05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਤ ਸੀਚੇਵਾਲ ਦੀ ਅਗਵਾਈ ਹੇਠ ਹੋਈ ਬੁੱਢੇ ਦਰਿਆ ਬਾਰੇ ਬਣੀ ਕਮੇਟੀ ਦੀ ਪਹਿਲੀ ਮੀਟਿੰਗ

ਲੁਧਿਆਣਾ, 4 ਨਵੰਬਰ (ਜਤਿੰਦਰ ਭੰਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਣੀ ਕਮੇਟੀ ਦੀ ਪਹਿਲੀ ਮੀਟਿੰਗ ਰਾਜ ਸਭਾ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 225 ਐਮ. ਐਲ.

ਤਾਜਪੁਰ ਰੋਡ ਡੇਅਰੀ ਕੰਪਲੈਕਸ ਦਾ ਨਿਰੀਖਣ ਕਰਦੇ ਰਾਜ ਸਭਾ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ, ਨਾਲ ਘਣਸ਼ਿਆਮ ਥੋਰੀ ਤੇ ਹੋਰ। ਅਜੀਤ ਤਸਵੀਰ 05-11-2026
ਲੁਧਿਆਣਾ, 4 ਨਵੰਬਰ (ਜਤਿੰਦਰ ਭੰਬੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਣੀ ਕਮੇਟੀ ਦੀ ਪਹਿਲੀ ਮੀਟਿੰਗ ਰਾਜ ਸਭਾ ਮੈਂਬਰ ਤੇ ਕਮੇਟੀ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 225 ਐਮ. ਐਲ. ਡੀ. ਸਮਰੱਥਾ ਵਾਲੇ ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਹੋਈ। ਇਸ 12 ਮੈਂਬਰੀ ਕਮੇਟੀ ਦੇ ਉਪ-ਚੇਅਰਮੈਨ-ਲੋਕਲ ਬਾਡੀ ਦੇ ਸਕੱਤਰ ਘਣਸ਼ਿਆਮ ਥੋਰੀ ਦੀ ਹਾਜ਼ਰੀ ਵਿਚ ਇਹ ਸਹਿਮਤੀ ਬਣੀ ਕਿ ਬੁੱਢੇ ਦਰਿਆ ਵਿਚ ਪੈ ਰਹੇ ਗੋਹੇ ਅਤੇ ਮੂਤਰਾਲ ਨੂੰ ਰੋਕਣ ਲਈ ਡੇਅਰੀਆਂ ਵਾਲੇ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਡੇਅਰੀਆਂ ਦਾ ਗੋਹਾ ਸੁੱਟਣ ਲਈ ਵਰਤੇ ਜਾਂਦੇ ਪੀਣ ਵਾਲੇ ਸਾਫ਼ ਪਾਣੀ ਦੀ ਵਰਤੋਂ ਘੱਟ ਕਰਨ ਬਾਰੇ ਵੀ ਸਹਿਮਤੀ ਪ੍ਰਗਟਾਈ। ਕਮੇਟੀ ਦੇ ਚੇਅਰਮੈਨ ਸੰਤ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਜਿਹੜੇ ਡੇਅਰੀਆਂ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਹੋਈਆਂ ਹਨ, ਉਹ ਵਾਪਸ ਹੋਣਗੀਆਂ। ਜ਼ਿਕਰਯੋਗ ਹੈ ਕਿ ਡੇਅਰੀਆਂ ਦਾ ਗੋਹਾ ਚੁੱਕਣ ਲਈ ਨਗਰ ਨਿਗਮ ਨੇ ਤਿੰਨ ਸਾਲ ਦਾ ਟੈਂਡਰ ਦਿੱਤਾ ਹੋਇਆ ਹੈ। ਇਸ ਉਚ ਪੱਧਰੀ ਕਮੇਟੀ ਦੀ ਪਹਿਲੀ ਮੀਟਿੰਗ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ, ਏ. ਡੀ .ਸੀ. (ਯੂ. ਡੀ.) ਅਮਿਤ ਬੰਬੀ, ਡੀ.ਸੀ.ਪੀ. ਆਲਮ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਮਨਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਤਪਨ ਭਨੋਟ, ਪੀ. ਪੀ. ਸੀ. ਬੀ. ਦੇ ਮੁੱਖ ਇੰਜੀਨੀਅਰ ਆਰ.ਕੇ. ਰੱਤੜਾ, ਕੌਂਸਲਰ ਇੰਦੂ ਮੁਨੀਸ਼ ਸ਼ਾਹ, ਨਿਗਰਾਨ ਇੰਜੀਨੀਅਰ (ਡਰੇਨੇਜ) ਦੀਪਇੰਦਰ ਕੌਰ, ਪੇਡਾ ਦੇ ਡੀ.ਐਮ. ਗੁਰਿੰਦਰ ਸਿੰਘ, ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਪ੍ਰਧਾਨ ਸਤਵਿੰਦਰ ਸਿੰਘ, ਹੈਬੋਵਾਲ ਡੇਅਰੀ ਕੰਪਲੈਕਸ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਲਈ ਨਿਯੁਕਤ ਕੀਤੇ ਗਏ ਠੇਕੇਦਾਰ ਸਮੇਤ ਹੋਰ ਅਧਿਕਾਰੀ ਅਤੇ ਨੁਮਾਇੰਦੇ ਹਾਜ਼ਰ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯਤਨਸ਼ੀਲ ਹਨ। ਇਸ ਵਾਸਤੇ ਉਹ 46 ਮੀਟਿੰਗਾਂ ਕਰ ਚੁੱਕੇ ਹਨ। ਬੁੱਢੇ ਦਰਿਆ ਦੀ ਸਫ਼ਾਈ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਆ ਕੇ 7 ਵਾਰ ਮੀਟਿੰਗਾਂ ਕਰ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਵਾਰ ਉਚ ਪੱਧਰੀ ਮੀਟਿੰਗਾਂ ਕੀਤੀਆਂ ਹਨ। ਇਨ੍ਹਾਂ ਮੀਟਿੰਗਾਂ ਦਾ ਮਕਸਦ ਸਿਰਫ਼ ਇਹ ਹੀ ਸੀ ਕਿ ਪਵਿੱਤਰ ਬੁੱਢੇ ਦਰਿਆ ਵਿਚ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਹੋਵੇ। ਸਕੱਤਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਤਾਜਪੁਰ ਡੇਅਰੀ ਕੰਪਲੈਕਸ ਦਾ ਦੌਰਾ ਕੀਤਾ। ਤਾਜਪੁਰ ਡੇਅਰੀ ਕੰਪਲੈਕਸ ਵਿੱਚ ਈ.ਟੀ.ਪੀ ਪਲਾਂਟ ਦੀ ਸਮਰੱਥਾ 2.25 ਐਮ.ਐਲ.ਡੀ. ਦੀ ਹੈ ਤੇ ਹੈਬੋਵਾਲ ਦੇ ਪਲਾਂਟ ਦੀ ਸਮਰੱਥਾ 3.75 ਐਮ.ਐਲ.ਡੀ. ਦੀ ਹੈ। ਕੁੱਲ 6 ਐਮ.ਐਲ.ਡੀ. ਦੀ ਸਮਰੱਥਾ ਵਾਲੇ ਪਲਾਂਟਾਂ ਵਿਚ 12 ਐਮ.ਐਲ.ਡੀ. ਪਾਣੀ ਆ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਵੱਡੀ ਸਮੱਸਿਆ ਤਾਂ ਵਾਧੂ ਪਾਣੀ ਦੀ ਸਪਲਾਈ ਦੀ ਹੈ। ਇਸ ਨੂੰ ਘੱਟ ਕਰਨਾ ਹੀ ਪੈਣਾ ਹੈ। ਡੇਅਰੀਆਂ ਵਿਚ ਫਲੋਅ ਮੀਟਰ ਲਗਾਉਣ ਦਾ ਮਕਸਦ ਇਹ ਹੀ ਹੈ ਕਿ ਪਤਾ ਲੱਗ ਸਕੇ ਕਿ ਕਿਹੜੀ ਡੇਅਰੀ ਕਿੰਨਾ ਪਾਣੀ ਵਰਤ ਰਹੀ ਹੈ। ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਆਪਣੀਆਂ ਦਲੀਲਾਂ ਦੇਣ ਤੋਂ ਬਾਅਦ ਸਹਿਮਤੀ ਪ੍ਰਗਟਾਈ ਕਿ ਸਮੁੱਚੇ ਡੇਅਰੀਆਂ ਵਾਲੇ ਆਪੋ-ਆਪਣੀਆਂ ਡੇਅਰੀਆਂ ਦਾ ਗੋਹਾ ਠੇਕੇਦਾਰ ਨੂੰ ਚੁਕਾਉਣਗੇ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਨਹੀਂ ਕਰਨਗੇ, ਪਸ਼ੂਆਂ ਲਈ ਜਿੰਨਾ ਪਾਣੀ ਚਾਹੀਦਾ ਹੈ, ਓਨਾ ਹੀ ਪਾਣੀ ਵਰਤਣਗੇ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਘਣਸ਼ਿਆਮ ਥੋਰੀ ਨੇ ਡੇਅਰੀ ਮਾਲਕਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਕਿ ‘ਬੁੱਢੇ ਦਰਿਆ’ ਵਿਚ ਕੂੜਾ ਜਾਂ ਗੰਦਗੀ ਨਾ ਸੁੱਟੀ ਜਾਵੇ।
ਪਿਛਲੀ ਖ਼ਬਰ ਮਿਲਾਵਟੀ ਖਾਣਾ ਸਿਹਤ ਲਈ ਗੰਭੀਰ ਖ਼ਤਰਾ-ਡਾ. ਰਾਜੇਸ਼ ਥਾਪਰ ਅਗਲੀ ਖ਼ਬਰ ਖਾਤੇ ’ਚੋਂ ਧੋਖੇ ਨਾਲ 50 ਹਜ਼ਾਰ ਦੀ ਨਕਦੀ ਕਢਵਾਉਣ ਦੇ ਮਾਮਲੇ ਵਿਚ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।