05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਾਕਿ ’ਚ ਸਿਖਰ ’ਤੇ ਪਹੁੰਚੇਗੀ ਮਹਿੰਗਾਈ

ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ.

ਪਾਕਿਸਤਾਨ ’ਚ ਲੱਕ ਤੋੜਵੀਂ ਮਹਿੰਗਾਈ ਕਾਰਨ ਚਿੰਤਾ ’ਚ ਡੁੱਬਿਆ ਲਾਹੌਰ ਦਾ ਇਕ ਕਿਸਾਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ 05-11-2026
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ‘ਚ ਟੈਕਸ ਉਗਰਾਹੀ ਵਿਚ ਆਈ ਗਿਰਾਵਟ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਗਲੋਬਲ ਰਿਣਦਾਤਾ ਨੇ ਪਾਕਿ ਸਰਕਾਰ ਨੂੰ ਸਾਲਾਨਾ 15,264 ਅਰਬ ਰੁਪਏ ਦਾ ਮਾਲੀਆ ਟੀਚਾ ਪੂਰਾ ਕਰਨ ਲਈ ਵਾਧੂ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਨਾਲ ਮਹਿੰਗਾਈ ਸਿਖਰ ’ਤੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿ ਦੇ ਫੈਡਰਲ ਬੋਰਡ ਆਫ਼ ਰੈਵੇਨਿਊ ਦੇ ਇਕ ਅਧਿਕਾਰੀ ਮੁਤਾਬਿਕ ਅਕਤੂਬਰ ਮਹੀਨੇ ’ਚ ਟੈਕਸ ਉਗਰਾਹੀ ਨਿਰਧਾਰਿਤ ਟੀਚੇ ਨਾਲੋਂ 129 ਅਰਬ ਰੁਪਏ ਘੱਟ ਰਹੀ, ਜਦਕਿ ਜੁਲਾਈ ਤੋਂ ਅਕਤੂਬਰ ਦਰਮਿਆਨ ਕੁੱਲ ਘਾਟਾ 96 ਅਰਬ ਰੁਪਏ ਤੱਕ ਪਹੁੰਚ ਗਿਆ ਹੈ। ਆਈ. ਐੱਮ. ਐੱਫ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਾਲੀਆ ਟੀਚੇ ਹਾਸਲ ਨਾ ਕੀਤੇ ਗਏ ਤਾਂ ਆਉਣ ਵਾਲੇ ਬਜਟ ਅਤੇ ਆਰਥਿਕ ਸਮੀਖਿਆਵਾਂ ਦੌਰਾਨ ਹੋਰ ਸਖ਼ਤ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ। ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਲਈ ਆਈ. ਐੱਮ. ਐੱਫ. ਦੇ 7 ਅਰਬ ਡਾਲਰ ਦੇ ਕਰਜ਼ਾ ਪ੍ਰੋਗਰਾਮ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਜੇਕਰ ਮਾਲੀਆ ਇਕੱਠਾ ਕਰਨ ਦੇ ਟੀਚੇ ਪੂਰੇ ਨਾ ਹੋਏ ਤਾਂ ਅਗਲੇ ਵਿੱਤੀ ਵਰ੍ਹੇ ਲਈ ਸ਼ਰਤਾਂ ਹੋਰ ਵੀ ਸਖ਼ਤ ਹੋ ਸਕਦੀਆਂ ਹਨ। ਕੌਮਾਂਤਰੀ ਮੁਦਰਾ ਫ਼ੰਡ ਨੇ ਪਾਕਿ ਸਰਕਾਰ ਨੂੰ ਹਿਦਾਇਤ ਕੀਤੀ ਹੈ ਕਿ ਉਹ ਟੈਕਸ ਦੇ ਦਾਇਰੇ ਤੋਂ ਬਾਹਰਲੇ ਖੇਤਰਾਂ ਵਿਸ਼ੇਸ਼ ਤੌਰ ’ਤੇ ਪ੍ਰਚੂਨ, ਥੋਕ ਅਤੇ ਖੇਤੀਬਾੜੀ ਨੂੰ ਤੁਰੰਤ ਰਸਮੀ ਟੈਕਸ ਪ੍ਰਣਾਲੀ ’ਚ ਸ਼ਾਮਿਲ ਕਰੇ। ਇਸ ਤੋਂ ਇਲਾਵਾ ਡਾਕਟਰਾਂ, ਵਕੀਲਾਂ, ਇੰਜੀਨੀਅਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਵਰਗੇ ਪੇਸ਼ੇਵਰਾਂ ਤੋਂ ਵੀ ਉਗਰਾਹੀ ਵਧਾਉਣ ਲਈ ਉਨ੍ਹਾਂ ’ਤੇ ਟੈਕਸ ਦਾ ਸ਼ਿਕੰਜਾ ਕੱਸਿਆ ਜਾਵੇ । ਵਿਸ਼ਵ ਵਿੱਤੀ ਸੰਸਥਾ ਨੇ ਕੇਂਦਰ ਅਤੇ ਸੂਬਾਈ ਪੱਧਰ ‘ਤੇ ਜਨਰਲ ਸੇਲਜ਼ ਟੈਕਸ ਦੀ ਕੁਲੈਕਸ਼ਨ ਬਿਹਤਰ ਕਰਨ ਦੀ ਵੀ ਹਿਦਾਇਤ ਕੀਤੀ ਹੈ। ਜਾਣਕਾਰੀ ਅਨੁਸਾਰ ਆਈ. ਐੱਮ. ਐੱਫ. ਨੇ ਮੌਜੂਦਾ ਸੰਯੁਕਤ ਫੈਡਰਲ ਅਤੇ ਸੂਬਾਈ ਟੈਕਸ-ਟੂ-ਜੀ. ਡੀ. ਪੀ. ਅਨੁਪਾਤ 11.1 ਫ਼ੀਸਦੀ ਨੂੰ ਨਾਕਾਫ਼ੀ ਦੱਸਿਆ ਹੈ ਅਤੇ ਇਸ ਨੂੰ ਵਧਾ ਕੇ ਘੱਟੋ-ਘੱਟ 15 ਫ਼ੀਸਦੀ ਕਰਨ ਦਾ ਟੀਚਾ ਤੈਅ ਕੀਤਾ ਹੈ। ਆਈ. ਐੱਮ. ਐੱਫ. ਨੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਮਾਲੀਆ ਪੱਧਰ ਬਹੁਤ ਘੱਟ ਹੈ ਅਤੇ 15,264 ਅਰਬ ਰੁਪਏ ਦਾ ਸਾਲਾਨਾ ਟੀਚਾ ਹਰ ਹਾਲਤ ‘ਚ ਪੂਰਾ ਕਰਨਾ ਲਾਜ਼ਮੀ ਹੈ।
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੂਮੈਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਦੀਵਾਲੀ ਲਈ ਪਟਾਕਿਆਂ ਦੀ ਖ਼ਰੀਦਦਾਰੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।