10 ਸਾਲ ਤੋਂ ਮੇਰੇ ਜੀਜਾ ਨੂੰ ਸਰਕਾਰ ਕਰ ਰਹੀ ਹੈ ਪ੍ਰੇਸ਼ਾਨ
ਨਵੀਂ ਦਿੱਲੀ, 18 ਜੁਲਾਈ (ਉਪਮਾ ਡਾਗਾ ਪਾਰਥ)- ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਪਣੇ ਜੀਜਾ ਰਾਬਰਟ ਵਾਡਰਾ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਲੈ ਕੇ ਪਹਿਲੀ ਵਾਰ ਬੋਲਦਿਆਂ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ | ਉਨ੍ਹਾਂ ਇਸ ਨੂੰ ਸਿਆਸੀ ਬਦਲਾਖੋਰੀ ਅਤੇ ਗ਼ਲਤ ਭਾਵਨਾ ਨਾਲ ਕੀਤੀ ਕਾਰਵਾਈ ਕਰਾਰ ਦਿੱਤਾ | ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੇ ਜੀਜਾ ਰਾਬਰਟ ਵਾਡਰਾ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਹੁਣ ਜਿਹੜੀ ਨਵੀਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਉਹ ਉਸੇ ਸਿਆਸੀ ਬਦਲਾਖੋਰੀ ਅਤੇ ਬਦਲੇ ਦੀ ਭਾਵਨਾ ਦੀ ਅਗਲੀ ਕੜੀ ਹੈ | ਰਾਹੁਲ ਗਾਂਧੀ ਨੇ ਆਪਣੀ ਭੈਣ ਪਿ੍ਅੰਕਾ ਗਾਂਧੀ ਦੇ ਸਮਰਥਨ 'ਚ ਆਉਂਦਿਆਂ ਕਿਹਾ ਕਿ ਉਹ ਰਾਬਰਟ, ਪਿ੍ਅੰਕਾ ਗਾਂਧੀ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਮਾਣਹਾਨੀਕਾਰਕ ਅਤੇ ਸਿਆਸੀ ਰੂਪ ਤੋਂ ਪ੍ਰੇਰਿਤ ਕਾਰਵਾਈ ਤੋਂ ਕੋਈ ਡਰ ਨਹੀਂ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਸਾਰੇ ਕਿਸੇ ਵੀ ਤਰ੍ਹਾਂ ਦੇ ਜਬਰ ਨੂੰ ਸਹਿਣ ਲਈ ਬਹੁਤ ਦਲੇਰ ਹਨ ਅਤੇ ਉਹ ਇਸ ਨੂੰ ਗਰਿਮਾ ਦੇ ਨਾਂਅ ਝੇਲਦੇ ਰਹਿਣਗੇ ਤੇ ਆਖਿਰਕਾਰ ਸੱਚ ਦੀ ਜਿੱਤ ਹੋਏਗੀ |
ਰਾਬਰਟ ਵਾਡਰਾ ਲਈ ਪਹਿਲੀ ਵਾਰ ਖੁੱਲ੍ਹ ਕੇ ਸਮਰਥਨ 'ਚ ਆਏ ਰਾਹੁਲ ਗਾਂਧੀ
ਅਜੀਤ ਡੈਸਕ
19-07-2025