ਨੂਰਪੁਰ ਬੇਦੀ, 15 ਜੁਲਾਈ (ਵਿੰਦਰਪਾਲ ਝਾਂਡੀਆਂ) ਨੂਰਪੁਰਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿੱਤ ਉੱਤਰੀ ਭਾਰਤ ਦੇ ਪ੍ਰਸਿੱਧ ਪ੍ਰਾਚੀਨ ਇਤਿਹਾਸਿਕ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਵਿਖੇੇ ਸਾਵਣ ਮਹੀਨੇ ਦੌਰਾਨ ਲੱਗਣ ਵਾਲੇ ਭਾਰੀ ਮੇਲੇ 'ਚ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਜਲ ਚੜ੍ਹਾਉਣ ਲਈ ਮੰਦਰ ਵਿਖੇ ਇਕ ਨਵਾਂ ਸਿਸਟਮ ਸਥਾਪਿਤ ਕੀਤਾ ਗਿਆ | ਜਿਸਦਾ ਅੱਜ ਐਸ.ਐਚ.ਓ. ਨੂਰਪੁਰ ਬੇਦੀ ਸੁਨੀਲ ਕੁਮਾਰ ਨੇ ਜਲ ਅਰਪਿਤ ਕਰਕੇ ਸ਼ੁਭ ਆਰੰਭ ਕੀਤਾ | ਇੱਥੇ ਦੱਸਦੀਏ ਕਿ ਇਸ ਇਤਿਹਾਸਿਕ ਮੰਦਰ ਵਿਖੇ ਸ਼ਿਵਰਾਤਰੀ ਤੋਂ ਇਲਾਵਾ ਸਾਵਣ ਮਹੀਨੇ 'ਚ ਮੇਲੇ ਦੌਰਾਨ ਸੰਗਤਾਂ ਦੀ ਵੱਡੀ ਆਮਦ ਹੁੰਦੀ ਹੈ | ਇਸ ਮੋਕੇ ਦੂਰ-ਦਰਾਜ਼ ਤੋਂ ਸ਼ਰਧਾਲੂ ਸ਼ਿਵਲਿੰਗ 'ਤੇ ਜਲ ਅਰਪਿਤ ਕਰਨ ਲਈ ਪਹੁੰਚਦੇ ਹਨ | ਮੰਦਰ ਵਿਖੇ 1 ਮਹੀਨਾ ਚੱਲਣ ਵਾਲੇ ਸਾਵਣ ਮਹੀਨੇ ਦੌਰਾਨ ਜਲ ਚੜ੍ਹਾਉਣ ਲਈ ਜਿੱਥੇ ਸ਼ਿਵ ਭਗਤਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਦੀ ਹਨ, ਉੱਥੇ ਹੀ ਕਾਂਵੜ ਮੰਡਲੀਆਂ ਵਿਖੇ ਮੰਦਰ ਵਿਖੇ ਹਰਿਦਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਇਸ ਮੰਦਰ ਵਿਖੇ ਪਹੁੰਚਦੇ ਹਨ | ਇਸਦੇ ਚੱਲਦਿਆਂ ਮੰਦਰ ਵਿਖੇ ਜਲ ਚੜ੍ਹਾਉਣ ਵਾਲਿਆਂ ਨੂੰ ਕਈ ਘੰਟੇ ਕਤਾਰਾਂ 'ਚ ਲੱਗਣਾ ਪੈਂਦਾ ਹੈ | ਜਿਸ ਕਰਕੇ ਇਸ ਵਾਰ ਮੰਦਰ ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸੁਵਿਧਾ ਲਈ ਮੰਦਰ ਵਿਖੇ ਇਕ ਸਟੀਲ ਦੀ ਧਾਤੂ ਦਾ ਸਿਸਟਮ ਬਣਾਇਆ ਗਿਆ | ਜਿਸ 'ਤੇ ਜਲ ਅਰਪਿਤ ਕੀਤੇ ਜਾਣ 'ਤੇ ਉਕਤ ਜਲ ਸਿੱਧਾ ਜਲਹਰੀ ਤੋਂ ਹੁੰਦਾ ਹੋਇਆ ਸ਼ਿਵਲਿੰਗ 'ਤੇ ਚੜ੍ਹੇਗਾ | ਇਸ ਪ੍ਰਕਾਰ ਨਾਲ ਨਾ ਤਾਂ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਦਾਖਿਲ ਹੋਣ ਦੀ ਜ਼ਰੂਰਤ ਪਵੇਗਾ | ਬਲਕਿ ਬਾਹਰੋਂ ਹੀ ਸਿੱਧਾ ਜਲ ਚੜ੍ਹਾਉਣ ਨਾਲ ਕਤਾਰਾਂ ਲੱਗਣ ਤੋਂ ਬਚਾਅ ਹੋਣ ਨਾਲ ਸੰਗਤਾਂ ਦੇ ਸਮਾਂ ਦੀ ਵੀ ਬੱਚਤ ਹੋਵੇਗੀ | ਇਸ ਮੌਕੇ ਪੁੱਜੇ ਐਸ.ਐਚ.ਓ ਨੂਰਪੁਰ ਬੇਦੀ ਸੁਨੀਲ ਕੁਮਾਰ ਤੇ ਚੌਕੀ ਇੰਚਾਰਜ ਜਸਮੇਰ ਸਿੰਘ ਨੇ ਉਕਤ ਨਵੇਂ ਸਿਸਟਮ ਰਾਹੀਂ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਇਸ ਵਿਧੀ ਦਾ ਸ਼ੁਭ ਆਰੰਭ ਕਰਵਾਇਆ | ਥਾਨਾ ਮੁੱਖੀ ਨੇ ਸਾਵਣ ਮਹੀਨੇ ਦੌਰਾਨ ਮੰਦਰ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜਾ ਲਿਆ | ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਮੋਹਣ ਲਾਲ ਚੰਦਨ, ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਹਰੀਮੋਹਨ ਚੰਦਨ, ਪ੍ਰਮੋਦ ਕੁਮਾਰ ਨੋਨੀ, ਵਰਿੰਦਰ ਕਪਲਿਸ਼, , ਅਨਿਲ ਕੁਮਾਰ, ਪੁਜਾਰੀ ਹਰਸ਼ ਮਨੀ, ਸੁਬੋਧ ਕੁਮਾਰ ਅਮਰਜੀਤ ਬਿੱਟੂ ਆਦਿ ਹਾਜ਼ਰ ਸਨ |