ਕੁਲਜਿੰਦਰ ਤੇ ਰਮਨਦੀਪ ਇਕ ਹਸਪਤਾਲ ਵਿਚ ਡਾਕਟਰ ਦਾ ਇੰਤਜ਼ਾਰ ਕਰ ਰਹੇ ਸੀ | ਇਨ੍ਹਾਂ ਦੋਵਾਂ ਦੇ ਵਿਆਹ ਹੋਏ ਨੂੰ ਕਈ ਸਾਲ ਹੋ ਗਏ ਸਨ ਪਰ ਇਨ੍ਹਾਂ ਦਾ ਵਿਹੜਾ ਅਜੇ ਸੁੰਨਾ ਹੀ ਸੀ | ਇਹ ਤਾਂ ਅਜੇ ਵੀ ਗੌਰ ਨਹੀਂ ਸੀ ਕਰ ਰਹੇ ਪਰ ਰਮਨਦੀਪ ਦੀ ਮਾਂ ਨੇ ਇਨ੍ਹਾਂ ਨੂੰ ਤਾੜ ਕੇ ਭੇਜਿਆ, ਕਿਉਂਕਿ ਉਹ ਘਰ ਵਿਚ ਰੌਣਕ ਚਾਹੁੰਦੀ ਸੀ |
ਡਾਕਟਰ ਆਈ ਤੋਂ ਟੈਸਟ ਹੋਏ ਤੇ ਜਦੋਂ ਰਿਪੋਰਟ ਆਈ ਤਾਂ ਦੋਵਾਂ ਨੂੰ ਡਾਕਟਰ ਕਹਿਣ ਲੱਗੀ, ਬੇਟਾ ਵੈਰੀ ਸੌਰੀ, ਕੁਲਜਿੰਦਰ ਬੇਟੀ ਦੀ ਰਿਪੋਰਟ ਠੀਕ ਨਹੀਂ ਹੈ, ਇਹ ਕਦੇ ਮਾਂ ਨਹੀਂ ਬਣ ਸਕਦੀ |'
'ਹੈਾ! ਕੁਲਜਿੰਦਰ ਇਕਦਮ ਪ੍ਰੇਸ਼ਾਨ ਹੋ ਕੇ ਬੋਲੀ, 'ਡਾਕਟਰ ਜੀ ਇਹ ਕਿਵੇਂ ਹੋ ਸਕਦਾ?'
'ਬੇਟਾ ਜੋ ਤੇਰੀ ਰਿਪੋਰਟ ਹੈ, ਉਸ ਬਾਰੇ ਹੀ ਮੈਂ ਕਹਿ ਰਹੀ ਹਾਂ, ਇਸ ਤਰ੍ਹਾਂ ਦੇ ਕੇਸ ਹੁਣ ਬਹੁਤ ਆਉਂਦੇ | ਬੇਟਾ ਜੋ ਹੈ ਉਹ ਸੱਚ ਮੰਨ, ਜੀਵਨ ਜਿਊਣ ਦੀ ਕੋਸ਼ਿਸ਼ ਸ਼ੁਰੂ ਕਰੋ | ਬਾਕੀ ਰਮਨਦੀਪ ਦੀ ਰਿਪੋਰਟ ਠੀਕ ਹੈ |'
'ਡਾਕਟਰ, ਇਸ ਦਾ ਕੋਈ ਇਲਾਜ?' ਰਮਨ ਨੇ ਕੁਲਜਿੰਦਰ ਦਾ ਹੱਥ ਫੜਦਿਆਂ ਪੁੱਛਿਆ |
'ਬੇਟਾ, ਜੇਕਰ ਹੁੰਦਾ ਮੈਂ ਤੁਹਾਨੂੰ ਜ਼ਰੂਰ ਕਹਿੰਦੀ, ਮੇਰੇ ਹਿਸਾਬ ਨਾਲ ਨਹੀਂ ਹੈ |'
ਇਹ ਸੁਣ ਕੇ ਉਹ ਦੋਵੇਂ ਉਦਾਸ ਜਿਹੇ ਹੋ ਬਾਹਰ ਆ ਗਏ | ਕੁਲਜਿੰਦਰ ਬਾਹਰ ਇਕ ਬੈਂਚ 'ਤੇ ਬੈਠਦੀ ਹੋਈ ਰਮਨ ਦਾ ਹੱਥ ਫੜਦੀ ਹੋਈ ਬੋਲੀ, 'ਰਮਨ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ |' ਹਾਂ ਦੱਸ ਬੇਫਿਕਰ ਹੋ |'
'ਰਮਨ ਤੁਹਾਨੂੰ ਮੇਰੇ ਪਹਿਲੇ ਵਿਆਹ ਬਾਰੇ ਤਾਂ ਪਤਾ ਹੀ ਹੈ ਪਰ ਮੇਰੇ ਮਾਪਿਆਂ ਨੇ ਇਕ ਗੱਲ ਲੁਕੋ ਲਈ ਸੀ |'
'ਕਿਹੜੀ ਜਿੰਦਰ?' ਉਸ ਅਭਾਗੇ ਨਾਲ ਮੈਂ ਕੋਈ ਮਹੀਨਾ ਕੁ ਰਹੀ ਸੀ, ਉਸ ਤੋਂ ਥੋੜ੍ਹੀ ਦੇਰ ਬਾਅਦ ਉਹ ਪੂਰਾ ਹੋ ਗਿਆ ਸੀ, ਬਸ ਉਹ ਮਹੀਨੇ ਦੌਰਾਨ ਹੀ ਮੇਰੇ ਪੇਟ ਵਿਚ ਉਸ ਦਾ ਬੀਜ ਫੁੱਟ ਪਿਆ ਸੀ | ਰਮਨ ਮੈਂ ਤਾਂ ਦੂਜਾ ਵਿਆਹ ਚਾਹੁੰਦੀ ਨਹੀਂ ਸੀ, ਮੈਂ ਤਾਂ ਉਸ ਦੀ ਨਿਸ਼ਾਨੀ ਨਾਲ ਹੀ ਜ਼ਿੰਦਗੀ ਕੱਟ ਲੈਣਾ ਚਾਹੁੰਦੀ ਸੀ ਪਰ ਮਾਪਿਆਂ ਨੇ ਮੇਰੀ ਇਕ ਨਾ ਮੰਨੀ, ਕਹਿੰਦੇ ਇਹ ਬੱਚਾ ਤੇਰੇ ਅੱਗੇ ਜ਼ਿੰਦਗੀ ਵਿਚ ਸਿਰਦਰਦੀ ਬਣੇਗਾ | ਸੋ, ਉਨ੍ਹਾਂ ਨੇ ਪੇਟ ਵਿਚ ਹੀ ਉਸ ਦਾ ਕਤਲ ਕਰਵਾ ਦਿੱਤਾ | ਕੁਲਜਿੰਦਰ ਨਾਲੇ ਹੌਕੇ ਲੈਂਦੀ ਰਹੀ, ਰੋਂਦੀ ਰਹੀ ਨਾਲੇ ਦੱਸਦੀ ਰਹੀ | 'ਮੇਰੇ ਮਾਪਿਆਂ ਦੇ ਇਸ ਗ਼ਲਤ ਫ਼ੈਸਲੇ ਨੇ ਮੈਨੂੰ ਹਨੇਰੇ ਖੂਹ ਵਿਚ ਸੁੱਟ ਦਿੱਤਾ, ਇਕ ਮਾਂ ਨੂੰ ਬਾਂਝ ਬਣਾ ਦਿੱਤਾ, ਮੈਂ ਇਕ ਦਾਗ ਨੂੰ ਸਾਰੀ ਉਮਰ ਕਿਵੇਂ ਝੱਲਾਂਗੀ | ਘਰ-ਬਾਹਰ ਸੁੱਕੀ ਟਾਹਣੀ ਦੇ ਮਿਹਣੇ ਕਿਵੇਂ ਬਰਦਾਸ਼ਤ ਕਰਾਂਗੀ |'
'ਦੇਖ ਜਿੰਦਰ, ਤੂੰ ਬਿਲਕੁਲ ਪ੍ਰੇਸ਼ਾਨ ਨਾ ਹੋ | ਇਸ ਵਿਚ ਨਾ ਤੇਰਾ ਕੋਈ ਦੋਸ਼ ਨਾ ਤੇਰੇ ਮਾਪਿਆਂ ਦਾ, ਇਹ ਸਾਡੇ ਭਾਗ ਨੇ | ਇਕ ਹੋਰ ਸੁਣ, ਅਜੋਕੀ ਦੁਨੀਆ ਵਿਚ ਅਜਿਹੇ ਬਹੁਤ ਜੋੜੇ ਨੇ ਜਿਨ੍ਹਾਂ ਦੇ ਔਲਾਦ ਨੀ ਹੋ ਸਕਦੀ ਤੇ ਉਹ ਖੁਸ਼ੀ-ਖੁਸ਼ੀ ਜ਼ਿੰਦਗੀ ਜੀ ਰਹੇ ਹਨ | ਬਾਕੀ ਮੈਂ ਤੇਰੇ ਨਾਲ ਹਾਂ, ਤੈਨੂੰ ਕੋਈ ਕੁਝ ਨੀਂ ਕਹੇਗਾ, ਬਸ ਤੂੰ ਮੇਰਾ ਸਾਥ ਦੲੀਂ |'
ਰਮਨਦੀਪ ਕੁਲਜਿੰਦਰ ਨੂੰ ਅਜਿਹੀਆਂ ਹੋਰ ਗੱਲਾਂ ਨਾਲ ਹੌਸਲਾ ਦਿੰਦਾ ਘਰ ਪਹੁੰਚ ਗਿਆ | ਉਹ ਘਰ ਸਿੱਧਾ ਆਪਣੇ ਕਮਰੇ ਵਿਚ ਗਏ ਤੇ ਕੁਲਜਿੰਦਰ ਬੈੱਡ 'ਤੇ ਪੈ ਗਈ |
'ਆ ਗਏ ਪੁੱਤ, ਕੀ ਗੱਲ ਜਿੰਦਰ ਕੁਝ ਉਦਾਸ ਲਗਦੀਂ |' ਮਾਂ ਦੋਵਾਂ ਨੂੰ ਪਾਣੀ ਦਾ ਗਿਲਾਸ ਫੜਾਉਂਦੀ ਹੋਈ ਬੋਲੀ |
'ਨਹੀਂ ਮਾਂ, ਉਥੇ ਕਾਫੀ ਭੀੜ ਸੀ, ਥੱਕ ਜਿਹੀ ਗਈ |' ਰਮਨ ਪਾਣੀ ਦਾ ਗਿਲਾਸ ਖਾਲੀ ਕਰਦਾ ਹੋਇਆ ਬੋਲਿਆ |
'ਬੇਟਾ ਕੀ ਕਹਿੰਦੀਆਂ ਨੇ ਤੁਹਾਡੀਆਂ ਰਿਪੋਟਾਂ', ਮਾਂ ਪਾਣੀ ਦੇ ਖਾਲੀ ਗਿਲਾਸ ਚੁੱਕਦੀ ਹੋਈ ਬੋਲੀ |
'ਮਾਂ, ਰਮਨਦੀਪ ਮਾਂ ਨੂੰ ਕਮਰੇ ਤੋਂ ਬਾਹਰ ਲਿਆਉਂਦਾ ਹੋਇਆ ਬੋਲਿਆ, ਕੁਲਜਿੰਦਰ ਦੀ ਰਿਪੋਰਟ ਤਾਂ ਠੀਕ ਹੈ, ਬਸ ਮੇਰੇ ਵਿਚ ਹੀ ਨੁਕਸ ਹੈ, ਕਿਤੇ ਗਲ ਨਾ ਕਰੀਂ |'
-ਪਿੰਡ ਤੇ ਡਾਕ: ਸਹੌੜਾਂ (ਮੁਹਾਲੀ) |
ਮੋਬਾਈਲ : 98769-31529