ਨੂਰਪੁਰ ਬੇਦੀ, 20 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦਿਹਾਤੀ ਦਰਬਾਰਾ ਸਿੰਘ ਬਾਲਾ ਦੇ ਸਨਮਾਨ ਵਿੱਚ ਅੱਜ ਪਿੰਡ ਭੋਗੀਪੁਰ ਵਿਖੇ ਬਲਵਿੰਦਰ ਸਿੰਘ ਅਤੇ ਮੋਹਣ ਸਿੰਘ ਸਾਬਕਾ ਸਰਪੰਚ ਸਮੇਤ ਸਮੂਹ ਪਿੰਡ ਵਾਸੀਆਂ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨਗੀ ਬਲਾਕ ਨੂਰਪੁਰ ਬੇਦੀ ਦੇ ਹਿੱਸੇ ਆਈ ਹੈ ਜੋ ਕਿ ਵੱਡੇ ਮਾਣ ਵਾਲੀ ਗੱਲ ਹੈ ਜਿਸ ਲਈ ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਧੰਨਵਾਦ ਕੀਤਾ | ਬੁਲਾਰਿਆਂ ਨੇ ਕਿਹਾ ਕਿ ਦਰਬਾਰਾ ਸਿੰਘ ਬਾਲਾ ਇੱਕ ਮਿਹਨਤੀ ਆਗੂ ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਿਹਾ ਹੈ ਤੇ ਉਸ ਦੀ ਪਤਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨ ਵੀ ਰਹਿ ਚੁੱਕੀ ਹੈ | ਸ. ਬਾਲਾ ਇੱਕ ਅਜਿਹਾ ਆਗੂ ਹੈ ਜੋ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਹੋਰ ਬੁਲੰਦੀਆਂ 'ਤੇ ਲਿਜਾਵੇਗਾ | ਦਰਬਾਰਾ ਸਿੰਘ ਬਾਲਾ ਨੇ ਕਿਹਾ ਕਿ ਪਾਰਟੀ ਵੱਲੋਂ ਜਿਲ੍ਹਾ ਜਥੇਦਾਰ ਥਾਪਣ ਤੇ ਉਨਾਂ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ ਹੈ ਤੇ ਉਹ ਕੋਸ਼ਿਸ਼ ਕਰਨਗੇ ਕਿ ਪਾਰਟੀ ਵੱਲੋਂ ਉਨਾਂ 'ਤੇ ਜੋ ਭਰੋਸਾ ਪ੍ਰਗਟਾਇਆ ਗਿਆ ਹੈ ਉਸ ਨੂੰ ਕਾਇਮ ਰੱਖ ਸਕਣ | ਉਪਰੰਤ ਸਮੂਹ ਹਾਜ਼ਰੀਨ ਵਲੋਂ ਦਰਬਾਰਾ ਸਿੰਘ ਬਾਲਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਲੋਚਮ, ਮੋਹਣ ਸਿੰਘ ਭੋਗੀਪੁਰ ਸਾਬਕਾ ਸਰਪੰਚ, ਨੰਬਰਦਾਰ ਭਾਗ ਸਿੰਘ, ਪ੍ਰੇਮ ਸਿੰਘ, ਹਰਜਿੰਦਰ ਸਿੰਘ ਭਾਉਵਾਲ, ਗੁਰਚਰਨ ਫੌਜੀ, ਉਜਾਗਰ ਸਿੰਘ, ਨਰੰਜਨ ਸਿੰਘ, ਦਰਸ਼ਨ ਸਿੰਘ, ਕਸ਼ਮੀਰ ਸਿੰਘ, ਬਲਵੀਰ ਫੌਜੀ, ਕਰਨੈਲ ਸਿੰਘ, ਰਾਮ ਸਿੰਘ, ਰਣਜੀਤ ਸਿੰਘ ਢੀਂਡਸਾ, ਕੇਵਲ ਸਿੰਘ ਮੁੰਨੇ, ਰਾਮ ਜੀ, ਬੂਟਾ ਸਿੰਘ, ਬਲਵਿੰਦਰ ਸਿੰਘ, ਸੁੱਚਾ ਭਗਤ, ਦਿਲਬਾਗ ਸਿੰਘ, ਦਿਆਲ ਸਿੰਘ ਅਤੇ ਅਮਰਜੀਤ ਸਿੰਘ ਫੌਜੀ ਆਦਿ ਸਮੇਤ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |