ਪੁਰਖਾਲੀ , 20 ਜੁਲਾਈ ( ਅੰਮਿ੍ਤਪਾਲ ਸਿੰਘ ਬੰਟੀ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਸਰਪੰਚ ਸੁਰਮੁੱਖ ਸਿੰਘ ਤੇ ਸਮੁੱਚੀ ਪੰਚਾਇਤ ਵਲੋਂ ਪਿੰਡ ਬਿੰਦਰਖ ਦੇ ਸਰਬਪੱਖੀ ਵਿਕਾਸ ਸਬੰਧੀ ਉਪਰਾਲੇ ਲਗਾਤਾਰ ਜਾਰੀ ਹਨ | ਇਸ ਸਬੰਧੀ ਪਿੰਡ ਦੇ ਸਰਪੰਚ ਸੁਰਮੁੱਖ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਕੌਰ ਨੇ ਦੱਸਿਆ ਕਿ ਵਿਧਾਇਕ ਚੱਢਾ ਦੀ ਅਗਵਾਈ ਹੇਠ ਪਿੰਡ ਦੇ ਟੋਭੇ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਟੋਭੇ ਦੀ ਡੀ ਸਿਲਟਿੰਗ ਕਰਵਾ ਕੇ ਟੋਭੇ ਨੂੰ ਪੱਕਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪਿੰਡ ਵਿੱਚ 2 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਵਿੱਚ ਪੱਕੀ ਫਰਸ਼ ਅਤੇ ਛਾਂ ਵਾਲਾ ਸ਼ੈਡ ਤਿਆਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਿੰਡ 'ਚ 3 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਨਾਲ ਗਲੀ ਤਿਆਰ ਕੀਤੀ ਗਈ | ਉਨ੍ਹਾਂ ਅੱਗੇ ਦੱਸਿਆ ਕਿ ਧਰਮਸ਼ਾਲਾ ਦੀ ਮੁਰੰਮਤ ਲਈ 1.5 ਲੱਖ ਰੁਪਏ ਖਰਚ ਕਰਕੇ ਉਸਦੀ ਛੱਤ, ਫਰਸ਼, ਦਰਵਾਜ਼ੇ, ਖਿੜਕੀਆਂ ਅਤੇ ਬਿਜਲੀ ਦਾ ਕੰਮ ਕਰਵਾਇਆ ਗਿਆ ਹੈ, ਪਾਣੀ ਸਪਲਾਈ ਵਾਲੀ ਲਾਈਨ ਦੀ ਖਰਾਬੀ ਨੂੰ ਦੂਰ ਕਰਨ ਲਈ ਪੁਰਾਣੀਆਂ ਲਾਈਨਾਂ ਨੂੰ ਬਦਲ ਕੇ ਨਵੀਆਂ ਪਾਈਪਾਂ ਪਾਈਆਂ ਗਈਆਂ ਹਨ, ਜਿਸ ਕਾਰਨ ਪਿੰਡ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਸਮੱਸਿਆ ਦਾ ਹੱਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਤੋਂ ਖਿਜਰਬਾਦ ਜਾਣ ਵਾਲੀ ਸੜਕ 'ਤੇ ਪੁਲੀ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਨਾਲ ਸਮੁਚੇ ਇਲਾਕੇ ਨੂੰ ਵੱਡਾ ਲਾਭ ਮਿਲੇਗਾ |