ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਨਾਲ ਦੇਸ਼ ਦੇ 1 ਕਰੋੜ 70 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ | ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਖੇਤੀ ਰਾਜਾਂ ਦਾ ਵਿਸ਼ਾ ਹੋਣ ਕਰਕੇ ਸਕੀਮ ਨੂੰ ਰਾਜਾਂ ਦੀ ਮਦਦ ਨਾਲ ਹੀ ਲਾਗੂ ਕੀਤਾ ਜਾਵੇਗਾ, ਜਿਸ ਵਿਚ ਜ਼ਿਲਿ੍ਹਆਂ ਦੀ ਚੋਣ ਤੋਂ ਲੈ ਕੇ ਇਸ ਨੂੰ ਲਾਗੂ ਕਰਨ ਵਿਚ ਰਾਜਾਂ ਦੀ ਅਹਿਮ ਭੂਮਿਕਾ ਹੋਵੇਗੀ | ਕੇਂਦਰੀ ਬਜਟ ਵਿਚ ਐਲਾਨੇ ਗਏ ਇਸ ਪ੍ਰੋਗਰਾਮ ਹੇਠ 36 ਮੌਜੂਦਾ ਯੋਜਨਾਵਾਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਫ਼ਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਤਰੀਕਿਆਂ ਨੂੰ ਅਪਨਾਉਣ ਵਿਚ ਮਦਦ ਮਿਲੇਗੀ | ਵੈਸ਼ਨਵ ਨੇ ਕਿਹਾ ਕਿ ਖੋਜ ਲੈਬਾਰਟੀ ਵਿਚ ਕੀਤੇ ਗਏ ਸਫਲ ਤਜਰਬਿਆਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ | ਖੇਤੀ ਉਤਪਾਦਕਤਾ ਵਧਾਉਣ ਲਈ ਫਸਲਾਂ ਦੇ ਬਿਹਤਰ ਭੰਡਾਰਨ ਅਤੇ ਸਿੰਚਾਈ ਦੀਆਂ ਉੱਨਤ ਤਕਨੀਕਾਂ 'ਤੇ ਜ਼ੋਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਕਰਜ਼ੇ ਦੀ ਉਪਲਬਧਤਾ ਨੂੰ ਵਧਾਉਣ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਬੀਜ, ਖਾਦਾਂ ਆਦਿ ਲੈਣ ਦੇ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |