ਸ੍ਰੀ ਅਨੰਦਪੁਰ ਸਾਹਿਬ, 20 ਨਵੰਬਰ (ਜੇ. ਐਸ. ਨਿੱਕੂਵਾਲ)-ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਹੈੱਡ ਦਰਬਾਰ ਕੋਟ ਪ੍ਰਾਣ ਰੂਪਨਗਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ-ਕੇ-ਮਹਿਲ ਭੋਰਾ ਸਾਹਿਬ ਵਿਖੇ ਵੱਖ-ਵੱਖ ਪਕਵਾਨਾਂ ਦਾ ਸਲਾਨਾ ਲੰਗਰ ਲਗਾਇਆ, ਜਿਸ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ | ਉਨ੍ਹਾ ਦੱਸਿਆ ਕਿ ਇਸ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਨੂੰ ਲੈ ਕੇ ਗੁਰਦੁਆਰਾ ਹੈੱਡ ਦਰਬਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਇਸ ਪਾਵਨ ਧਰਤੀ 'ਤੇ 2014 ਵਿਚ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਦੇ ਸਮੁੱਚੇ ਕੰਪਲੈਕਸ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਤੇ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਹਰ ਸਾਲ ਲੰਗਰ ਲਗਾ ਰਹੇ ਹਨ | ਇਸ ਤੋਂ ਬਿਨਾਂ ਹੁਣ ਸ਼ਤਾਬਦੀ ਸਮਾਗਮਾਂ ਤੇ 29 ਨਵੰਬਰ ਤੱਕ ਵੱਖ-ਵੱਖ ਪਕਵਾਨਾਂ ਦਾ ਲੰਗਰ 24 ਘੰਟੇ ਚੱਲੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਵਾਸੀ ਬਾਬਾ ਪ੍ਰੇਮ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਡੇਰਾ ਮੋਇਆਂ ਦੀ ਮੰਡੀ ਵਿਖੇ ਵੀ ਲਗਾਤਾਰ ਲੰਗਰਾਂ ਦੀ ਸੇਵਾ ਚੱਲ ਰਹੀ ਹੈ | ਉਨ੍ਹਾ ਕਿਹਾ ਕਿ ਇਹ ਉਹ ਪਵਿੱਤਰ ਸਥਾਨ ਹੈ, ਜਿਸ ਦੀ ਨੀਂਹ ਗੁਰੂ ਤੇਗ ਬਹਾਦਰ ਜੀ ਨੇ 1665 ਵਿਚ ਰੱਖੀ ਸੀ | ਇਸੇ ਥਾਂ 'ਤੇ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਪਣੀ ਰੱਖਿਆ ਦੀ ਪੁਕਾਰ ਲੈ ਕੇ ਆਏ ਸੀ | ਇਸ ਤੋਂ ਬਿਨਾਂ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਇਸ ਥਾਂ 'ਤੇ ਗੁਜ਼ਾਰਿਆ ਸੀ ਤੇ ਤਿੰਨ ਸਾਹਿਬਜ਼ਾਦਿਆਂ ਦੀ ਜਨਮ ਭੂਮੀ ਵੀ ਇਹ ਪਵਿੱਤਰ ਥਾਂ ਹੈ | ਉਨ੍ਹਾ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼ਤਾਬਦੀ ਸਮਾਗਮਾਂ ਵਿਚ ਇਸ ਪਵਿੱਤਰ ਥਾਂ ਦੇ ਦਰਸ਼ਨਾਂ ਲਈ ਹੰੁਮ-ਹੰੁਮਾ ਕੇ ਆਓ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰੋ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜ਼ੋਗਿੰਦਰ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਦਵਿੰਦਰ ਸਿੰਘ ਬਾਲਾ, ਭਾਈ ਜ਼ਸਵੀਰ ਸਿੰਘ ਰਾਗੀਬਾਗ, ਨਿਰੰਜਨ ਸਿੰਘ, ਹਰਜਿੰਦਰ ਸਿੰਘ, ਤਰਲੋਚਨ ਸਿੰਘ, ਸਾਬਕਾ ਮੈਨੇਜਰ ਹਰਜੀਤ ਸਿੰਘ, ਨਰਿੰਦਰ ਸਿੰਘ, ਗੁਰਿੰਦਰ ਸਿੰਘ, ਬਲਵੰਤ ਸਿੰਘ, ਉਧਮ ਸਿੰਘ, ਅਜਮੇਰ ਸਿੰਘ, ਦਿਲਬਾਗ ਸਿੰਘ, ਪ੍ਰਭਜੋਤ ਸਿੰਘ, ਪਰਮਿੰਦਰ ਸਿੰਘ, ਅਰਸ਼ਦੀਪ ਸਿੰਘ, ਹੈਪੀ ਸਿੰਘ, ਰੇਸ਼ਮ ਸਿੰਘ, ਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |