ਰੂਪਨਗਰ, 20 ਨਵੰਬਰ (ਸਤਨਾਮ ਸਿੰਘ ਸੱਤੀ)-ਗਿਲਕੋ ਵੈਲੀ ਰੂਪਨਗਰ ਦੇ ਸਾਹਮਣੇ ਅਕੈਡਮੀ ਰੋਡ 'ਤੇ ਬੇਤਹਾਸ਼ਾ ਖੜਦੇ ਟਿੱਪਰਾਂ ਕਾਰਨ ਨੇੜਲੇ ਘਰਾਂ ਦੇ ਵਸਨੀਕਾਂ ਤੇ ਦੁਕਾਨਦਾਰਾਂ ਦਾ ਜੀਣਾ ਦੁੱਭਰ ਹੋ ਗਿਆ ਹੈ | ਸੁਆਹ ਦਾ ਕੰਮ ਕਰਦੇ ਇਨ੍ਹਾਂ ਟਿੱਪਰਾਂ ਦੀ ਸੁਆਹ ਖਿਲਰਕੇ ਹਰ ਰੋਜ਼ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਜਿਸ ਨਾਲ ਇਲਾਕੇ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ | ਗਿਲਕੋ ਵੈਲੀ ਦੇ ਵਸਨੀਕਾਂ ਮਨਪ੍ਰੀਤ ਕੌਰ, ਸ਼ਮਸ਼ੇਰ ਸਿੰਘ ਹਵੇਲੀ, ਅਮਨਦੀਪ ਕੌਰ, ਜਸਬੀਰ ਕੌਰ, ਗੁਰਪ੍ਰੀਤ ਕੌਰ, ਹਰਵਿੰਦਰ ਸਿੰਘ, ਦਲਜੀਤ ਕੌਰ, ਨੇਹਾ ਧਿਮਾਨ, ਜਸਪਾਲ ਸਿੰਘ, ਕੁਲਦੀਪ ਕੌਰ, ਪ੍ਰਕਾਸ਼ ਕੌਰ, ਪਿੰਕੀ, ਅਵਤਾਰ ਸਿੰਘ, ਆਰਿਫ ਖਾਨ, ਸੁਨੀਲ, ਗਗਨਦੀਪ ਕੌਰ, ਅਦਿੱਤਿਆ, ਮਮਤਾ, ਅਮਨਦੀਪ ਕੌਰ, ਪੂਨਮ, ਬਲਵਿੰਦਰ ਸਿੰਘ, ਸਰੂਪ ਸਿੰਘ ਸਮੇਤ ਅਨੇਕਾਂ ਵਸਨੀਕਾਂ ਨੇ ਦੱਸਿਆ ਕਿ ਗਿਲਕੋ ਵੈਲੀ ਦੀ ਪਾਰਕਿੰਗ 'ਚ ਨਾਜਾਇਜ਼ ਤੌਰ 'ਤੇ ਰੋਜ਼ ਵੱਡੀ ਗਿਣਤੀ ਵਿਚ ਟਿੱਪਰ ਖੜਦੇ ਹਨ, ਜੋ ਸੁਆਹ ਵਾਲਾ ਸਾਮਾਨ ਭਰਦੇ ਹਨ | ਉਨ੍ਹਾਂ ਕਿਹਾ ਕਿ ਇਹ ਸੁਆਹ ਥਾਂ ਥਾਂ ਖਿੱਲਰੀ ਰਹਿੰਦੀ ਹੈ, ਜੋ ਹਵਾ ਨਾਲ ਉੱਡ ਕੇ ਨੇੜਲੇ ਘਰਾਂ, ਦੁਕਾਨਾਂ ਤੇ ਗਲੀਆਂ ਵਿਚ ਫੈਲ ਜਾਂਦੀ ਹੈ, ਜਿਸ ਨਾਲ ਸਿਹਤ ਨੂੰ ਖ਼ਤਰਾ ਤੇ ਬੱਚਿਆਂ, ਬਜ਼ੁਰਗਾਂ ਲਈ ਵੱਡੀ ਸਮੱਸਿਆ ਬਣ ਗਈ ਹੈ | ਵਸਨੀਕਾਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਉਹ ਕਈ ਵਾਰ ਗਿਲਕੋ ਵੈਲੀ ਦੇ ਪ੍ਰਬੰਧਕਾਂ ਨੂੰ ਸੂਚਿਤ ਕਰ ਚੁੱਕੇ ਹਨ, ਪਰ ਅਫ਼ਸੋਸ ਅੱਜ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ | ਹੁਣ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਰੂਪਨਗਰ ਨੂੰ ਗੁਹਾਰ ਲਾਈ ਹੈ ਕਿ ਅਕੈਡਮੀ ਰੋਡ 'ਤੇ ਨਾਜਾਇਜ਼ ਤੌਰ 'ਤੇ ਖੜ੍ਹਦੇ ਟਿੱਪਰਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਟਿੱਪਰ ਮਾਲਕਾਂ ਨੂੰ ਆਪਣੀ ਨਿੱਜੀ ਜਗ੍ਹਾ ਤੇ ਟਿੱਪਰ ਖੜ੍ਹਨ ਦੇ ਹੁਕਮ ਦਿੱਤੇ ਜਾਣ, ਇਥੇ ਖਿੱਲਰੀ ਸੁਆਹ ਦੀ ਸਫ਼ਾਈ ਲਈ ਮਜ਼ਬੂਤ ਪ੍ਰਬੰਧ ਕੀਤਾ ਜਾਵੇ, ਇਲਾਕੇ ਦੇ ਵਸਨੀਕਾਂ ਨੂੰ ਸਾਫ਼ ਸੁਥਰੀ ਹਵਾ ਵਿਚ ਰਹਿਣ ਦਾ ਹੱਕ ਦਿੱਤਾ ਜਾਵੇ | ਵਸਨੀਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੁਝ ਦਿਨਾਂ ਵਿਚ ਨਗਰ ਕੌਂਸਲ ਤੇ ਪ੍ਰਸ਼ਾਸਨ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ, ਤਾਂ ਉਹ ਸਖ਼ਤ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ਨਾਲ ਜੁੜਿਆ ਹੈ, ਇਸ ਲਈ ਇਸ ਨੂੰ ਹੋਰ ਲੰਮਾ ਲਟਕਾਉਣਾ ਤਰਕਸੰਗਤ ਨਹੀਂ ਹੋਵੇਗਾ | ਵਸਨੀਕਾਂ ਨੇ ਉਮੀਦ ਜਤਾਈ ਹੈ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਇਸ ਗੰਭੀਰ ਸਮੱਸਿਆ ਦਾ ਤੁਰੰਤ ਨਿਪਟਾਰਾ ਕਰਕੇ ਇਲਾਕੇ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਵਿਚ ਯੋਗਦਾਨ ਪਾਏਗੀ |