15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕਹਾਣੀ ਪ੍ਰਾਹੁਣਾ ਕੀਹਦਾ?

ਕਹਾਣੀ ਪ੍ਰਾਹੁਣਾ ਕੀਹਦਾ?

ਅਜੀਤ ਡੈਸਕ 15-11-2026

ਜਗਦੇਵ ਸਿੰਘ ਅੱਜ ਸੁਵੱਖਤੇ ਹੀ ਉਨਾਭੀ ਪੱਗ ਬੰਨ੍ਹ ਕੇ ਤਿਆਰ ਹੋ ਗਿਆ ਸੀ | ਪੱਗ ਵਿਚ ਪਿੰਨ ਲਗਾਉਂਦਾ ਹੋਇਆ ਘਰਵਾਲੀ ਨੂੰ ਆਖਦਾ ਹੈ, 'ਭਾਗਵਾਨੇ ਤੈਨੂੰ ਇਕ ਖੁਸ਼ੀ ਦੀ ਗੱਲ ਸੁਣਾਵਾਂ' | ਉਸ ਦੀ ਪਤਨੀ ਪੁੱਛਦੀ ਹੈ 'ਕੀ' | ਆਪਣੇ ਪ੍ਰਾਹੁਣੇ ਮੁਖ਼ਤਿਆਰ ਸਿਓਾ ਦੀ ਬਦਲੀ ਆਪਣੇ ਮਾਨਸਾ ਜ਼ਿਲ੍ਹੇ 'ਚ ਹੋ ਗਈ ਹੈ ਤੇ ਅੱਜ ਉਨ੍ਹਾਂ ਨੇ ਜੁਆਇਨ ਕਰਨਾ, ਇਸੇ ਲਈ ਮੈਂ ਦਫ਼ਤਰੋਂ ਛੁੱਟੀ ਕੀਤੀ ਹੈ | ਤੂੰ ਵੀ ਜਲਦੀ ਤਿਆਰ ਹੋ ਜਾ, ਪ੍ਰਾਹੁਣਾ ਸਾਹਬ ਪਹਿਲਾਂ ਚਾਹ ਆਪਣੇ ਘਰੇ ਹੀ ਪੀਣਗੇ, ਫੇਰੇ ਆਪਾਂ ਇਕੱਠੇ ਚੱਲਾਂਗੇ ਉਨ੍ਹਾਂ ਨੂੰ ਜੁਆਇਨ ਕਰਵਾਉਣ, ਐਨੇ ਮੈਂ ਚਾਹ ਪਾਣੀ ਦਾ ਸਾਮਾਨ ਲੈ ਆਵਾਂ |

ਲਓ ਜੀ ਜਗਦੇਵ ਸਿੰਘ ਕਾਰ ਦੀ ਸੈਲਫ ਮਾਰਦਾ ਹੈ ਤੇ ਗੱਡੀ ਖਾਣ ਪੀਣ ਦੇ ਸਮਾਨ ਨਾਲ ਲੱਦ ਲਿਆਉਂਦਾ ਹੈ, ਪ੍ਰਾਹੁਣੇ ਦੇ ਆਉਣ ਦਾ ਚਾਅ ਜੋ ਹੋਇਆ | ਘਰੇ ਦੋਨੋਂ ਪਤੀ-ਪਤਨੀ ਬੈਠੇ ਉਡੀਕ ਕਰ ਰਹੇ ਹਨ, 8:30 ਵੱਜ ਗਏ | ਜਗਦੇਵ ਸਿੰਘ ਗੁੱਟ 'ਤੇ ਬੰਨ੍ਹੀ ਘੜੀ ਵੱਲ ਵੇਖਦਾ ਹੈ ਤੇ ਫੋਨ ਲਾਉਂਦਾ ਹੈ |
'ਭਾਈ ਸਾਹਬ, ਕਿੱਥੇ ਰਹਿਗੇ !!' ਅੱਗੋਂ ਪ੍ਰਾਹੁਣਾ ਸਾਹਬ ਕਹਿੰਦੇ 'ਮੁਆਫ਼ ਕਰਨਾ ਜਗਦੇਵ ਸਿਆਂ, ਅਸਲ ਵਿਚ ਦਫ਼ਤਰ ਦੇ ਕਰਮਚਾਰੀਆਂ ਨੇ ਮੈਨੂੰ ਕੈਂਚੀਆਂ ਤੋਂ ਹੀ ਰਸੀਵ ਕਰ ਲਿਆ, ਸਾਰੇ ਮਾਣ ਸਤਿਕਾਰ ਨਾਲ ਗੁਲਦਸਤੇ ਲੈ ਕੇ ਆਏ ਤੇ ਮੈਨੂੰ ਸਿੱਧਾ ਦਫ਼ਤਰ ਹੀ ਲੈ ਗਏ, ਹਾਜ਼ਰੀ ਲਾਉਣ ਦਾ ਟਾਇਮ ਸੀ, ਮਖਿਆਂ ਚੱਲ ਜੁਆਇਨ ਕਰਕੇ ਬਾਅਦ 'ਚ ਪੀਨੇ ਆ ਚਾਹ ਇਕੱਠੇ, ਮੈਂ ਆਉਨਾ ਥੋਡੇ ਕੋਲੋਂ ਕੁਝ ਸਮੇਂ ਵਿਚ' ਜਗਦੇਵ ਸਿੰਘ ਫੋਨ ਰੱਖਦਾ ਹੈ ਤੇ ਉਦਾਸ ਜਿਹਾ ਹੋ ਕੇ ਬੈਠ ਜਾਂਦਾ ਹੈ | ਪਤਨੀ ਆਖਦੀ ਹੈ 'ਕੋਈ ਨਾ ਜੀ, ਫੇਰ ਕੀ ਹੋ ਗਿਆ, ਦਫ਼ਤਰ ਵਾਲਿਆਂ ਦੀ ਵੀ ਸੁਣਨੀ ਪੈਂਦੀ ਹੈ,' ਜਗਦੇਵ ਸਿੰਘ ਹੁੰਗਾਰਾ ਭਰਦਾ ਹੈ |
ਲਓ ਜੀ ਉਡੀਕ ਕਰਦਿਆਂ ਕਰਦਿਆਂ 12 ਵੱਜ ਗਏ, ਜਗਦੇਵ ਸਿੰਘ ਪਤਨੀ ਨੂੰ ਆਖਦਾ ਹੈ 'ਲੱਗਦਾ ਹੁਣ ਤਾਂ ਦੁਪਹਿਰ ਦੀ ਰੋਟੀ ਹੀ ਛਕਣਗੇ, ਚਾਹ ਦਾ ਸਮਾਂ ਤਾਂ ਲੰਘ ਗਿਆ, ਮੈਂ ਆਏਾ ਕਰਦਾ, ਰੋਟੀ ਦਾ ਸਾਮਾਨ ਲਿਆਉਨਾ, ਤੂੰ ਤਿਆਰੀ ਕਰ' |
ਲਓ ਜੀ ਜਗਦੇਵ ਸਿੰਘ ਮਾਰ ਕੇ ਕਾਰ ਦੀ ਸੈਲਫ ਰੋਟੀ ਦਾ ਸਾਮਾਨ ਲੈਣ ਚਲਾ ਜਾਂਦਾ, ਸਲਾਦ, ਦਾਲ ਮਖਣੀ, ਮਟਰ ਪਨੀਰ, ਰਾਇਤਾ ਸਭ ਵਸਤਾਂ ਖਰੀਦ ਲਿਆਉਂਦਾ ਹੈ | ਡਾਇਨਿੰਗ ਟੇਬਲ ਤਿਆਰ ਹੈ, ਫਰੂਟ ਰੱਖੇ ਹੋਏ ਹਨ | ਦਾਲ ਸਬਜ਼ੀ ਸਭ ਤਿਆਰ ਹੈ, ਬਸ ਪ੍ਰਾਹੁਣਾ ਸਾਹਬ ਦੇ ਆਉਣ ਦੀ ਉਡੀਕ ਹੈ ਕਿ ਜਗਦੇਵ ਸਿੰਘ ਦੀ ਪਤਨੀ ਨੇ ਝੱਟ ਫੁਲਕੇ ਲਾਹ ਦੇਣੇ ਨੇ |
ਲਓ ਜੀ ਡੇੜ ਵੱਜ ਗਿਆ, 02 ਵੱਜ ਗਏ, ਪ੍ਰਾਹੁਣਾ ਸਾਹਬ ਦੀ ਕੋਈ ਬਾਈ ਧਾਈ ਨੀ | ਜਗਦੇਵ ਸਿੰਘ ਗੁੱਟ 'ਤੇ ਬੰਨ੍ਹੀ ਘੜੀ ਵੱਲ ਵੇਖਦਾ ਹੈ ਤੇ ਫੋਨ ਲਾਉਂਦਾ ਹੈ | ਅੱਗੋਂ ਆਵਾਜ਼ ਆਉਂਦੀ ਹੈ, 'ਓਹ…ਮੁਆਫ਼ ਕਰਨਾ ਜਗਦੇਵ ਸਿਹਾਂ, ਮੈਂ ਫੋਨ ਕਰਨਾ ਭੁੱਲ ਗਿਆ, ਅਸਲ ਵਿਚ ਦਫ਼ਤਰ ਦੇ ਮੁੰਡੇ ਕਹਿੰਦੇ ਹੋਟਲ 'ਚ ਕਰਾਉਣਾ ਲੰਚ ਤੁਹਾਨੂੰ, ਬੁੱਕ ਕਰੀ ਬੈਠੇ ਸੀ ਤਾਂ ਜੁਆਬ ਨੀ ਦੇ ਹੋਇਆ, ਮੈਂ ਮਿਲਦਾਂ ਸ਼ਾਮੀ ਤੁਹਾਡੇ ਵੱਲ ਹੀ ਰੁਕਾਂਗਾ' | ਜਗਦੇਵ ਮਾਯੂਸ ਹੋ ਕੇ ਫੋਨ ਰੱਖਦਾ ਹੈ | 
ਸ਼ਾਮ ਦੇ ਖਾਣੇ ਦੀ ਤਿਆਰੀ ਕਰਨ ਲੱਗਦਾ ਹੈ ਤਾਂ ਪਤਨੀ ਆਖਦੀ ਹੈ 'ਉਨ੍ਹਾਂ ਦੇ ਆਇਆਂ ਤੋਂ ਹੀ ਲੈ ਆਇਓ, ਜੋ ਲਿਆਉਣਾ, ਪਹਿਲਾਂ ਹੀ ਐਨਾ ਸਾਮਾਨ ਰੁਲੀ ਜਾਂਦਾ, ਕੀ ਪਤਾ ਰਾਤ ਨੂੰ ਵੀ ਨਾ ਆਉਣ' | ਜਗਦੇਵ ਸਿੰਘ ਆਖਦਾ ਹੈ 'ਨਈ ਨਈ, ਰਾਤ ਤਾਂ ਇੱਥੇ ਹੀ ਰੁਕਣਗੇ, ਹੋਰ ਕੋਈ ਰਿਸ਼ਤੇਦਾਰੀ ਤਾਂ ਹੈ ਨੀ ਉਨ੍ਹਾਂ ਦੀ ਮਾਨਸਾ 'ਚ' | ਗੱਡੀ ਦੀ ਸੈਲਫ ਮਾਰਦਾ ਹੈ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਕਰਨ ਚਲਾ ਜਾਂਦਾ ਹੈ | ਲਓ ਜੀ ਸੋਫੇ 'ਤੇ ਬੈਠਾ ਉਡੀਕਾਂ ਵਿਚ ਲੀਨ ਹੋਇਆ ਪਿਆ ਜਗਦੇਵ ਸਿੰਘ, ਗੁੱਟ ਦੀਵਾਰ 'ਤੇ ਲੱਗੀ ਘੜੀ ਵੱਲ ਨਿਗਾਹ ਮਾਰਦਾ ਹੈ, ਰਾਤ ਦੇ 8 ਵੱਜ ਚੁੱਕੇ ਹਨ |  ਉਡੀਕਦਿਆਂ ਉਡੀਕਦਿਆਂ 08:30 ਹੋਗੇ, 09 ਵੱਜ ਗਏ | 
ਪਤਨੀ ਆਖਦੀ ਹੈ, 'ਜੀ, ਮੈਨੂੰ ਨੀ ਲੱਗਦਾ ਆਉਣਗੇ, ਐਨਾ ਤਾਂ ਟਾਇਮ ਹੋ ਗਿਆ, ਮੈਂ ਤਾਂ ਕਹਿਨੀ ਆ ਸੋ ਜਾਵੋ ਤੁਸੀ ਵੀਂ, ਲੱਗਦਾ ਕਿਤੇ ਹੋਰ ਚਲਗੇ ਹੋਣੇ'
ਐਨੇ ਨੂੰ ਜਗਦੇਵ ਸਿੰਘ ਦਾ ਫੋਨ ਵੱਜਦਾ ਹੈ, ਝੱਟ ਫੋਨ ਚਕਦਾ ਹੈ ਤੇ ਪਤਨੀ ਨੂੰ ਆਖਦਾ ਹੈ, 'ਲੈ ਆ ਗਿਆ ਫੋਨ, ਨਵੀਂ ਥਾਂ 'ਤੇ ਆਇਆ ਬੰਦਾ, ਸੌ ਮਜਬੂਰੀਆਂ ਹੁੰਦੀਆਂ ਦਫ਼ਤਰ ਦੀਆਂ, ਰਾਤ ਨੂੰ ਤਾਂ ਆਊਗਾ ਹੀ ਨਾ, ਮੈਂ ਕਿਹਾ ਸੀ'
ਜਗਦੇਵ ਸਿੰਘ ਫੋਨ ਚਕਦਾ ਹੈ, 'ਜਗਦੇਵ ਸਿਆਂ, ਤੁਸੀਂ ਸੌਂ ਜਾਇਓ ਯਾਰ, ਮੁੰਡੇ ਕਹਿੰਦੇ ਵੀ ਪੈੱਗ ਸ਼ੈੱਗ ਲਾਉਣਾ ਹੈ, ਬੈਠ ਗਏ ਸੀ ਕਿਤੇ, ਹਾਂ ਖਾਣਾ ਵਗੈਰਾ ਦੀ ਖੇਚਲ ਨਾ ਕਰਿਓ, ਮੈਂ ਖਾ ਕੇ ਆਊਾ ਤੇ ਸੌਊਾਗਾ ਥੋਡੇ ਵੱਲ ਹੀ, ਫੇਰ ਸਵੇਰੇ ਨਾਹ ਧੋ ਕੇ ਦਫ਼ਤਰ ਜਾਣਾ ਹੋਊ, ਮੈਂ ਆਪੇ ਫੋਨ ਕਰਦੂੰ ਜਦੋਂ ਘਰ ਪਹੁੰਚਿਆ'
ਜਗਦੇਵ ਫੇਰ ਮਾਯੂਸ ਹੋ ਕੇ ਫੋਨ ਰੱਖਦਾ ਹੈ |
ਓਧਰ ਪ੍ਰਾਹੁਣਾ ਸਾਹਬ ਦੇ ਦਫ਼ਤਰ ਦੇ ਮੁੰਡਿਆਂ ਨਾਲ ਗਲਾਸੀ ਖੜਕਾ ਰਹੇ ਨੇ, ਦੋ ਮੁੰਡੇ ਆਪਸ ਵਿਚ ਗੱਲ ਰਹੇ ਨੇ, 'ਬਾਈ ਅੱਜ ਸਾਹਬ ਦੀ ਰੱਜ ਕੇ ਸੇਵਾ ਕਰੀ ਆ, ਆਪਾਂ ਨੇ ਸਾਹਬ ਪੱਟ ਲਿਆ, ਹੁਣ ਆਪਾਂ ਨੂੰ ਨੀ ਕੁਝ ਕਹਿੰਦਾ'
ਦੂਜਾ ਮੁੰਡਾ ਬੋਲਦਾ ਹੈ 'ਆਹੋ, ਜੇ ਹੁਣ ਵੀ ਆਪਾਂ ਨੂੰ ਕੁਝ ਕਹੂ ਫੇਰ ਸੇਵਾ ਕਰੀ ਦਾ ਕੀ ਫਾਇਦਾ, ਇਹਦੇ ਅੜੇ ਕੰਮ ਕੁੰਮ ਕੱਢ ਦਿਆ ਕਰਾਂਗੇ, ਡਿਊਟੀ ਤੋਂ ਫਰਲੋ 'ਤੇ ਰਿਹਾ ਕਰਾਂਗੇ, ਸ਼ਾਮ ਨੂੰ ਸੇਵਾ ਪਾਣੀ ਕਰਦਿਆਂ ਕਰਾਂਗੇ, ਬਾਹਰਲਾ ਬੰਦਾ' |
ਓਧਰ ਜਗਦੇਵ ਸਿੰਘ ਦੀ ਅੱਖ ਖੁੱਲ੍ਹਦੀ ਹੈ, ਰਾਤ ਦੇ 12 ਵਜੇ ਹੋਏ ਹਨ | 
ਜਗਦੇਵ ਸਿੰਘ 'ਕਮਾਲ ਆ, 12 ਵੱਜ ਗਏ, ਸੌਣ ਵਾਸਤੇ ਵੀ ਘਰ ਨੀ ਆਏ ਭਾਈ ਸਾਹਬ, ਪੁੱਛ ਲੈਂਦਾ ਹਾਂ ਇਕ ਵਾਰ ਫੋਨ ਕਰਕੇ'
ਫੋਨ ਲਗਾਉਂਦਾ ਹੈ, 'ਭਾਈ ਸਾਹਬ, ਕੀ ਗੱਲ ਆਏ ਨੀ ਘਰ, ਕਿੱਥੇ ਰਹਿਗੇ'
ਅੱਗੋਂ ਪ੍ਰਾਹੁਣਾ ਸਾਹਬ ਬੋਲਦੇ ਨੇ 'ਓ ਬਸ ਕੀ ਦੱਸਾਂ ਜਗਦੇਵ ਸਿਹਾਂ, ਮੁੰਡੇ ਕਹਿੰਦੇ ਕੋਠੀ ਵਿਹਲੀ ਪਈ ਆ ਆਪਣੀ, ਓਥੇ ਰਹੋ, ਬਸ ਧੱਕੇ ਨਾਲ ਲੈ ਗਏ, ਮੈਂ ਪਿਆ ਹਾਂ, ਵਧੀਆ ਪ੍ਰਬੰਧ ਆ, ਕੋਈ ਦਿੱਕਤ ਵਾਲੀ ਗੱਲ ਨੀ, ਤੁਸੀਂ ਕਰੋ ਰੈਸਟ'
ਜਗਦੇਵ ਮਾਯੂਸ ਜਿਹਾ ਹੋ ਕੇ ਫੋਨ ਰੱਖਦਾ ਹੈ |
ਪਤਨੀ ਪੁੱਛਦੀ ਹੈ 'ਕੀ ਕਹਿੰਦੇ ਜੀ, ਆ ਰਹੇ ਨੇ?'
ਜਗਦੇਵ 'ਨਹੀਂ ਭਾਗਵਾਨੇ, ਹੁਣ ਨੀ ਆਉਂਦੇ, ਇਹ ਆਪਣਾ ਨੀ ਉਨ੍ਹਾਂ ਦਾ ਹੀ ਪ੍ਰਾਹੁਣਾ ਆ, 
ਛੱਡ ਪੀਹੜੀ ਦਾ ਪਾਵਾ, ਸਾਡਾ ਕਿਹੜਾ ਦਾਅਵਾ, ਕਿ ਦਾਅਵੇ ਵਾਲੇ ਲੈ ਨੀ ਗਏ,'
'ਚਲੋ ਗੁੱਡ ਨਾਈਟ'  

-ਸ਼ਹਿਰ - ਮਾਨਸਾ
ਸੰਪਰਕ 99882-22668

ਪਿਛਲੀ ਖ਼ਬਰ ਧਰਮਿੰਦਰ ਸ਼ਾਹਿਦ ਅਗਲੀ ਖ਼ਬਰ ਵਿਅੰਗ ਸਾਂਢੂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।