ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਅਤੇ ਅਮਰੀਕਾ ਵਿਚ ਕਿਸੇ ਨਾ ਕਿਸੇ ਕਾਰਨ ਭਾਰਤ ਤੋਂ ਵੱਖ-ਵੱਖ ਢੰਗਾਂ ਨਾਲ ਗਏ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਇਨ੍ਹਾਂ ਦੇਸ਼ਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਵੀ ਸ਼ਾਮਿਲ ਹਨ, ਜਿਨ੍ਹਾਂ ਦੀਆਂ ਕਾਰਵਾਈਆਂ ਕਾਰਨ ਉੱਥੇ ਵਸਦੇ ਲੱਖਾਂ ਹੀ ਪੰਜਾਬੀਆਂ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ | ਪਿਛਲੇ ਦਿਨੀਂ ਕੈਨੇਡਾ ਪੁਲਿਸ ਵਲੋਂ ਜਿਨ੍ਹਾਂ ਲੋਕਾਂ 'ਤੇ ਫਿਰੌਤੀ ਤੇ ਗੋਲਾਬਾਰੀ ਦੇ 60 ਦੇ ਕਰੀਬ ਮਾਮਲੇ ਦਰਜ ਕੀਤੇ ਗਏ, ਉਨ੍ਹਾਂ ਵਿਚ ਬਹੁਤੇ ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਿਲ ਹਨ | ਉੱਥੋਂ ਦੀ ਪੁਲਿਸ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਛਾਪੀਆਂ ਹਨ, ਜਿਸ ਦਾ ਮੰਤਵ ਉੱਥੋਂ ਦੇ ਲੋਕਾਂ ਵਿਚੋਂ ਇਨ੍ਹਾਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਉਣਾ ਹੈ |
ਕੈਨੇਡਾ ਵਿਚ ਬਿਹਤਰ ਭਵਿੱਖ ਦੀ ਆਸ ਨਾਲ ਪੜ੍ਹਨ ਗਏ ਬਹੁਤ ਸਾਰੇ ਨੌਜਵਾਨਾਂ ਦਾ ਜੁਰਮਾਂ ਦੀ ਦੁਨੀਆ ਵਿਚ ਦਾਖ਼ਲ ਹੋਣਾ ਬੇਹੱਦ ਚਿੰਤਾ ਵਾਲੀ ਗੱਲ ਹੈ | ਇਸ ਵਰਤਾਰੇ ਨੇ ਉੱਥੋਂ ਦੀ ਸਰਕਾਰ ਲਈ ਵੀ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ | ਪਿਛਲੇ ਮਹੀਨਿਆਂ ਵਿਚ ਕੈਨੇਡਾ ਦੀ ਸਰਕਾਰ 100 ਤੋਂ ਵੀ ਵਧੇਰੇ ਭਾਰਤੀਆਂ ਨੂੰ ਵਾਪਸ (ਡਿਪੋਰਟ) ਭੇਜ ਚੁੱਕੀ ਹੈ | ਇਸ ਤੋਂ ਲਗਦਾ ਹੈ ਕਿ ਉੱਥੋਂ ਦੀ ਸਰਕਾਰ ਨੇ ਅਜਿਹੇ ਅਪਰਾਧੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਯੋਜਨਾ ਬਣਾ ਲਈ ਹੈ | ਜਿਨ੍ਹਾਂ ਗੈਂਗਸਟਰਾਂ ਦੇ ਨੈੱਟਵਰਕ ਨਾਲ ਜੁੜੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੈ, ਉਨ੍ਹਾਂ ਦਾ ਸੰਬੰਧ ਰੰਗਦਾਰੀ ਵਸੂਲਣ ਨਾਲ ਜੁੜੀ ਗੋਲੀਬਾਰੀ ਦੀਆਂ ਵਾਰਦਾਤਾਂ ਕਰਨ ਨਾਲ ਹੈ | ਕੁਝ ਲੋਕਾਂ ਨੂੰ ਜ਼ਬਰਦਸਤੀ ਬੰਧਕ ਬਣਾਉਣ ਦੇ ਵੀ ਉਨ੍ਹਾਂ 'ਤੇ ਇਲਜ਼ਾਮ ਹਨ | ਇਸੇ ਹੀ ਕੜੀ ਵਿਚ ਉੱਥੋਂ ਲਾਰੈਂਸ ਗੈਂਗ ਨਾਲ ਸੰਬੰਧਿਤ ਕਰਨਵੀਰ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ਵਿਚ ਲਿਆ ਗਿਆ ਸੀ | ਉਸ 'ਤੇ ਹੱਤਿਆ, ਹਥਿਆਰਾਂ ਦੀ ਲੁੱਟ, ਜਬਰਨ ਵਸੂਲੀ ਅਤੇ ਆਰਮਜ਼ ਐਕਟ ਅਧੀਨ ਬਹੁਤ ਸਾਰੇ ਗੰਭੀਰ ਅਪਰਾਧਕ ਮਾਮਲੇ ਦਰਜ ਹਨ | ਉਸ 'ਤੇ ਹੀ ਅਮਰੀਕਾ ਵਿਚ ਰਹਿੰਦੇ ਅਨਮੋਲ ਬਿਸ਼ਨੋਈ ਦੀ ਮਦਦ ਕਰਨ ਅਤੇ ਉਸ ਨੂੰ ਟਿਕਾਣਾ ਦੇਣ ਦਾ ਜੁਰਮ ਹੈ |
ਕੈਨੇਡਾ ਵਿਚ ਬਿ੍ਟਿਸ਼ ਕੋਲੰਬੀਆ ਅਤੇ ਟੋਰਾਂਟੋ ਦੇ ਇਲਾਕੇ ਵਿਚ ਅਜਿਹੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ | ਡਿਪੋਰਟ ਕੀਤੇ ਗਏ ਜ਼ਿਆਦਾਤਰ ਦੋਸ਼ੀ ਸਟੱਡੀ ਪਰਮਿਟ ਜਾਂ ਅਸਥਾਈ ਰੈਜ਼ੀਡੈਂਟ ਵੀਜ਼ਾ 'ਤੇ ਕੈਨੇਡਾ ਪਹੁੰਚੇ ਸਨ | ਇਨ੍ਹਾਂ ਦਾ ਵੱਡਾ ਟਿਕਾਣਾ ਉੱਥੋਂ ਦੇ ਅਲਬਰਟਾ ਵਿਚ ਵੀ ਹੈ, ਜਿਨ੍ਹਾਂ 'ਤੇ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀ ਚਲਾਉਣ ਸਮੇਤ ਪੰਜਾਬੀ ਕਾਰੋਬਾਰੀਆਂ ਅਤੇ ਪਰਿਵਾਰਾਂ ਤੋਂ ਰੰਗਦਾਰੀ ਮੰਗਣ, ਗੋਲੀਬਾਰੀ ਕਰਨ ਅਤੇ ਅਗਜ਼ਨੀ ਕਰਨ ਦੇ ਦੋਸ਼ ਹਨ | ਅਮਰੀਕਾ ਅਤੇ ਕੈਨੇਡਾ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹੇ ਗੋਲਡੀ ਬਰਾੜ 'ਤੇ ਉੱਥੋਂ ਦੀ ਸਰਕਾਰ ਨੇ 10 ਲੱਖ ਡਾਲਰ ਦਾ ਇਨਾਮ ਰੱਖਿਆ ਹੈ | ਉਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਮੰਨਿਆ ਜਾਂਦਾ ਹੈ, ਜਿਸ ਦੁਆਰਾ ਅਮਰੀਕਾ ਅਤੇ ਕੈਨੇਡਾ ਵਿਚ ਕਰਵਾਏ ਗਏ ਕਤਲਾਂ, ਲੁੱਟਾਂ ਅਤੇ ਫਿਰੌਤੀਆਂ ਦੇ ਅਪਰਾਧਾਂ ਕਾਰਨ ਉਹ ਅਮਰੀਕਾ ਦੇ 10 ਸਭ ਤੋਂ ਖ਼ਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ | ਇਸੇ ਹੀ ਤਰ੍ਹਾਂ ਸਤੰਬਰ ਦੇ ਮਹੀਨੇ ਵਿਚ ਅਮਰੀਕਾ ਤੋਂ 6 ਲੱਖ ਡਾਲਰ ਦਾ ਘੁਟਾਲਾ ਕਰਕੇ ਉੱਥੋਂ ਭੱਜ ਕੇ ਭਾਰਤ ਆਏ ਮਨਜੀਤ ਸਿੰਘ ਬੇਦੀ ਨੂੰ ਵੀ ਅਮਰੀਕਾ ਦੀ ਜਾਂਚ ਏਜੰਸੀ ਨੇ ਵਿਸ਼ੇਸ਼ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ, ਹੁਣ ਉਸ ਨੂੰ ਜ਼ਿਲ੍ਹਾ ਜਲੰਧਰ ਤੋਂ ਗਿ੍ਫ਼ਤਾਰ ਕਰਕੇ ਅਮਰੀਕਾ ਵਾਪਸ ਭੇਜਿਆ ਗਿਆ ਹੈ | ਉਸ 'ਤੇ ਦੋਸ਼ ਹੈ ਕਿ ਉੱਥੇ ਰਹਿੰਦਿਆਂ ਉਸ ਨੇ ਇਕ ਸਾਲ ਵਿਚ 6 ਲੱਖ ਅਮਰੀਕੀ ਡਾਲਰਾਂ ਦੀ ਧੋਖਾਧੜੀ ਕੀਤੀ ਸੀ | ਬੇਦੀ ਦੇ ਖ਼ਿਲਾਫ਼ 21 ਮਈ, 2026 ਨੂੰ ਵਾਸ਼ਿੰਗਟਨ ਦੀ ਸੰਘੀ ਅਦਾਲਤ ਨੇ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਸਨ | ਇਸੇ ਤਰ੍ਹਾਂ ਅੰਮਿ੍ਤਪਾਲ ਸਿੰਘ ਜੋ ਰਵਿੰਦਰ ਢਾਂਡਾ ਦੇ ਅਪਰਾਧੀ ਸੰਗਠਨ ਨਾਲ ਜੁੜਿਆ ਹੋਇਆ ਸੀ, ਨੂੰ ਵੀ ਵਿਸ਼ੇਸ਼ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ | ਉਸ 'ਤੇ ਵੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚ ਕੋਕੀਨ ਅਤੇ ਮੈਥਾਫੋਟਾਮਾਈਨ ਆਦਿ ਡਰੱਗਜ਼ ਦੀ ਤਸਕਰੀ ਕਰਨ ਦੇ ਦੋਸ਼ ਹਨ | ਉਸ ਨੂੰ ਵੀ ਖ਼ਤਰਨਾਕ ਅਪਰਾਧੀਆਂ ਦੀ ਸੂਚੀ ਸ਼ਾਮਿਲ ਕੀਤਾ ਗਿਆ ਸੀ |
ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਇਨ੍ਹਾਂ ਅਪਰਾਧੀ ਅਨਸਰਾਂ 'ਤੇ ਪੂਰੀ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਭਾਰਤ ਵਿਚ ਵੀ ਵੱਡੀ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਇਨ੍ਹਾਂ ਨੂੰ ਵਾਪਸ ਭੇਜੇ ਜਾਣ ਲਈ ਸੰਬੰਧਿਤ ਸਰਕਾਰਾਂ ਨੂੰ ਕਾਨੂੰਨ ਅਨੁਸਾਰ ਸਖ਼ਤੀ ਕਰਨੀ ਪਵੇਗੀ | ਪਰ ਅਜਿਹੇ ਅਪਰਾਧੀਆਂ ਦੇ ਤਾਰ ਦੁਨੀਆ ਭਰ ਦੇ ਦੇਸ਼ਾਂ ਨਾਲ ਜੁੜੇ ਹੋਏ ਹੁੰਦੇ ਹਨ, ਜਿਸ ਕਾਰਨ ਇਸ ਤਰ੍ਹਾਂ ਦੇ ਅਪਰਾਧੀਆਂ ਵਿਚਕਾਰ ਸੰਪਰਕ ਬਣਿਆ ਰਹਿੰਦਾ ਹੈ | ਇਕ ਸਾਂਝੀ ਨੀਤੀ ਬਣਾ ਕੇ ਇੰਟਰਪੋਲ ਰਾਹੀਂ ਹੀ ਇਨ੍ਹਾਂ ਅਨਸਰਾਂ 'ਤੇ ਸਖ਼ਤੀ ਵਧਾਈ ਜਾ ਸਕਦੀ ਹੈ | ਪੰਜਾਬ ਤਾਂ ਪਹਿਲਾਂ ਹੀ ਅਜਿਹੇ ਅਨਸਰਾਂ ਦੀ ਮੌਜੂਦਗੀ ਕਾਰਨ ਹਾਲੋ-ਬੇਹਾਲ ਹੋਇਆ ਪਿਆ ਹੈ | ਇਥੇ ਦੀਆਂ ਸਰਕਾਰਾਂ ਅਪਰਾਧਾਂ ਦੇ ਇਸ ਜਾਲ ਨੂੰ ਕਿਵੇਂ ਖ਼ਤਮ ਕਰਨ ਵਿਚ ਸਫ਼ਲ ਹੋਣਗੀਆਂ, ਇਹ ਵੇਖਣ ਵਾਲੀ ਗੱਲ ਹੋਵੇਗੀ |
-ਬਰਜਿੰਦਰ ਸਿੰਘ ਹਮਦਰਦ