ਹਰਸਾ ਛੀਨਾ, 31 ਅਗਸਤ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਤਹਿਤ ਪੈਂਦੀ ਅਨਾਜ ਮੰਡੀ ਹਰਸਾ ਛੀਨਾ (ਕੁਕੜਾਂਵਾਲਾ) ਨਜ਼ਦੀਕ ਆਰਜੀ ਤੌਰ ਤੇ ਰਹਿ ਰਹੇ ਗੁਜਰ ਪਰਿਵਾਰਾਂ ਦੇ ਬਣਾਏ ਆਰਜੀ ਘਰਾਂ (ਬਾਂਸਾਂ ਦੇ ਘਰ) ਵਿਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਅਤੇ ਅੱਜ ਸਵੇਰ ਤੋੋਂ ਹੋਈ ਭਾਰੀ ਬਾਰਿਸ਼ ਕਾਰਨ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਗੁੱਜਰ ਪਰਿਵਾਰਾਂ ਨੂੰ ਆਪਣੀ ਰਿਹਾਇਸ਼ ਨੂੰ ਖਾਲੀ ਕਰਕੇ ਅੱਡਾ ਕੁੁਕੜਾਂਵਾਲਾ ਸਥਿਤ ਖੇਡ ਸਟੇਡੀਅਮ ਦੇ ਹਾਲ ਵਿਖੇ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ | ਇਸ ਸੰਬੰਧੀ ਬਾਰਿਸ਼ ਦੇ ਪਾਣੀ ਤੋਂ ਪੀੜਿਤ ਗੁਜਰ ਪਰਿਵਾਰ ਦੇ ਨੌਜਵਾਨ ਜਾਫਰ ਅਲੀ ਅਤੇ ਗੋਰਾ ਅਲੀ ਪੁੱਤਰ ਨਘੂ ਅਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਸਮੇਤ ਅੱਡਾ ਕੁਕੜਾਂਵਾਲਾ ਵਿਖੇ ਆਰਜੀ ਘਰ ਬਣਾ ਕੇ ਦੁੱਧ ਦਾ ਕਾਰੋਬਾਰ ਕਰਦਿਆਂ ਆਪਣੀ ਜ਼ਿੰਦਗੀ ਗੁਜਾਰ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਅਤੇ ਅੱਜ ਸਵੇਰ ਤੋਂ ਦੁਪਹਿਰ ਤੱਕ ਹੋਈ ਭਾਰੀ ਬਾਰਿਸ਼ ਕਾਰਨ ਮੀਂਹ ਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਪੁੱਜ ਚੁੱਕਾ ਹੈ ਜਿਸ ਕਾਰਨ ਮੀਂਹ ਦੇ ਪਾਣੀ ਵਿਚ ਸੱਪ ਅਤੇ ਹੋੋਰ ਜ਼ਹਿਰੀਲੇ ਜਾਨਵਰ ਉਨ੍ਹਾਂ ਦੇ ਘਰਾਂ ਤੱਕ ਪੁੱਜ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਰਿਹਾਇਸ਼ ਨੂੰ ਛੱਡਦਿਆਂ ਅੱਡਾ ਕੁਕੜਾਂਵਾਲਾ ਦੇ ਖੇਡ ਸਟੇਡੀਅਮ ਵਿਖੇ ਸ਼ਰਨ ਲੈਣੀ ਪਈ ਹੈ | ਇਸ ਸਮੇਂ ਜਾਫਰ ਅਲੀ ਤੇ ਗੋਰਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਰਿਸ਼ ਤੇ ਪਾਣੀ ਤੋਂ ਪੀੜਿਤ ਗੁੱਜਰ ਪਰਿਵਾਰਾਂ ਦੀ ਸਾਰ ਲਈ ਜਾਵੇ |