• ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਿੱਪਰਾਂ ਟਰਾਲੀਆਂ 'ਚ ਬਿਨਾਂ ਢੱਕੇ ਲਿਜਾਇਆ ਜਾਂਦਾ ਹੈ ਕੂੜਾ • ਲੋਕਾਂ ਦੇ ਉਪਰ ਡਿੱਗਦੀ ਅਤੇ ਸੜਕਾਂ 'ਤੇ ਖਿਲਰਦੀ ਹੈ ਗੰਦਗੀ
<br/>
ਅੰਮਿ੍ਤਸਰ, 31 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਸੁੰਦਰਤਾ ਦੀ ਜ਼ਿੰਮੇਵਾਰੀ ਨਗਰ ਨਿਗਮ ਕੋਲ ਹੈ, ਪਰ ਇਥੇ ਸਭ ਉਲਟਾ ਹੋ ਰਿਹਾ ਹੈ | ਜਿਸ ਨਗਰ ਨਿਗਮ ਵਲੋਂ ਸ਼ਹਿਰ ਨੂੰ ਸਾਫ਼ ਰੱਖਣਾ ਹੈ ਉਸ ਵਲੋਂ ਇਕ ਤੋਂ ਦੂਸਰੀ ਜਗ੍ਹਾ 'ਤੇ ਕੂੜੇ ਨੂੰ ਪਹੁੰਚਾਉਣ ਨੂੰ ਬੇਨਿਯਮੀਆਂ ਵਰਤਦੇ ਹੋਏ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਵੈਸੇ ਤਾਂ ਪੂਰੇ ਸ਼ਹਿਰ 'ਚ ਸਾਫ਼ ਸਫ਼ਾਈ ਨੂੰ ਲੈ ਕੇ ਕੋਈ ਬਹੁਤ ਵਧੀਆ ਪ੍ਰਬੰਧ ਨਹੀਂ ਹਨ | ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ | ਰਹਿੰਦੀ ਖੁੂੰਹਦੀ ਕਸਰ ਚੁਕੇ ਹੋਏ ਕੂੜੇ ਨੂੰ ਇਕ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੇ ਸਮੇਂ ਪੂਰੀ ਕਰ ਦਿੱਤੀ ਜਾਂਦੀ ਹੈ | ਨਗਰ ਨਿਗਮ ਵਲੋਂ ਘਰਾਂ, ਬਾਜ਼ਾਰਾਂ ਵਿਚੋਂ ਕੂੜਾ ਇਕੱਠਾ ਕਰਕੇ ਟਰਾਲੀਆਂ ਅਤੇ ਟਿੱਪਰਾਂ ਰਾਹੀਂ ਡੰਪ ਤੱਕ ਲੈ ਕੇ ਜਾਇਆ ਜਾਂਦਾ ਹੈ | ਪਰ ਇਨ੍ਹਾਂ ਟਰਾਲੀਆਂ 'ਚ ਕੂੜਾ ਹੀ ਖੱੁਲ੍ਹਾ ਹੀ ਸੁੱਟ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਕਿਸੇ ਵੀ ਤਰਪਾਲ ਨਹੀਂ ਢੱਕਿਆ ਨਹੀਂ ਜਾਂਦਾ | ਇਹ ਕੂੜਾ ਟਰਾਲੀਆਂ ਅਤੇ ਟਿੱਪਰਾਂ ਵਿਚੋਂ ਕਿਰ ਕੇ ਸੜਕਾਂ 'ਤੇ ਖਿਲਰਦਾ ਜਾਂਦਾ ਹੈ | ਜੋ ਕਈ ਵਾਰ ਰਾਹਗੀਰਾਂ ਦੇ ਉਪਰ ਡਿੱਗ ਜਾਂਦਾ ਹੈ ਅਤੇ ਕਈ ਵਾਰ ਇਸ ਕੂੜਾ ਕਾਰਨ ਰਾਹਗੀਰ ਸੜਕ 'ਤੇ ਡਿੱਗ ਜਾਂਦੇ ਹਨ | ਇਸ ਦੇ ਨਾਲ ਕੂੜੇ ਵਾਲੇ ਵਾਹਨਾਂ ਨੂੰ ਸਾਹਮਣੇ ਪਾਸੇ ਤੋਂ ਪੈਣ ਵਾਲੀ ਹਵਾ ਦੇ ਨਾਲ ਕੂੜਾ ਉੱਠ ਕੇ ਲੋਕਾਂ ਦੇ ਸਿਰ ਮੂੰਹ, ਅੱਖਾਂ ਅਤੇ ਕੱਪੜਿਆਂ 'ਤੇ ਪੈਂਦਾ ਹੈ | ਕੂੜੇ ਦੇ ਭਰੇ ਵਾਹਨ ਜਿਸ ਰਸਤੇ 'ਚੋਂ ਨਿਕਲਦੇ ਹਨ ਉਸ ਇਲਾਕੇ 'ਚ ਦੂਰ ਦੂਰ ਤੱਕ ਬਦਬੂ ਫੈਲਦੇ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਨੂੰ ਸੜਕ 'ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ | ਮਾਨਯੋਗ ਉਚ ਅਦਾਲਤ ਵਲੋਂ ਕੂੜਾ, ਰੇਤ, ਮਿੱਟੀ, ਇੱਟਾਂ ਸਮੇਤ ਹੋਰ ਹਵਾ ਵਿਚ ਉੱਡਣ ਵਾਲੀਆਂ ਵਸਤੂਆਂ ਨੂੰ ਇਕ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣ ਸਮੇਂ ਇਸ ਢੱਕਣ ਦੇ ਆਦੇਸ਼ ਦਿੱਤੇ ਗਏ ਪਰ ਸਰਕਾਰੀ ਵਿਭਾਗ ਵਲੋਂ ਅਦਾਲਤੀ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਉਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਹ ਕੂੜਾ ਸੜਕਾਂ 'ਤੇ ਖਿਲਰਦਾ ਲੋਕਾਂ ਲਈ ਪ੍ਰੇਸ਼ਾਨੀਆਂ ਬਣਦਾ ਹੈ | ਨਗਰ ਨਿਗਮ ਦੇ ਸਿਹਤ ਵਿਭਾਗ ਵਲੋਂ ਬੀਤੇ ਕੁਝ ਸਮੇਂ ਤੋਂ ਸ਼ਹਿਰ ਵਿਚ ਗੰਦਗੀ ਫੈਲਾਉਣ ਵਾਲੇ ਆਮ ਨਾਗਰਿਕਾਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ | ਸਵਾਲ ਪੈਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਖੁਲ੍ਹੇਆਮ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਜੋ ਸ਼ਹਿਰ ਦੀਆਂ ਸੜਕਾਂ 'ਤੇ ਗੰਦਗੀ ਫੈਲਾਉਂਦੇ ਹਨ ਕੀ ਨਿਗਮ ਦਾ ਸਿਹਤ ਵਿਭਾਗ ਇਨ੍ਹਾਂ ਆਪਣਿਆਂ ਦੇ ਵੀ ਚਲਾਨ ਕੱਟੇਗਾ ਅਤੇ ਇਨ੍ਹਾਂ ਤੋਂ ਵੀ ਜੁਰਮਾਨਾ ਵਸੂਲੇਗਾ?