29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਕੇਂਦਰ ਸਰਕਾਰ-ਅਮਨ ਅਰੋੜਾ

ਅਜੀਤ ਡੈਸਕ 01-09-2025

ਅੰਮਿ੍ਤਸਰ, 31 ਅਗਸਤ (ਗਗਨਦੀਪ ਸ਼ਰਮਾ)-ਕੇਂਦਰ ਦੀ ਭਾਜਪਾ ਸਰਕਾਰ ਸਮੇਂ-ਸਮੇਂ 'ਤੇ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕਰਦੀ ਰਹੀ ਹੈ, ਜੋ ਕਿ 2017 ਤੋਂ ਲੈ ਕੇ ਹੁਣ ਤੱਕ ਜੀ. ਐੱਸ. ਟੀ. ਟੈਕਸ ਪ੍ਰਣਾਲੀ ਤਹਿਤ ਪੰਜਾਬ ਦਾ 50 ਹਜ਼ਾਰ ਕਰੋੜ ਦਾ ਨੁਕਸਾਨ ਕਰ ਚੁੱਕੀ ਹੈ, ਪਿਛਲੇ 3 ਸਾਲਾਂ 'ਚ ਐੱਮ. ਡੀ. ਐੱਫ਼/ਆਰ. ਡੀ. ਐੱਫ਼. ਦਾ 8 ਹਜ਼ਾਰ ਕਰੋੜ ਰੋਕੀ ਬੈਠੀ ਹੈ ਅਤੇ ਹਾਲ ਹੀ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 828 ਕਰੋੜ ਰੱਦ ਕਰ ਚੁੱਕੀ ਹੈ | ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ, ਵੰਡ, ਕਾਲੇ ਦੌਰ ਆਦਿ ਔਖੇ ਸਮੇਂ 'ਚ ਸਭ ਤੋਂ ਅੱਗੇ ਰਿਹਾ ਪੰਜਾਬ ਇਸ ਸਮੇਂ ਭਾਰੀ ਬਰਸਾਤ ਅਤੇ ਹੜ੍ਹਾਂ ਦੀ ਮਾਰ ਹੇਠ ਹੈ, 1000 ਤੋਂ ਵੱਧ ਪਿੰਡ ਪਾਣੀ 'ਚ ਡੁੱਬ ਚੁੱਕੇ ਹਨ, ਪਤਾ ਨਹੀਂ ਕਿੰਨੇ ਘਰਾਂ ਦਾ ਨੁਕਸਾਨ ਹੋ ਚੁੱਕਿਆ ਹੈ, ਕਿੰਨੇ ਪਸ਼ੂ ਪਾਣੀ ਦੇ ਵਹਾਅ 'ਚ ਰੁੜ ਗਏ ਹਨ ਅਤੇ ਕਿੰਨੇ ਮਰ ਚੁੱਕੇ ਹਨ | ਅਜਿਹੇ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਸੂਬਾ ਸਰਕਾਰ, ਸਾਰਾ ਪ੍ਰਸ਼ਾਸਨ, ਵੱਖ-ਵੱਖ ਜਥੇਬੰਦੀਆਂ, ਐੱਨ. ਜੀ. ਓਜ਼ ਅਤੇ ਆਮ ਲੋਕ ਅੱਗੇ ਆ ਰਹੇ ਹਨ, ਪ੍ਰੰਤੂ ਕੇਂਦਰ ਸਰਕਾਰ ਵਲੋਂ ਮਦਦ ਕਰਨੀ ਤਾਂ ਦੂਰ, ਪੰਜਾਬ ਦੇ ਹੱਕ 'ਚ ਅਜੇ ਤੱਕ ਹਾਅ ਦਾ ਨਾਅਰਾ ਵੀ ਨਹੀਂ ਵੱਜਿਆ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਅਤੇ ਨਾਲ ਇਹ ਭਰੋਸਾ ਦਿੱਤਾ ਕਿ ਪਾਣੀ ਸੁੱਕਣ 'ਤੇ ਬਿਮਾਰੀਆਂ ਫੈਲਣ ਦੇ ਖਦਸ਼ੇ ਬਾਰੇ ਵੀ ਹੁਣ ਤੋਂ ਹੀ ਸੁਚੇਤ ਹੈ | ਸ੍ਰੀ ਅਰੋੜਾ ਨੇ ਭਾਜਪਾ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਵਲ ਤਸਵੀਰਾਂ ਖਿਚਵਾਉਣ ਜਾਂ ਬਿਆਨਬਾਜ਼ੀ ਕਰਨ ਤੱਕ ਸੀਮਤ ਨਾ ਰਹਿਣ, ਬਲਕਿ ਖ਼ੁਦ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਇਸ ਔਖੀ ਘੜੀ 'ਚ ਪੰਜਾਬ ਦੀ ਬਾਂਹ ਫੜ੍ਹਨ ਲਈ ਕਹਿਣ | ਸ੍ਰੀ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਮੁਆਵਜ਼ਾ ਤਿੰਨ ਗੁਣਾ ਵਧਾਉਣ, ਜਾਨੀ ਨੁਕਸਾਨ ਤੇ ਘਰਾਂ ਦੇ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਦੁਗਣੀ ਕਰਨ ਆਦਿ ਬਾਰੇ ਪੱਤਰ ਲਿਖਿਆ ਗਿਆ ਹੈ | ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਪੰਜਾਬ ਦੀ ਮਦਦ ਲਈ ਕੇਂਦਰ ਸਰਕਾਰ ਅੱਗੇ ਆਉਂਦੀ ਹੈ ਜਾਂ ਉਨ੍ਹਾਂ ਦੇ ਆਗੂ ਬਿਆਨਬਾਜ਼ੀ ਕਰਕੇ ਲੋਕਾਂ ਦਾ ਘਰ ਪੂਰਾ ਕਰਦੇ ਹਨ | ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਇੰਚਾਰਜ ਜਸਕਰਨ ਬੰਦੇਸ਼ਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਵਚਨਬੱਧ-ਮੁੱਖ ਸਕੱਤਰ ਅਗਲੀ ਖ਼ਬਰ ਕੀ ਨਿਗਮ ਦਾ ਸਿਹਤ ਵਿਭਾਗ ਗੰਦਗੀ ਫੈਲਾਉਣ ਵਾਲੇ ਆਪਣਿਆਂ ਦੇ ਵੀ ਕੱਟੇਗਾ ਚਲਾਨ.?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।