ਰੂਪਨਗਰ, 20 ਨਵੰਬਰ (ਸਤਨਾਮ ਸਿੰਘ ਸੱਤੀ)-24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿਚ ਨਵੇਂ ਜ਼ਿਲ੍ਹੇ ਦੇ ਐਲਾਨ ਦੀਆਂ ਕਿਆਸ-ਅਰਾਈਆਂ ਨੇ ਜ਼ੋਰ ਫੜ ਲਿਆ ਹੈ | ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਸੰਭਾਵਨਾ ਜਿਥੇ ਲੋਕਾਂ ਵਿਚ ਉਮੀਦ ਜਗਾ ਰਹੀ ਹੈ, ਉੱਥੇ ਹੀ ਇਲਾਕਿਆਂ ਦੀ ਸੰਭਾਵਿਤ ਤੋੜ-ਮਰੋੜ ਨੇ ਚਾਰੇ ਪਾਸੇ ਚਿੰਤਾ, ਗੁੱਸਾ ਤੇ ਵਿਰੋਧ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਖਰੜ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੋਕਾਂ ਨੇ ਖੂਬ ਘੇਰਿਆ | ਘੜੂਆਂ ਕਾਨੂਗੋਈ ਦੇ ਲਗਪਗ 35 ਪਿੰਡਾਂ ਨੂੰ ਰੂਪਨਗਰ ਨਾਲ ਜੋੜਨ ਦੀਆਂ ਚਰਚਾਵਾਂ ਦੇ ਵਿਰੋਧ 'ਚ ਇਕੱਠੇ ਹੋਏ ਲੋਕ ਉਸ ਸਮੇਂ ਹੋਰ ਭੜਕ ਗਏ, ਜਦੋਂ ਵਿਧਾਇਕ ਨੇ ਇਕ ਵੱਖਰੀ ਹੀ ਟਿੱਪਣੀ ਕੀਤੀ ਕਿ 'ਦਸਵੀਂ ਪਾਸ ਬੰਦੇ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦਾ |' ਇਸ ਟਿੱਪਣੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਤਿੱਖਾ ਕਰ ਦਿੱਤਾ ਤੇ ਹਾਲਾਤ ਕਾਫ਼ੀ ਗਰਮ ਹੋ ਗਏ | ਰੂਪਨਗਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਲੰਬੇ ਸਮੇਂ ਤੋਂ ਚੱਲ ਰਹੀ ਹੜਤਾਲ ਵੀ ਨਵੇਂ ਜ਼ਿਲ੍ਹੇ ਦੇ ਸਿਰਜੇ ਜਾਣ ਸੰਬੰਧੀ ਵਧ ਰਹੀਆਂ ਚਿੰਤਾਵਾਂ ਦੀ ਗਵਾਹੀ ਦੇ ਰਹੀ ਹੈ | ਬਲਾਚੌਰ ਤੇ ਗੜਸ਼ੰਕਰ ਹਲਕਿਆਂ 'ਚ ਵੀ ਇਸੇ ਤਰ੍ਹਾਂ ਦਾ ਰੋਸ ਸਾਹਮਣੇ ਆ ਰਿਹਾ ਹੈ | ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਾਜਨੀਤਿਕ ਤੌਰ 'ਤੇ ਇਹ ਸਥਿਤੀ ਆਮ ਆਦਮੀ ਪਾਰਟੀ ਲਈ ਚਿੰਤਾਜਨਕ ਮੰਨੀ ਜਾ ਰਹੀ ਹੈ | ਜੇ ਨਵੇਂ ਜ਼ਿਲ੍ਹੇ ਦੀ ਰਚਨਾ ਦੌਰਾਨ ਇਲਾਕਿਆਂ ਦੀ ਤੋੜ-ਭੰਨ ਕੀਤੀ ਗਈ ਤਾਂ ਰੂਪਨਗਰ, ਖਰੜ, ਕੁਰਾਲੀ, ਬਲਾਚੌਰ ਤੇ ਗੜਸ਼ੰਕਰ ਵਿਚ ਪਾਰਟੀ ਨੂੰ ਵੱਡੇ ਪੱਧਰ 'ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸਰਕਾਰੀ ਹਲਕਿਆਂ ਤੋਂ ਮਿਲੀਆਂ-ਜੁਲੀਆਂ ਰਿਪੋਰਟਾਂ ਨੇ ਵੀ ਉਲਝਣ ਵਧਾ ਦਿੱਤੀ ਹੈ | ਕੁੱਝ ਸਰੋਤ ਦਾਅਵਾ ਕਰ ਰਹੇ ਹਨ ਕਿ ਵਿਸ਼ੇਸ਼ ਸੈਸ਼ਨ 'ਚ ਨਵੇਂ ਜ਼ਿਲ੍ਹੇ ਦਾ ਐਲਾਨ ਹੋ ਸਕਦਾ ਹੈ, ਜਦ ਕਿ ਕੁਝ ਅਜਿਹੀ ਸੰਭਾਵਨਾ ਤੋਂ ਇਨਕਾਰ ਕਰ ਰਹੇ ਹਨ ਪਰ ਸੈਸ਼ਨ ਸੱਦਣ ਦੇ ਪਿੱਛੇ ਕਿਸੇ ਵੱਡੇ ਮਕਸਦ ਦੀ ਪਸ਼ੀਨਗੋਈ ਨੇ ਚਰਚਾਵਾਂ ਨੂੰ ਹੋਰ ਗਹਿਰਾ ਕਰ ਦਿੱਤਾ ਹੈ | ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਬਿਨਾਂ ਕਿਸੇ ਇਲਾਕੇ ਨੂੰ ਤੋੜੇ ਰੂਪਨਗਰ ਜ਼ਿਲ੍ਹੇ ਦਾ ਸਿਰਫ ਨਾਂਅ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਹੀ ਰੱਖ ਦਿੱਤਾ ਜਾਵੇ, ਜੇ ਅਜਿਹਾ ਹੁੰਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਜ਼ਰ ਨਹੀਂ ਆਉਂਦਾ ਪਰ ਜੇ ਇਲਾਕਿਆਂ ਦੀ ਤੋੜ-ਮਰੋੜ ਹੋਈ ਤਾਂ ਨਾਰਾਜ਼ਗੀ ਹੋਰ ਗੰਭੀਰ ਰੂਪ ਧਾਰ ਸਕਦੀ ਹੈ | ਇਤਿਹਾਸਕ ਤੌਰ 'ਤੇ ਰੂਪਨਗਰ ਜ਼ਿਲ੍ਹਾ ਕਾਫ਼ੀ ਵੱਡਾ ਰਿਹਾ ਹੈ | ਇਕ ਸਮੇਂ ਇਸ ਦੀਆਂ ਹੱਦਾਂ ਅੰਬਾਲਾ (ਹਰਿਆਣਾ) ਤੱਕ ਜੁੜਦੀਆਂ ਸਨ ਪਰ ਹੌਲੀ-ਹੌਲੀ ਇਸ ਦੇ ਹਿੱਸੇ ਕੱਟਦੇ ਗਏ, ਮੁਹਾਲੀ ਤੇ ਫਤਹਿਗੜ੍ਹ ਸਾਹਿਬ ਵੱਖਰੇ ਜ਼ਿਲ੍ਹੇ ਬਣੇ, ਰੈਲ ਮਾਜਰਾ ਬਲਾਚੌਰ ਨਾਲ ਜੋੜਿਆ ਤੇ ਰੂਪਨਗਰ ਇਕ 'ਬੌਣਾ ਜ਼ਿਲ੍ਹਾ' ਬਣ ਕੇ ਰਹਿ ਗਿਆ ਇਹ ਸਾਰੀ ਤੋੜ ਭੰਨ ਕਾਂਗਰਸ ਸਰਕਾਰਾਂ ਮੌਕੇ ਹੋਈ ਪਰ ਹੁਣ ਚਰਚਾ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਕਰਨਾ ਚਾਹੁੰਦੀ ਹੈ, ਵਕੀਲਾਂ ਦਾ ਮੰਨਣਾ ਹੈ ਕਿ ਜਦੋਂ ਪੰਜਾਬ 'ਚ ਫਿਰੋਜ਼ਪੁਰ, ਲੁਧਿਆਣਾ ਤੇ ਹੋਰ ਵੱਡੇ ਜ਼ਿਲ੍ਹੇ ਮੌਜੂਦ ਹਨ, ਜਿਥੋਂ ਹੋਰ ਨਵੇਂ ਜ਼ਿਲ੍ਹੇ ਬਣ ਸਕਦੇ ਹਨ, ਤਾਂ ਪਹਿਲਾਂ ਹੀ ਸਭ ਤੋਂ ਛੋਟੇ ਰੂਪਨਗਰ ਦੀ ਹੋਰ ਤੋੜਭੰਨ ਕਰਨਾ ਨਿਆਂਸੰਗਤ ਤੇ ਤਰਕਸੰਗਤ ਨਹੀਂ ਹੈ | ਇਹ ਵੀ ਖ਼ਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਛੱਡ ਕੇ ਹੋਰ ਕਈ ਵਿਧਾਇਕ ਨਵੇਂ ਜ਼ਿਲ੍ਹੇ 'ਚ ਇਲਾਕਿਆਂ ਦੀ ਵੰਡ ਨੂੰ ਲੈ ਕੇ ਅੰਦਰੂਨੀ ਤੌਰ 'ਤੇ ਨਾਰਾਜ਼ ਹਨ | ਚਰਚਾ ਅਨੁਸਾਰ, ਕੁੱਝ ਵਿਧਾਇਕ ਇਸ ਦੇ ਵਿਰੋਧ 'ਚ ਲਿਖਤ ਰੂਪ ਵਿਚ ਆਪਣੀ ਨਾਰਾਜ਼ਗੀ ਵੀ ਜਤਾ ਚੁੱਕੇ ਹਨ | ਇਸ ਕਾਰਨ ਲੋਕਾਂ 'ਚ ਇਹ ਅੰਦੇਸ਼ਾ ਵੀ ਬਹੁਤ ਜ਼ੋਰ ਫੜ ਰਿਹਾ ਹੈ ਕਿ ਸਰਕਾਰ 'ਕੁੱਝ ਵੀ ਕਰ ਸਕਦੀ ਹੈ,' ਅਤੇ ਇਸ ਸਰਕਾਰ ਦੀ ਕਾਰਗੁਜਾਰੀ ਕਰਕੇ ਭਰੋਸੇ ਦੀ ਘਾਟ ਸਪੱਸ਼ਟ ਦਿੱਖ ਰਹੀ ਹੈ | 24 ਨਵੰਬਰ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਇਸ ਵੇਲੇ ਪੂਰੇ ਖੇਤਰ ਦੀ ਨਜ਼ਰ ਵਿਧਾਨ ਸਭਾ 'ਤੇ ਟਿਕੀ ਹੋਈ ਹੈ | ਐਲਾਨ ਹੋਵੇ ਜਾਂ ਨਾ ਪਰ ਇਸ ਚਰਚਾ ਨੇ ਸਿਆਸੀ ਤਾਪਮਾਨ ਨੂੰ ਨਿਸ਼ਚਿਤ ਤੌਰ 'ਤੇ ਹੋਰ ਵਧਾ ਦਿੱਤਾ ਹੈ |