ਮਾਨਸਾ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ਨੇ ਇਕ ਦਿਨ ਦੀ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। 4 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਉਕਤ ਨੂੰ ਵੀ.ਸੀ. ਰਾਹੀ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਰਾਮ ਦਿੱਤੇਵਾਲਾ ਚੌਂਕ ਵਿਖੇ ਹੋਈ ਝੜਪ ਦੌਰਾਨ ਮੋਹਨਜੀਤ ਸਿੰਘ ਸ਼ੇਰੋਂ ਸਮੇਤ 2 ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਲੱਖਾ ਸਿਧਾਣਾ ਨੂੰ ਤਿੰਨਕੋਨੀ ਨਜ਼ਦੀਕ ਲਗਾਏ ਧਰਨੇ ਕੋਲੋਂ ਪੁਲਿਸ ਚੁੱਕ ਕੇ ਲੈ ਗਈ ਸੀ।
ਲੱਖਾ ਤੇ ਸ਼ੇਰੋਂ ’ਤੇ ਇਰਾਦਾ ਕਤਲ ਤੋਂ ਇਲਾਵਾ ਹੋਰ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਲੱਖਾ ਵਲੋਂ ਵਕੀਲ ਹਰਪਾਲ ਸਿੰਘ ਖਾਰਾ ਤੇ ਰਣਜੋਧ ਸਿੰਘ ਭੁੱਲਰ ਅਤੇ
ਸ਼ੇਰੋਂ ਦੀ ਤਰਫ਼ੋਂ ਐਡਵੋਕੇਟ ਮਨਪ੍ਰੀਤ ਸਿੰਘ ਪੇਸ਼ ਹੋਏ। ਪੁਲਿਸ ਵਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ। ਤਰਕ ਦਿੱਤਾ ਗਿਆ ਕਿ ਲੱਖਾ ਤੋਂ ਮੋਬਾਈਲ ਫ਼ੋਨ ਬਰਾਮਦ ਕਰਵਾਉਣਾ ਹੈ। ਲੱਖੇ ਨੇ ਵੀਡੀਓ ਕਾਨਫ਼ਰੰਸ ਜਰੀਏ ਤੁਰੰਤ ਹੀ ਕਿਹਾ ਕਿ ਉਸ ਦਾ ਮੋਬਾਈਲ ਤਾਂ ਧਰਨੇ ’ਚ ਡਿੱਗ ਪਿਆ ਸੀ ਅਤੇ ਜਾਮਾ ਤਲਾਸ਼ੀ ਵੇਲੇ ਪੁਲਿਸ ਨੂੰ ਨਹੀਂ ਮਿਲਿਆ। ਸ਼ੇਰੋਂ ਦੇ ਮਾਮਲੇ ’ਚ ਪੁਲਿਸ ਤਰਫ਼ੋਂ ਆਖਿਆ ਗਿਆ ਕਿ ਉਸ ਤੋਂ ਕਿਰਪਾਨ ਬਰਾਮਦ ਕਰਵਾਉਣੀ ਹੈ। ਐਡਵੋਕੇਟ ਖਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮਾਣਯੋਗ ਅਦਾਲਤ ’ਚ ਉਨ੍ਹਾਂ ਇਹ ਸਵਾਲ ਉਠਾਇਆ ਕਿ ਪੁਲਿਸ ਇਹ ਦੱਸੇ ਕਿ ਹੁਣ ਤੱਕ ਧਰਨੇ ਵਾਲੀ ਥਾਂ ’ਤੇ ਮੋਬਾਈਲ ਬਰਾਮਦ ਕਰਨ ਲਈ ਗਈ ਹੈ? ਪਰ ਅੱਗੋਂ ਕੋਈ ਜਵਾਬ ਨਾ ਆਇਆ। ਇਸੇ ਤਰ੍ਹਾਂ ਸ਼ੇਰੋਂ ਦੇ ਮਾਮਲੇ ’ਚ ਵਕੀਲਾਂ ਨੇ ਕਿਹਾ ਕਿ ਉਹ ਕਿਰਪਾਨ ਰੱਖਦੇ ਹੀ ਨਹੀਂ ਬਲਕਿ ਗਾਤਰਾ ਪਾਉਂਦੇ ਹਨ।
ਸੁਣਵਾਈ ਦੇ ਚੱਲਦਿਆਂ ਅਦਾਲਤ ਵਲੋਂ ਦੋਵਾਂ ਦਾ ਇਕ ਦਿਨਾ ਰਿਮਾਂਡ ਦਿੱਤਾ ਗਿਆ। ਲੱਖੇ ਨੂੰ ਮਾਮੂਲੀ ਦਿਲ ਦਾ ਦੌਰਾ ਪੈਣ ਦੀ ਸਿਹਤ ਜਾਂਚ ਕਰਵਾਉਣ ਦੀ ਅਦਾਲਤ ਨੇ ਮੰਗ ਮੰਨੀ।
ਲੱਖਾ ਸਿਧਾਣਾ ਨੂੰ ਮਾਮੂਲੀ ਦਿਲ ਦਾ ਦੌਰਾ ਪੈਣ ਅਤੇ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਵੀ.ਸੀ. ਰਾਹੀਂ ਪੇਸ਼ੀ ਦੌਰਾਨ ਲੱਖੇ ਤੇ ਉਨ੍ਹਾਂ ਦੇ ਵਕੀਲਾਂ ਵਲੋਂ ਇਹ ਮਾਮਲਾ ਅਦਾਲਤ ਦੇ ਧਿਆਨ ’ਚ ਲਿਆਂਦਾ ਗਿਆ। ਇਸ ਦੌਰਾਨ ਉਸ ਦੀ ਡਾਕਟਰੀ ਜਾਂਚ ਕਰਵਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਗਈ, ਜਿਸ ਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐਡਵੋਕੇਟ ਖਾਰਾ ਤੇ ਭੁੱਲਰ ਨੇ ਕਿਹਾ ਕਿ ਸਿਧਾਣਾ ਦੀ ਸਿਹਤ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਨੂੰ ਕਿਸੇ ਵੀ ਪੱਖੋਂ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ।