਦੀ ਪੰਦ੍ਹਰਵਾੜਾ ਸਿਹਤ ਵਿਭਾਗ ਮੋਗਾ ਵਲੋਂ 21 ਨਵੰਬਰ ਤੋਂ ਸ਼ੁਰੂ ਹੈ | ਇਸ ਬਾਰੇ ਜਾਗਰੂਕ ਕਰਦੇ ਹੋਏ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ. ਰਿਤੂ ਜੈਨ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸੁਰੱਖਿਅਤ ਨਸਬੰਦੀ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਫੈਲਾਉਣਾ ਤੇ ਯੋਗ ਜੋੜਿਆਂ ਨੂੰ ਸਿਹਤਮੰਦ ਪਰਿਵਾਰ ਯੋਜਨਾ ਅਪਣਾਉਣ ਲਈ ਜਾਗਰੂਕ ਤੇ ਉਤਸ਼ਾਹਿਤ ਕਰਨਾ ਹੈ | ਡਾ. ਰਿਤੂ ਜੈਨ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਨਿਯੰਤਰਨ ਦਾ ਹੀ ਸਾਧਨ ਨਹੀਂ, ਬਲਕਿ ਮਾਂ-ਬੱਚੇ ਦੀ ਸਿਹਤ, ਪਰਿਵਾਰ ਦੀ ਆਰਥਿਕ ਸਥਿਤੀ ਤੇ ਸਮਾਜਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ | ਸਮੂਹ ਐਸ.ਐਮ.ਓ. ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਨਸਬੰਦੀ ਪੰਦ੍ਹਰਵਾੜਾ ਦੌਰਾਨ ਸਾਰੇ ਬਲਾਕਾਂ ਵਿਚ ਗਤੀਵਿਧੀਆਂ ਸ਼ਾਮਿਲ ਕੀਤੀਆਂ ਜਾਣਗੀਆਂ | ਇਸ ਮੌਕੇ ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਸਿਹਤ ਵਿਭਾਗ ਦਾ ਮਕਸਦ ਹੈ ਕਿ ਹਰ ਪਰਿਵਾਰ ਸਿਹਤਮੰਦ, ਸੁਰੱਖਿਅਤ ਤੇ ਸਮਰੱਥ ਹੋਵੇ |