ਨੂਰਪੁਰ ਬੇਦੀ, 20 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਗੋਪਾਲਪੁਰ ਵਿਖੇ ਜਮਹੂਰੀ ਕਿਸਾਨ ਸਭਾ ਦੀ ਅਹਿਮ ਮੀਟਿੰਗ ਹੋਈ | ਜਿਸ ਦੌਰਾਨ ਹਾਜ਼ਰ ਹੋਏ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਸਾਨੀ ਮਸਲਿਆਂ 'ਤੇ ਚਰਚਾ ਕਰਦਿਆਂ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ 26 ਨਵੰਬਰ ਰਹਿੰਦੇ ਮਸਲੇ ਹੱਲ ਕਰਵਾਉਣ ਲਈ ਲਗਾਏ ਜਾਣ ਵਾਲੇ ਧਰਨੇ ਲਈ ਕਮਰ ਕੱਸਣ ਦੀ ਅਪੀਲ ਕੀਤੀ | ਸੰਧੂ ਨੇ ਕਿਹਾ ਕਿ ਸਰਕਾਰ ਅਜੇ ਤੱਕ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨਾਲ ਹੋਏ ਲਿਖਤੀ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੀ ਹੈ | ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਲਾਭਕਾਰੀ ਭਾਅ, ਕਰਜ਼ਾ ਮੁਆਫ਼ੀ, ਬਿਜਲੀ ਦਰਾਂ ਦੀ ਕਟੌਤੀ ਤੇ ਫ਼ਸਲੀ ਬੀਮੇ ਨਾਲ ਜੁੜੀਆਂ ਮੰਗਾਂ ਅਜੇ ਵੀ ਅਧੂਰੀਆਂ ਪਈਆਂ ਹਨ | ਸੰਧੂ ਨੇ ਜ਼ੋਰ ਦਿੱਤਾ ਕਿ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਵੱਡੇ ਧਰਨੇ ਨੂੰ ਸਫਲ ਬਣਾਉਣਾ ਹਰ ਕਿਸਾਨ ਦੀ ਜ਼ਿੰਮੇਵਾਰੀ ਹੈ, ਤਾਂ ਜੋ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਕਈ ਇਲਾਕਿਆਂ 'ਚ ਯੂਰੀਆ ਦੀ ਕਿਲਤ ਕਰ ਕੇ ਕਾਲਾਬਾਜ਼ਾਰੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਤੇ ਸਰਕਾਰੀ ਪਾਬੰਦੀ ਦੇ ਬਾਵਜੂਦ ਕਿਸਾਨਾਂ ਨੂੰ ਡੀਲਰਾਂ ਵਲੋਂ ਬੂਸਟਰ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ ਹੈ | ਅੰਤ 'ਚ ਕਿਸਾਨਾਂ ਨੇ ਚੰਡੀਗੜ੍ਹ ਧਰਨੇ ਨੂੰ ਇਤਿਹਾਸਕ ਬਣਾਉਣ ਲਈ ਪੂਰਾ ਯੋਗਦਾਨ ਪਾਉਣ ਦਾ ਭਰੌਸਾ ਦਿੱਤਾ | ਮੀਟਿੰਗ ਦੌਰਾਨ ਜਥੇਬੰਦੀ 'ਚ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ, ਜਿਸ ਤਹਿਤ ਨੰ ਪਰਮਿੰਦਰ ਸਿੰਘ ਗੋਪਾਲਪੁਰ ਨੂੰ ਨੂਰਪੁਰ ਬੇਦੀ ਬਲਾਕ ਦਾ ਪ੍ਰਧਾਨ, ਜਦ ਕਿ ਮਾ. ਬਲਬੀਰ ਸਿੰਘ ਨੂੰ ਜਨਰਲ ਸਕੱਤਰ ਲਗਾਇਆ | ਮੀਟਿੰਗ 'ਚ ਮੋਹਣ ਸਿੰਘ ਧਮਾਣਾ, ਗੁਰਨੈਬ ਜੇਤੇਵਾਲ, ਯੋਗਰਾਜ ਧਾਦਲੀ, ਮਹਿੰਦਰ ਸਿੰਘ ਤਖਤਗੜ੍ਹ, ਕੁਲਵੰਤ ਕੁੰਭੇਵਾਲ, ਸਗਲੀ ਰਾਮ, ਧਰਮਪਾਲ ਸੈਣੀਮਾਜਰਾ, ਹਰਸ਼ਵੀਰ ਢਿੱਲੋਂ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸੰਘਾ, ਕਿ੍ਸ਼ਨ ਸਿੰਘ, ਬੁੱਧ ਰਾਮ ਤੇ ਦਰਸ਼ਨ ਲਸਾੜੀ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |