ਭਰਮ ਦੇ ਚਸ਼ਮੇ ਤੋਂ ਅੱਗੇ ਸੱਚ ਵੀ ਤਾਂ ਵੇਖਣਾ ਸੀ |
ਲਾਜ਼ਮੀ ਸਾਡੀ ਮੁਹੱਬਤ ਦਾ ਤਲਿੱਸਮ ਟੁੱਟਣਾ ਸੀ |
ਕੁੰਡਲਾਂ ਦਾ ਦੇ ਹਵਾਲਾ ਇਸ਼ਕ ਤੋਂ ਪਰਹੇਜ਼ ਕਰਦੈਂ?
ਨਾਥ, ਇਹਨਾਂ ਕੁੰਡਲਾਂ ਦਾ ਸੱਚ ਵੀ ਤਾਂ ਸਮਝਣਾ ਸੀ |
ਇਹ ਵੀ ਮੇਰੇ ਢੌਂਗ ਦਾ ਹੈ ਸਿਖਰ ਕਿ ਕਰਕੇ ਸ਼ਿਕਾਰ,
ਮੈਂ ਹਿਰਨ ਦੇ ਬੱਚਿਆਂ ਨੂੰ ਦੇਖ ਕੇ ਖ਼ੁਦ ਤੜਪਣਾ ਸੀ |
ਹਾਂ ਫਿਕਰ ਰਹਿੰਦੀ ਸੀ ਜਿਸ ਨੂੰ ਬਸ ਮੇਰੇ ਰੁਜ਼ਗਾਰ ਦੀ ਹੀ,
ਤੂੰ ਮੇਰੀ ਤਨਖ਼ਾਹ ਵਧੀ ਦਾ ਓਸ ਨੂੰ ਵੀ ਦੱਸਣਾ ਸੀ |
ਮੰਗ ਕੀਤੀ ਆਪ ਜਿਸਦੀ ਤਾਜ਼ਪੋਸ਼ੀ ਦੇ ਲਈ ਸੀ,
ਡਾਂਗ ਦੇ ਪਹਿਰੇ 'ਚ ਉਸ ਨੂੰ ਮੰਗ ਪੱਤਰ ਸੌਂਪਣਾ ਸੀ |
ਇਨ੍ਹਾਂ ਤਖ਼ਤਾਂ ਦੇ ਮੋਹ ਉਹਲੇ ਵੀ ਇਕ ਬਨਵਾਸ ਹੈ ਸ਼ਾਇਦ |
ਅਸਾਡੇ ਬਚ ਕੇ ਨਿਕਲਣ ਦੀ ਅਜੇ ਵੀ ਆਸ ਹੈ ਸ਼ਾਇਦ |
ਮੈਂ ਆਪਣੇ ਪੁਰਖਿਆਂ ਦੇ ਉਲਟ ਵੀ ਕੁਝ ਫੈਸਲੇ ਕੀਤੇ,
ਮੇਰਾ ਇਸ ਹੋਂਦ ਤੋਂ ਪਹਿਲਾਂ ਵੀ ਇਕ ਇਤਿਹਾਸ ਹੈ ਸ਼ਾਇਦ |
ਕਦੇ ਮੈਂ ਫੈਸਲਾ ਕੀਤਾ ਸੀ ਇਹ ਧਰਤੀ ਨਹੀਂ ਛੱਡਣੀ,
ਤੇ ਹੁਣ ਜਾਪੇ ਕਿ ਮੇਰਾ ਹੱਲ ਵੀ ਪਰਵਾਸ ਹੈ ਸ਼ਾਇਦ |
ਮੈਂ ਸੱਤਾ ਦਾ ਵਿਰੋਧੀ, ਆਪਣੀ ਸੱਤਾ ਸਿਰਜ ਬੈਠਾ,
ਹਰਿਕ ਸੱਤਾ ਵਿਰੋਧੀ ਦਾ ਹੀ ਇਹ ਇਤਿਹਾਸ ਹੈ ਸ਼ਾਇਦ |
ਅਸੀਂ ਮਾਨਣ ਦੇ ਭਰਮਾਂ ਹੇਠ ਜੋ ਕੱਟਣ ਲਈ ਆਏ,
ਇਹ ਜੀਵਨ ਵੀ ਸਹੀ ਅਰਥਾਂ 'ਚ ਕਾਰਾਵਾਸ ਹੈ ਸ਼ਾਇਦ |
ਤੁਹਾਨੂੰ ਬੁਜ਼ਦਿਲੀ ਜਾਪੇ ਤਾਂ ਇਹ ਥੋਡਾ ਨਜ਼ਰੀਆ ਹੈ,
ਇਹ ਕੋਸ਼ਿਸ਼ ਖ਼ੁਦਕੁਸ਼ੀ ਦੀ ਜੀਣ ਦਾ ਅਭਿਆਸ ਹੈ ਸ਼ਾਇਦ |
'ਸਰਾਸਰ ਗ਼ਲਤ ਹੈਂ ਤੂੰ' ਆਖਦੇ ਉਹ ਕੰਬਦੀ ਜਾਪੀ,
ਉਹਨੂੰ ਅਪਣੀ ਵੀ ਗ਼ਲਤੀ ਦਾ ਕਿਤੇ ਅਹਿਸਾਸ ਹੈ ਸ਼ਾਇਦ |