ਫ਼ਤਹਿਗੜ੍ਹ ਚੂੜੀਆਂ, 19 ਨਵੰਬਰ (ਅਵਤਾਰ ਸਿੰਘ ਰੰਧਾਵਾ)- ਕਸਬਾ ਫ਼ਤਹਿਗੜ੍ਹ ਚੂੜੀਆਂ ਜਿਸ ਦੇ ਲਗਪਗ ਸਾਰੇ ਬਾਜ਼ਾਰਾਂ ਦੀ ਚੌੜਾਈ ਤਕਰੀਬਨ ਖੁੱਲੀ-ਡੁੱਲੀ ਹੈ ਪਰ ਮੌਜ਼ੂਦਾ ਹਾਲਾਤ ਅਨੁਸਾਰ ਨਾਜਾਇਜ਼ ਕਬਜ਼ਿਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਰਾਹੀਂ ਲੋਕਾਂ ਦਾ ਲੰਘਣਾ ਮੁਹਾਲ ਕੀਤਾ ਹੋਇਆ ਹੈ | ਬਾਜ਼ਾਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਹਨ ਜਿਨ੍ਹਾਂ ਦੇ ਮਾਲਕ ਦੁਕਾਨਦਾਰਾਂ ਨੇ ਅੱਗੋਂ ਪੈਸੇ ਲੈ ਕੇ ਆਪਣੀਆਂ ਦੁਕਾਨਾਂ ਮੂਹਰੇ ਰੇਹੜੀਆਂ ਜਾਂ ਹੋਰ ਛੋਟੀਆਂ-ਮੋਟੀਆਂ ਦੁਕਾਨਾਂ ਲਵਾਈਆਂ ਹੋਈਆਂ ਹਨ ਜਿਨ੍ਹਾਂ ਤੋਂ ਰੋਜ਼ਾਨਾ ਵੱਡੀ ਕਮਾਈ ਕੀਤੀ ਜਾਂਦੀ ਹੈ ਪਰ ਅਜਿਹਾ ਕਰਨ ਨਾਲ ਲੋਕਾਂ ਨੂੰ ਕੀ ਪ੍ਰੇਸ਼ਾਨੀ ਆਉਂਦੀ ਹੈ, ਉਹ ਸਭ ਕੁਝ ਸਮਝਦੇ ਹੋਏ ਵੀ ਅੱਖਾਂ ਬੰਦ ਕਰ ਕੇ ਇਸ ਤੋਂ ਅਣਜਾਣ ਦਿਖਾਈ ਦੇ ਰਹੇ ਹਨ | ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਮੱਛੀ ਮੰਡੀ ਤੱਕ ਦੁਕਾਨਾਂ ਦੇ ਅੱਗੇ ਨਾਜਾਇਜ਼ ਕਬਜ਼ਿਆਂ ਕਰ ਕੇ ਪੂਰੇ ਬਾਜ਼ਾਰ ਬੇਹੱਦ ਭੀੜੇ ਹੋ ਚੁੱਕੇ ਹਨ ਜਿਸ ਕਰ ਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਲੋਕ ਆਪਣੇ ਕੰਮਾਂ ਕਾਰਜਾਂ ਲਈ ਆਉਂਦੇ ਹਨ ਪਰ ਇਥੇ ਸਾਰਾ ਕੁਝ ਉੱਥਲ-ਪੁਥਲ ਹੋਣ ਕਰ ਕੇ ਵੱਡੀ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰਦੇ ਹਨ | ਮੱਛੀ ਮੰਡੀ ਤੋਂ ਗੈਸ ਏਜੰਸੀ ਵਾਲਾ ਰਸਤਾ, ਜੁੱਤੀਆਂ ਵਾਲੀ ਮਾਰਕੀਟ, ਨਵੀਂ ਤਹਿਸੀਲ ਦੇ ਸਾਹਮਣੇ ਵਾਲਾ ਰਸਤਾ, ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਕਰ ਕੇ ਰਸਤੇ ਬੰਦ ਕੀਤੇ ਹੋਏ ਹਨ | ਇਸੇ ਤਰ੍ਹਾਂ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਦੁਕਾਨਾਂ ਤੋਂ ਬਾਹਰ ਸਜਾ ਕੇ ਲਗਾਇਆ ਹੋਇਆ ਹੈ | ਇਸੇ ਤਰ੍ਹਾਂ ਨਵੇਂ ਬੱਸ ਸਟੈਂਡ ਦੇ ਇਰਦ-ਗਿਰਦ ਤੇ ਫੁਹਾਰਾ ਚੌਕ ਸਮੇਤ ਅੰਦਰਲੇ ਬਾਜ਼ਾਰ ਵਿਚ ਵੀ ਦੁਕਾਨਦਾਰਾਂ ਨੇ ਅੱਗੇ ਵਧਾ ਕੇ ਸਾਮਾਨ ਰੱਖਿਆ ਹੋਇਆ ਹੈ, ਜੇਕਰ ਕੋਈ ਰਾਹਗੀਰ ਫ਼ਸ-ਫਸਾ ਕੇ ਆਪਣਾ ਵਹੀਕਲ ਲੰਘਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬੁਰੀ ਤਰ੍ਹਾਂ ਘੂਰਿਆ ਜਾਂਦਾ ਹੈ | ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਇਹ ਪਿਛਲੇ ਲੰਮੇ ਸਮੇਂ ਤੋਂ ਮਿਲੀਭੁਗਤ ਨਾਲ ਹੋ ਰਿਹਾ ਹੈ | ਫ਼ਤਹਿਗੜ੍ਹ ਚੂੜੀਆਂ ਵਿਚ ਨਵੇਂ ਬੱਸ ਸਟੈਂਡ ਦੇ ਕੋਲ ਅਜਨਾਲਾ ਰੋਡ ਵਾਲੇ ਚੌਕ ਵਿਚ ਲੋਕਾਂ ਵਲੋਂ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਰਸਤੇ ਦੇ ਵਿਚਕਾਰ ਤੱਕ ਨਾਜਾਇਜ਼ ਸਬਜ਼ੀ ਦੀਆਂ ਤੇ ਹੋਰ ਦੁਕਾਨਾਂ ਲਗਾਈਆਂ ਹਨ | ਇਸੇ ਤਰ੍ਹਾਂ ਬਟਾਲਾ ਤੋਂ ਅਜਨਾਲਾ ਤੇ ਹੋਰ ਖੇਤਰ ਵੱਲ ਜਾਣ ਵਾਲੇ ਵਾਹਨ ਲੰਮਾ ਸਮਾਂ ਉਡੀਕ ਕਰ ਕੇ ਇਸ ਭੀੜ-ਭੜੱਕੇ ਵਾਲੇ ਖੇਤਰ 'ਚ ਦੀ ਗੁਜਰਦੇ ਹਨ | ਬੇਸ਼ੱਕ ਫ਼ਤਹਿਗੜ੍ਹ ਚੂੜੀਆਂ 'ਚ ਆਵਾਜਾਈ ਵਾਲੇ ਲੋਕ ਫ਼ਤਹਿਗੜ੍ਹ ਚੂੜੀਆਂ ਅੰਦਰ ਟ੍ਰੈਫ਼ਿਕ ਦੀ ਸਮੁੱਚੀ ਹਾਲਤ ਤੋਂ ਖ਼ਫ਼ਾ ਹਨ ਪਰ ਇਥੇ ਨਾਜਾਇਜ਼ ਕਬਜ਼ੇ ਕਰਵਾ ਕੇ ਲੋਕ ਅਣ-ਅਧਿਕਾਰਤ ਤੌਰ 'ਤੇ ਲਗਾਈਆਂ ਦੁਕਾਨਾਂ ਕੋਲੋਂ ਰੋਜ਼ਾਨਾ ਮੋਟੀ ਕਮਾਈ ਕਰ ਰਹੇ ਹਨ | ਆਵਾਜਾਈ ਦੀ ਬਣ ਚੁੱਕੀ ਉਲਝਣਦਾਰ ਸਮੱਸਿਆ ਕਰ ਕੇ ਅਕਸਰ ਰਾਹਗੀਰਾਂ ਦੇ ਵਿਚਾਲੇ ਆਪਸ 'ਚ ਝਗੜੇ ਹੁੰਦੇ ਦਿਖਾਈ ਦਿੰਦੇ ਹਨ | ਲੋਕਾਂ ਦੀ ਸੰਬੰਧਤ ਵਿਭਾਗ ਤੇ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਸ਼ਰੇਆਮ ਮਿਲੀਭੁਗਤ ਨਾਲ ਬਾਜ਼ਾਰਾਂ ਵਿਚ ਕਰਵਾਏ ਗਏ ਨਾਜਾਇਜ਼ ਕਬਜ਼ਿਆਂ ਨੂੰ ਦਰੁਸਤ ਕਰਵਾਇਆ ਜਾਵੇ | ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਸ ਵੱਲ ਗੌਰ ਨਾ ਕੀਤੀ ਗਈ ਤਾਂ ਉਹ ਰੋਸ ਮਾਰਚ ਕਰਨਗੇ ਅਤੇ ਪੁਲਿਸ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੇ ਬੂਹੇ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ |