ਕਣਕ ਹਾੜੀ ਦੀ ਮੁੱਖ ਫ਼ਸਲ ਹੈ, ਜਿਸ ਦੀ ਕਾਸ਼ਤ 35 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ | ਭਾਵੇਂ ਇਸ ਦੀ ਬਿਜਾਈ ਦਾ ਯੋਗ ਸਮਾਂ ਨਵੰਬਰ ਦਾ ਪਹਿਲਾ ਪੰਦ੍ਹਰਵਾੜਾ ਹੈ, ਪਰ ਕੁਝ ਕਿਸਾਨ ਅਕਤੂਬਰ ਦੇ ਤੀਜੇ ਹਫ਼ਤੇ ਦੌਰਾਨ ਉਨ੍ਹਾਂ ਕਿਸਮਾਂ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ, ਜੋ ਪੱਕਣ ਨੂੰ ਥੋੜ੍ਹਾ ਜਿਹਾ ਲੰਮਾ ਸਮਾਂ ਲੈਂਦੀਆਂ ਹਨ | ਬਿਜਾਈ ਦਾ ਜ਼ੋਰ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ | ਭਾਰਤ ਵਿਸ਼ਵ ਦਾ ਦੂਜਾ ਵੱਡਾ ਕਣਕ ਉਤਪਾਦਕ ਦੇਸ਼ ਹੈ ਤੇ ਪੰਜਾਬ ਭਾਰਤ ਦੇ ਰਾਜਾਂ 'ਚ ਇਸ ਪੱਖੋਂ ਮੋਹਰੀ ਹੈ | ਸਬਜ਼ ਇਨਕਲਾਬ ਦੇ ਸ਼ੁਰੂ ਹੋਣ ਤੋਂ ਬਾਅਦ ਕਣਕ ਉਤਪਾਦਨ ਹੁਣ 9–10 ਗੁਣਾ ਵਧ ਗਿਆ ਹੈ | 1964–65 'ਚ ਇਹ 1 ਕਰੋੜ 23 ਲੱਖ ਟਨ ਸੀ ਤੇ ਹੁਣ 12 ਕਰੋੜ ਟਨ ਤੋਂ ਟੱਪ ਗਿਆ ਹੈ | ਪੰਜਾਬ ਦਾ ਉਤਪਾਦਨ 1.7 ਕਰੋੜ ਤੋਂ 1.8 ਕਰੋੜ ਟਨ ਦੇ ਦੁਆਲੇ ਘੁੰਮ ਰਿਹਾ ਹੈ | ਇਹ ਸਾਲ 2023–24 ਦੌਰਾਨ 181.76 ਲੱਖ ਟਨ ਸੀ | ਪੰਜਾਬ ਦੀ ਪ੍ਰਤੀ ਏਕੜ ਉਤਪਾਦਕਤਾ ਸਭ ਨਾਲੋਂ ਜ਼ਿਆਦਾ ਹੈ, ਜੋ ਉਸ ਸਾਲ 51.70 ਕੁਇੰਟਲ ਪ੍ਰਤੀ ਹੈਕਟੇਅਰ ਸੀ, ਜਦਕਿ ਭਾਰਤ ਦੀ ਔਸਤ 35.90 ਕੁਇੰਟਲ ਪ੍ਰਤੀ ਹੈਕਟੇਅਰ ਹੈ | ਇਸ ਉਪਲਬਧੀ ਦਾ ਮਾਣ ਖੇਤੀ ਵਿਗਿਆਨੀਆਂ ਤੇ ਮਿਹਨਤੀ ਕਿਸਾਨਾਂ ਨੂੰ ਜਾਂਦਾ ਹੈ |

ਭਾਵੇਂ ਪੰਜਾਬ 'ਚ ਕਣਕ ਦੀ ਬਿਜਾਈ ਸ਼ੁਰੂ ਹੋਣ 'ਚ ਅਜੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਪਿਆ ਹੈ | ਪਰ ਕਿਸਾਨਾਂ ਨੇ ਇਸ ਸੰਬੰਧੀ ਹੁਣੇ ਤੋਂ ਸੋਚ–ਵਿਚਾਰ ਤੇ ਯੋਜਨਾਬੰਦੀ ਸ਼ੁਰੂ ਕਰ ਦਿੱਤੀ ਹੈ | ਮੰਡੀ 'ਚ ਬਹੁਤ ਕਿਸਮਾਂ ਵਿਕ ਰਹੀਆਂ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ਪੀਬੀਡਬਲਿਊ– 887, ਪੀਬੀਡਬਲਿਊ–872, ਪੀਬੀਡਬਲਿਊ– 826, ਇੰਡੀਅਨ ਐਗਰੀਕਲਚਰਲ ਰਿਸਰਚ ਇਸੰਟੀਚਿਊਟ ਵਲੋਂ ਵਿਕਸਿਤ ਐਚਡੀ–3386 ਤੇ ਆਈ.ਆਈ.ਡਬਲਿਊ.ਬੀ.ਆਰ. ਵਲੋਂ ਵਿਕਸਿਤ ਡੀਬੀਡਬਲਿਊ–327, ਡੀਬੀਡਬਲਿਊ–371 ਤੇ ਡੀਬੀਡਬਲਿਊ–372 ਕਿਸਮਾਂ ਕਿਸਾਨਾਂ ਦੀ ਮੁੱਖ ਪਸੰਦ ਹਨ | ਕਿਸਾਨ ਆਪਣੇ ਤਜਰਬਿਆਂ ਦੇ ਆਧਾਰ 'ਤੇ ਕਿਸਮਾਂ ਦੀ ਚੋਣ ਕਰਦੇ ਹਨ | ਕੁਝ ਅਰਸੇ ਤੋਂ ਕੁਝ ਕਿਸਾਨ ਕਣਕ ਦੇ ਬੀਜ ਵਿਕਰੇਤਾ ਬਣ ਗਏ ਹਨ ਤੇ ਉਹ ਅਣਪ੍ਰਮਾਣਿਤ ਕਿਸਮਾਂ ਜੋ ਅਜ਼ਮਾਇਸ਼ ਅਧੀਨ ਹਨ ਤੇ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਸੰਬੰਧੀ ਪ੍ਰਵਾਨਗੀ ਦੇਣ ਵਾਲੀ ਸਰਬ ਭਾਰਤੀ ਕਮੇਟੀ ਵਲੋਂ ਵੀ ਜਾਰੀ ਨਹੀਂ ਕੀਤੀਆਂ ਹੋਈਆਂ, ਕਿਸਾਨਾਂ ਨੂੰ ਨਵੇਂ ਬੀਜ ਕਹਿ ਕੇ ਮਹਿੰਗੇ ਭਾਅ ਵੇਚ ਰਹੇ ਹਨ | ਇਨ੍ਹਾਂ 'ਚ ਕੁਝ ਅਸੂਲਹੀਣ ਬੀਜ ਵਿਕਰੇਤਾ ਵੀ ਸ਼ਾਮਿਲ ਹਨ | ਕਿਸਾਨਾਂ ਨੂੰ ਅਜਿਹੀਆਂ ਕਿਸਮਾਂ ਦਾ ਬੀਜ ਨਹੀਂ ਵਰਤਣਾ ਚਾਹੀਦਾ | ਉਨ੍ਹਾਂ ਨੂੰ ਤਜਰਬਿਆਂ ਦੇ ਆਧਾਰ 'ਤੇ ਅਤੇ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਹੀ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ | ਕਣਕ ਦਾ ਪੂਰਾ ਝਾੜ ਲੈਣ ਲਈ ਕਿਸਮਾਂ ਦੀ ਚੋਣ ਤੋਂ ਇਲਾਵਾ ਫ਼ਸਲ ਦਾ ਵਧੀਆ ਪ੍ਰਬੰਧਨ ਜਿਵੇਂ ਸਮੇਂ ਸਿਰ ਬਿਜਾਈ, ਬੀਜ ਦੀ ਸਹੀ ਮਾਤਰਾ, ਸਮੇਂ ਸਿਰ ਸਿਫ਼ਾਰਸ਼ਸ਼ੁਦਾ ਰਸਾਇਣਕ ਖਾਦ ਪਾਉਣ ਤੋਂ ਇਲਾਵਾ ਸਿੰਜਾਈ ਕਰਨੀ ਤੇ ਨਦੀਨਾਂ ਨੂੰ ਸਮੇਂ 'ਤੇ ਖ਼ਤਮ ਕਰਨਾ ਆਦਿ ਵੀ ਝਾੜ ਵਧਾਉਂਦੇ ਹਨ | ਖਾਦ ਸਿਫ਼ਾਰਸ਼ਸ਼ੁਦਾ ਮਾਤਰਾ 'ਚ ਜਾਂ ਜ਼ਮੀਨ ਦੀ ਪਰਖ ਦੇ ਆਧਾਰ 'ਤੇ ਪਾਉਣੀ ਜ਼ਰੂਰੀ ਹੈ | ਆਮ ਜ਼ਮੀਨਾਂ 'ਚ ਯੂਰੀਆ 110 ਕਿਲੋ (ਨਿੰਮਲਿਪਤ), ਡੀ.ਏ.ਪੀ. 55 ਕਿੱਲੋ ਅਤੇ ਮਿਊਰੇਟ ਆਫ ਪੋਟਾਸ਼ 20 ਕਿੱਲੋ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ | ਸਾਰੀ ਫਾਸਫੋਰਸ (55 ਕਿੱਲੋ ਡੀ.ਏ.ਪੀ.) ਅਤੇ ਮਿਊਰੇਟ ਆਫ ਪੋਟਾਸ਼ ਬਿਜਾਈ ਵੇਲੇ ਪੋਰ ਦੇਣੇ ਚਾਹੀਦੇ ਹਨ | ਹੋ ਸਕੇ ਤਾਂ ਜ਼ਮੀਨ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰਾਇਆ ਜਾਵੇ | ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਤੇ ਝਾੜ ਵੀ ਵਧੇਗਾ | ਆਈ.ਸੀ.ਏ.ਆਰ.– ਆਈ.ਏ. ਆਰ. ਆਈ. ਦੇ ਕਣਕ ਦੇ ਬ੍ਰੀਡਰ (ਪ੍ਰਮੁੱਖ ਵਿਗਿਆਨੀ) ਡਾ. ਰਾਜਬੀਰ ਯਾਦਵ ਜ਼ੀਰੋ ਡਿ੍ਲ ਤਕਨੀਕ ਦੀ ਸਿਫ਼ਾਰਸ਼ ਕਰਦੇ ਕਹਿੰਦੇ ਹਨ ਕਿ ਇਸ ਨਾਲ ਖੇਤ 'ਚ ਨਦੀਨਾਂ ਦੀ ਬਹੁਤੀ ਸਮੱਸਿਆ ਨਹੀਂ ਆਉਂਦੀ | ਘੱਟ ਵਾਹੀ ਦੀ ਲੋੜ ਹੈ ਜਿਸ ਨਾਲ ਡੀਜ਼ਲ ਤੇ ਵਾਹੀ ਦੇ ਖ਼ਰਚੇ ਦੀ ਬੱਚਤ ਹੁੰਦੀ ਹੈ | ਵਾਯੂਮੰਡਲ ਦਾ ਪ੍ਰਦੂਸ਼ਣ ਘਟਦਾ ਹੈ | ਗੁੱਲੀ ਡੰਡਾ ਜੋ ਕਈ ਖੇਤਾਂ 'ਚ 60% ਤੱਕ ਵੀ ਝਾੜ ਘਟਾ ਦਿੰਦਾ ਹੈ, ਉਸ ਦੀ ਸਮੱਸਿਆ 'ਚ ਵੀ ਕਮੀ ਆਉਂਦੀ ਹੈ | ਉਨ੍ਹਾਂ ਅਨੁਸਾਰ ਜ਼ੀਰੋ ਡਿ੍ਲ ਤਕਨੀਕ ਨਾਲ ਬਿਜਾਈ ਲਈ ਕਈ ਸਫ਼ਲ ਕਿਸਮਾਂ ਜਿਵੇਂ ਐਚਡੀ–3385, ਐਚਡੀ–3410, ਐਚਡੀ–3390 ਤੇ ਐਚਡੀ–3298 ਉਪਲਬਧ ਹਨ, ਪਰ ਲਗਾਤਾਰ ਤਿੰਨ ਸਾਲ ਜ਼ੀਰੋ ਡਿ੍ਲ ਨਾਲ ਕਣਕ ਬੀਜਣ ਤੋਂ ਬਾਅਦ ਜ਼ਮੀਨ ਨੂੰ ਵਾਹੁਣਾ ਜ਼ਰੂਰੀ ਹੈ | ਇਸ ਨਾਲ ਬਹੁ–ਨਦੀਨਾਂ ਤੇ ਚੂਹਿਆਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ | ਜ਼ੀਰੋ ਡਿ੍ਲ ਬਿਜਾਈ ਹੇਠ ਰਕਬਾ ਵਧ ਤਾਂ ਰਿਹਾ ਹੈ ਪਰ ਬੜਾ ਹੌਲੀ-ਹੌਲੀ |
ਵਧੀਆ ਉਤਪਾਦਕਤਾ ਲਈ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ | ਯੂਰੀਆ ਦੀ ਠੀਕ ਸਮੇਂ ਤੇ ਸਹੀ ਮਿਕਦਾਰ 'ਚ ਵਰਤੋਂ ਕਰਨੀ ਚਾਹੀਦੀ ਹੈ | ਫ਼ਸਲ ਦੀ ਰਹਿੰਦ–ਖੂੰਹਦ ਤੇ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਇਸ 'ਚ ਸੁਧਾਰ ਲਿਆਉਣਾ ਜ਼ਰੂਰੀ ਹੈ | ਪੰਜਾਬ ਸਰਕਾਰ ਵਲੋਂ ਇਸ ਸੰਬੰਧੀ ਮਸ਼ੀਨਾਂ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਮਸ਼ੀਨਾਂ ਦੀ ਵਰਤੋਂ ਕਰਨ ਤੇ ਫ਼ਸਲ ਦੀ ਰਹਿੰਦ–ਖੂੰਹਦ ਨੂੰ ਅੱਗ ਨਾ ਲਾਉਣ | ਕਣਕ ਦੇ ਵੱਧ ਝਾੜ ਲਈ ਸਿੰਜਾਈ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ | ਕਣਕ ਨੂੰ 4 ਤੋਂ 6 ਸਿੰਜਾਈਆਂ ਦੀ ਲੋੜ ਹੈ | ਆਮ ਫ਼ਸਲ ਤੇ ਬਿਜਾਈ ਤੋਂ 21–28 ਦਿਨ ਬਾਅਦ ਪਹਿਲੀ ਸਿੰਜਾਈ ਕਰਨੀ ਚਾਹੀਦੀ ਹੈ, ਦੂਜੀ 45 ਦਿਨ, ਤੀਜੀ 65 ਦਿਨ, ਚੌਥੀ 85 ਦਿਨ, ਪੰਜਵੀ 105 ਦਿਨ ਤੇ ਛੇਵੀਂ 130 ਦਿਨ ਬਾਅਦ ਮੌਸਮ ਨੂੰ ਧਿਆਨ 'ਚ ਰੱਖਦਿਆਂ ਕਰਨੀ ਚਾਹੀਦੀ ਹੈ | ਝੋਨੇ ਤੋਂ ਬਾਅਦ ਬੀਜੀ ਗਈ ਕਣਕ ਨੂੰ ਰੌਣੀ ਦੀ ਲੋੜ ਨਹੀਂ ਪੈਂਦੀ, ਕਿਉਂਕਿ ਬਿਜਾਈ ਲਈ ਜ਼ਮੀਨ 'ਚ ਗਿੱਲ ਉਪਲਬਧ ਹੁੰਦੀ ਹੈ | ਕਣਕ ਦੀ ਫ਼ਸਲ 'ਤੇ ਆਮ ਹੀ ਸਿਉਂਕ, ਚੇਪਾ, ਪੀਲੀ ਕੂੰਗੀ, ਭੂਰੀ ਕੂੰਗੀ ਤੇ ਹੋਰ ਬਿਮਾਰੀਆਂ ਆ ਜਾਂਦੀਆਂ ਹਨ, ਜਿਨ੍ਹਾਂ ਨੂੰ ਯੋਗ ਨਦੀਨ ਨਾਸ਼ਕਾਂ ਤੇ ਜ਼ਹਿਰਾਂ ਦੀ ਵਰਤੋਂ ਨਾਲ ਕਾਬੂ ਕਰਨ ਦੀ ਲੋੜ ਹੈ | ਇਸ ਬਾਰੇ ਕਿਸਾਨਾਂ ਨੂੰ ਵਿਗਿਆਨੀਆਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ |
ਈ-ਮੇਲ : bhagwandass226@gmail.com