ਗੁਰਦਾਸਪੁਰ, 19 ਨਵੰਬਰ (ਪੰਕਜ ਸ਼ਰਮਾ)- ਰਾਜੀਵ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੀਮ ਨੰਬਰ 7 'ਚ ਬਣੇ 480 ਫਲੈਟਾਂ 'ਚ ਜਿਨ੍ਹਾਂ ਮਾਲਕਾਂ ਵਲੋਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਕਿਰਾਏਦਾਰਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਅੱਜ ਗੁਰਦਾਸਪੁਰ ਦੇ ਦੋਰਾਂਗਲਾ ਨਜ਼ਦੀਕ ਪਿੰਡ ਖੁੱਥੀ ਵਿਖੇ ਇਕ ਸਾਬਕਾ ਫ਼ੌਜੀ ਘਟਨਾ ਤੋਂ ਬਾਅਦ ਫ਼ਰਾਰ ਹੋ ਕੇ ਸਕੀਮ ਨੰਬਰ 7 'ਚ ਆਪਣੇ ਫਲੈਟ ਦੀਆਂ ਪੌੜੀਆਂ 'ਚ ਬੈਠ ਗਿਆ ਸੀ | ਉਨ੍ਹਾਂ ਦੱਸਿਆ ਕਿ ਪਤਾ ਲੱਗਣ ਉਪਰੰਤ ਪੁਲਿਸ ਵਲੋਂ ਉਸ ਨੰੂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਉਹ ਆਤਮ ਸਮਰਪਣ ਕਰ ਦੇਵੇ ਪਰ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਲਈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਦਾ ਟਰੱਸਟ ਵਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਤੇ ਇਸ ਸਬੰਧ ਵਿਚ ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਕਿ ਸਕੀਮ ਨੰਬਰ 7 'ਚ ਬਣੇ 480 ਫਲੈਟਾਂ 'ਚ ਚੈਕਿੰਗ ਅਭਿਆਨ ਚਲਾਇਆ ਜਾਵੇ ਤੇ ਜਿਨ੍ਹਾਂ ਮਾਲਕਾਂ ਵਲੋਂ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਕਿਰਾਏਦਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਦੋਸ਼ 'ਚ ਲਿਪਤ ਅਪਰਾਧੀ ਜਾਂ ਨਸ਼ੇ ਦੇ ਕੰਮ 'ਚ ਲਿਪਤ ਵਿਅਕਤੀ ਇਨ੍ਹਾਂ ਫਲੈਟਾਂ ਨੂੰ ਆਪਣੀ ਪਨਾਹਗਾਰ ਨਾ ਬਣਾ ਸਕਣ |