ਚੰਡੀਗੜ੍ਹ, 6 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ 'ਤੇ ਦੇਣ ਸੰਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖ਼ਬਰਾਂ ਨੂੰ ਨਿਰਾਧਾਰ ਦੱਸਿਆ ਕਿਹਾ ਹੈ ਕਿ ਲੁਧਿਆਣਾ ਬੱਸ ਅੱਡਾ 10 ਦਸੰਬਰ 2021 ਤੋਂ ਪਹਿਲਾਂ ਓਵਰਆਲ ਠੇਕੇ 'ਤੇ ਸੀ, ਜਦਕਿ ਹੁਣ ਅੱਡੇ ਵੱਖ-ਵੱਖ ਹਿੱਸਿਆ ਨੂੰ ਠੇਕੇ 'ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਅਪਣਾਈ ਜਾ ਰਹੀ ਹੈ ਅਤੇ ਇਸੇ ਤਰਜ਼ 'ਤੇ ਪੰਜਾਬ ਦੇ ਹੋਰ ਬੱਸ ਅੱਡੇ ਵੀ ਠੇਕੇ 'ਤੇ ਦਿੱਤੇ ਜਾਂਦੇ ਰਹੇ ਹਨ। ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕਰਦਿਆਂ ਅਤੇ ਤੱਥਾਂ ਰਹਿਤ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੀ ਕੰਸਟਰੱਕਸ਼ਨ ਦਾ ਕੰਮ ਵੈਲਸੰਪਨ ਕੰਪਨੀ ਵਲੋਂ ਸਾਲ 2006 'ਚ ਬੀ.ਓ.ਟੀ. (ਬੈਲਟ ੳਪਰੇਟ ਐਂਡ ਟਰਾਂਸਫਰ) ਤੇ ਕੀਤਾ ਗਿਆ ਸੀ। ਇਸ ਕੰਪਨੀ ਵਲੋਂ ਸਾਲ 2016 ਤੱਕ ਬੱਸ ਸਟੈਂਡ ਨੂੰ ਬੀ.ਓ.ਟੀ. ਬੇਸਿਜ 'ਤੇ ਚਲਾਇਆ ਗਿਆ। ਇਸ ਤੋਂ ਬਾਅਦ ਬੱਸ ਸਟੈਂਡ ਲੁਧਿਆਣਾ ਸਾਲ 2018 'ਚ ਮੁੜ ਮੈਸ.ਐਲ.ਆਰ.ਵਾਈ ਕੰਪਨੀ ਨੂੰ ਐਮ.ਓ.ਟੀ. (ਮੈਟੀਨੈਂਸ ੳਪਰੇਟ ਐਂਡ ਟਰਾਂਸਫਰ) ਦੇ ਅਧਾਰ 'ਤੇ ਠੇਕੇ 'ਤੇ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਮਝੌਤੇ ਅਨੁਸਾਰ ਠੇਕੇਦਾਰ ਨੇ 1 ਨਵੰਬਰ, 2025 ਤੋਂ ਬੱਸ ਸਟੈਂਡ ਫੀਸ ਇਕੱਠੀ ਕਰਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਹੈ।
ਲੁਧਿਆਣਾ ਬੱਸ ਅੱਡੇ ਸੰਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁਮਰਾਹਕੁੰਨ-ਭੁੱਲਰ
ਅਜੀਤ ਡੈਸਕ
07-11-2025