ਨਵਾਂਸ਼ਹਿਰ, 18 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ | ਜਿਸ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਜਾਂਚ ਕੀਤੀ | ਕਾਫ਼ੀ ਦੁਕਾਨਾਂ ਤੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਕੀਤੇ ਗਏ | ਮਨੀਸ਼ ਕੁਮਾਰ ਈ.ਓ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਇੱਕ ਕੁਇੰਟਲ ਦੇ ਕਰੀਬ ਪਬਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਕੀਤੇ ਗਏ, ਜੋ ਮਨੁੱਖੀ ਸਿਹਤ ਲਈ ਘਾਤਕ ਹਨ | ਉਹਨਾਂ ਤਾੜਨਾ ਕੀਤੀ ਕਿ ਸਬੰਧਿਤ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ | ਇਸ ਨਾਲ ਸਾਡਾ ਵਾਤਾਵਰਣ ਜਿੱਥੇ ਜ਼ਹਿਰੀਲਾ ਹੁੰਦਾ ਹੈ, ਉੱਥੇ ਇਹ ਲਿਫ਼ਾਫ਼ੇ ਸੀਵਰੇਜ ਦੇ ਪ੍ਰਬੰਧਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ | ਇਸ ਮੌਕੇ 'ਤੇ ਅਰਸ਼ਪ੍ਰੀਤ ਕੌਰ ਐਸ.ਡੀ.ਓ ਪ੍ਰਦੂਸ਼ਣ ਕੰਟਰੋਲ ਵਿਭਾਗ, ਹਰਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਚੰਦਨ ਸਹੋਤਾ ਸੈਨੇਟਰੀ ਸੁਪਰਵਾਈਜ਼ਰ, ਕੀਰਤੀ, ਸ਼ਬਨਮ, ਇੰਦਰਪਾਲ ਡੋਲੀ, ਕਰਨ ਆਦਿ ਹਾਜ਼ਰ ਸਨ |