ਜਲੰਧਰ, 17 ਜੁਲਾਈ (ਐੱਮ. ਐੱਸ. ਲੋਹੀਆ)-ਇਕ 85 ਸਾਲਾ ਬਜ਼ੁਰਗ ਮਰੀਜ਼, ਜੋ ਗੰਭੀਰ ਬ੍ਰੇਨ ਸਟ੍ਰੋਕ (ਬ੍ਰੇਨ ਅਟੈਕ) ਨਾਲ ਪੀੜਤ ਸਨ, ਦਾ ਕੈਪੀਟੋਲ ਹਸਪਤਾਲ, ਜਲੰਧਰ 'ਚ ਬਿਨਾਂ ਕਿਸੇ ਚੀਰੇ ਵਾਲੀ ਸਰਜਰੀ ਦੇ ਅਤਿਆਧੁਨਿਕ ਨਿਊਰੋ ਇੰਟਰਵੈਨਸ਼ਨ ਤਕਨੀਕ ਰਾਹੀਂ ਸਫ਼ਲ ਇਲਾਜ ਕਰਕੇ, ਉਸ ਨੂੰ ਪੱਕੇ ਤੌਰ 'ਤੇ ਅਪਾਹਜ ਹੋਣ ਤੋਂ ਬਚਾ ਲਿਆ ਗਿਆ ਹੈ | ਕੈਪੀਟੋਲ ਹਸਪਤਾਲ ਦੇ ਚੇਅਰਮੈਨ ਡਾ. ਸੀ.ਐਸ. ਪਰੂਥੀ ਤੇ ਮੈਡੀਕਲ ਡਾਇਰੈਕਟਰ ਡਾ. ਹਰਨੂਰ ਸਿੰਘ ਪਰੂਥੀ ਨੇ ਜਾਣਕਾਰੀ ਦਿੱਤੀ ਕਿ ਹਸਪਤਾਲ 'ਚ ਆਏ ਮਰੀਜ਼ ਨੂੰ ਪਹਿਲਾਂ ਵੀ ਕਈ ਵਾਰੀ ਹਲਕੇ ਸਟ੍ਰੋਕ ਦੇ ਲੱਛਣ ਆਏ ਸਨ, ਪਰ ਹਸਪਤਾਲ 'ਚ ਦਾਖ਼ਲ ਹੋਣ ਸਮੇਂ ਉਨ੍ਹਾਂ ਦਾ ਸੱਜਾ ਹੱਥ, ਪੈਰ ਤੇ ਚਿਹਰੇ 'ਚ ਕਮਜ਼ੋਰੀ ਅਤੇ ਅਧਰੰਗ ਵਰਗੇ ਲੱਛਣ ਸਨ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦਿਮਾਗ ਦੀ ਇਕ ਮੁੱਖ ਨਸ ਪੂਰੀ ਤਰ੍ਹਾਂ ਤੇ ਦੂਜੀ 95 ਫੀਸਦੀ ਤੱਕ ਬੰਦ ਹੋ ਚੁੱਕੀ ਸੀ | ਉਨ੍ਹਾਂ ਕਿਹਾ ਕਿ 'ਇਹ ਬਹੁਤ ਹੀ ਖ਼ਤਰਨਾਕ ਸਥਿਤੀ ਸੀ', ਜਿਸ 'ਚ ਤੁਰੰਤ ਇਲਾਜ ਲਾਜ਼ਮੀ ਸੀ | ਇਸ ਤੋਂ ਬਾਅਦ ਡਾ. ਤਿ੍ਮਾਨ ਸਿੰਘ ਸਿਕੰਦ (ਕੰਸਲਟੈਂਟ ਇੰਟਰਵੇਂਸ਼ਨਲ ਨਿਊਰੋਲੋਜੀ) ਅਤੇ ਕੈਪੀਟੋਲ ਹਸਪਤਾਲ ਦੀ ਟੀਮ ਨੇ ਐਮਰਜੈਂਸੀ 'ਚ ਬ੍ਰੇਨ ਥਰੋਮਬੈਕਟੋਮੀ ਅਤੇ ਸਟੈਂਟਿੰਗ ਦੀ ਪ੍ਰਕਿਰਿਆ ਕੀਤੀ | ਇਸ ਤਕਨੀਕ ਹੇਠ, ਮਰੀਜ਼ ਦੇ ਪੱਟ ਰਾਹੀਂ ਇਕ ਪਤਲੀ ਨਲੀ (ਕੈਥੇਟਰ) ਦਿਮਾਗ ਦੀ ਬੰਦ ਨਸ ਤੱਕ ਪਹੁੰਚਾਈ ਗਈ ਤੇ ਨਸ ਨੂੰ ਖੋਲ੍ਹ ਕੇ ਖੂਨ ਦਾ ਵਹਾਅ ਦੁਬਾਰਾ ਚਾਲੂ ਕੀਤਾ ਗਿਆ | ਮਰੀਜ਼ ਨੇ ਬਿਹਤਰੀਨ ਤਰੀਕੇ ਨਾਲ ਠੀਕ ਹੋ ਕੇ ਆਪਣੇ ਪੈਰਾਂ 'ਤੇ ਚੱਲਦਿਆਂ ਘਰ ਵਾਪਸੀ ਕੀਤੀ | ਡਾ. ਪਰੂਥੀ ਨੇ ਕਿਹਾ ਇਹ ਕੇਸ ਇਸ ਗੱਲ ਦਾ ਸਬੂਤ ਹੈ ਕਿ ਅਧੁਨਿਕ ਤਕਨੀਕ, ਤਜਰਬੇਕਾਰ ਡਾਕਟਰਾਂ ਦੀ ਟੀਮ ਅਤੇ ਸਮੇਂ ਸਿਰ ਲਿਆ ਗਿਆ ਫ਼ੈਸਲਾ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ |
ਕੈਪੀਟੋਲ ਹਸਪਤਾਲ 'ਚ ਗੰਭੀਰ ਬ੍ਰੇਨ ਸਟ੍ਰੋਕ ਤੋਂ ਪੀੜਤ ਬਜ਼ੁਰਗ ਮਰੀਜ਼ ਦਾ ਸਫ਼ਲ ਇਲਾਜ <br/>
ਅਜੀਤ ਡੈਸਕ
18-07-2025