ਐੱਸ. ਏ. ਐੱਸ. ਨਗਰ, 17 ਜੁਲਾਈ (ਪ੍ਰੋ. ਅਵਤਾਰ ਸਿੰਘ)-ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਵਿੱਤ ਮੰਤਰਾਲਾ ਨਵੀਂ ਦਿੱਲੀ ਵਲੋਂ ਵਿੱਤੀ ਸਮਾਵੇਸ਼ ਯੋਜਨਾਵਾਂ 'ਚ ਸਾਰੇ ਵਾਂਝੇ ਲੋਕਾਂ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਗ੍ਰਾਮ ਪੰਚਾਇਤ ਪੱਧਰ 'ਤੇ 3 ਮਹੀਨਿਆਂ ਦੀ 'ਸੰਤਿ੍ਪਤ ਮੁਹਿੰਮ' ਤਹਿਤ ਵਿਸ਼ੇਸ਼ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਤੇ ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ ਦੇ ਡਿਪਟੀ ਕਨਵੀਨਰ ਰਾਮ ਕਿਸ਼ੋਰ ਮੀਨਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਰਾਜ ਦੀ ਹਰੇਕ ਗ੍ਰਾਮ ਪੰਚਾਇਤ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਵਿਸ਼ੇ 'ਤੇ ਬੀਤੀ 24 ਜੂਨ ਨੂੰ ਰਾਜ ਦੇ ਪ੍ਰਮੁੱਖ ਸਕੱਤਰ ਵਿੱਤ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਬੈਂਕਰਜ਼ ਕਮੇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਵੀ ਹੋਈ ਸੀ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ 'ਚ ਰਜਿਸਟ੍ਰੇਸ਼ਨ ਤੇ ਯੋਗ ਵਿਅਕਤੀਆਂ ਦੀ ਅਟਲ ਪੈਨਸ਼ਨ ਯੋਜਨਾ 'ਚ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਬੁਲਾਰਿਆਂ ਵਲੋਂ ਡਿਜੀਟਲ ਧੋਖਾਧੜੀ ਤੋਂ ਬਚਣ ਦੇ ਉਪਾਅ ਦੱਸੇ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਕੁਲੈਕਟਰ ਤੇ ਮੁੱਖ ਜ਼ਿਲ੍ਹਾ ਮੈਨੇਜਰ ਦੁਆਰਾ ਸਾਰੀਆਂ ਗ੍ਰਾਮ ਪੰਚਾਇਤਾਂ 'ਚ ਕੈਂਪ ਲਗਾਉਣ ਦੀਆਂ ਮਿਤੀਆਂ ਨਿਰਧਾਰਿਤ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਰਾਜ 'ਚ ਪੰਜਾਬ ਨੈਸ਼ਨਲ ਬੈਂਕ ਰਾਜ ਪੱਧਰੀ ਬੈਂਕਰਜ਼ ਕਮੇਟੀ ਪੰਜਾਬ ਦੇ ਕੋਆਰਡੀਨੇਟਰ ਵਜੋਂ ਕੰਮ ਕਰ ਰਿਹਾ ਹੈ ਤੇ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਰਾਜ ਵਿਚਲੀਆਂ 7551 ਬੈਂਕ ਸ਼ਾਖਾਵਾਂ ਦੁਆਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੂਬੇ 'ਚ 7517 ਏ. ਟੀ. ਐਮ ਅਤੇ 6616 ਬੀ. ਸੀਜ਼. ਦੁਆਰਾ ਬੈਂਕਿੰਗ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ |
ਪੰਜਾਬ ਰਾਜ 'ਚ 'ਵਿੱਤੀ ਸਮਾਵੇਸ਼ ਸਕੀਮਾਂ' ਲਈ 1 ਜੁਲਾਈ ਤੋਂ ਚਲਾਈ ਜਾ ਰਹੀ ਹੈ 3 ਮਹੀਨਿਆਂ ਦੀ ਮੁਹਿੰਮ <br/>
ਅਜੀਤ ਡੈਸਕ
18-07-2025