ਚੋਗਾਵਾਂ/ਅੰਮ੍ਰਿਤਸਰ, 28 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਹੇਤਮਪੁਰਾ ਤੋਂ ਬਾਬਾ ਅਵਤਾਰ ਸਿੰਘ ਬਿਸ਼ਨਪੁਰੀ (ਸ੍ਰੀ ਅਨੰਦਪੁਰ ਸਾਹਿਬ ਵਾਲੇ) ਅਤੇ ਬਾਬਾ ਬਲਦੇਵ ਸਿੰਘ ਸ਼ਹੂਰਾ ਸ੍ਰੀ ਅਨੰਦਪੁਰ ਸਾਹਿਬ ਵਾਲਿਆ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਏ ਇਸ ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਪਿੰਡ ਹੇਤਮਪੁਰਾ ਤੋਂ ਸ਼ੁਰੂ ਹੋ ਕੇ ਲੇਲੀਆ, ਕਾਵੇ, ਨਵਾਂ ਜੀਵਨ, ਲੋਧੀਗੁੱਜਰ, ਮੰਜ, ਕੱਕੜ ਅਤੇ ਪਿੰਡ ਰਾਣੀਆਂ ਤੋਂ ਹੁੰਦਾ ਹੋਇਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਅਸਥਾਨ ਗੱਗੋਮਾਹਲ ਵਿਖੇ ਪਹੁੰਚ ਕੇ ਸੰਪੂਰਨ ਹੋਇਆ।
ਨਗਰ ਕੀਰਤਨ ਦੇ ਪਿੰਡ ਰਾਣੀਆਂ ਪਹੁੰਚਣ 'ਤੇ ਸਾਬਕਾ ਸਰਪੰਚ ਮਹਿੰਦਰ ਸਿੰਘ, ਡਾ ਮਦਨ ਸਿੰਘ, ਡਾ. ਗੁਰਲਾਲ ਸਿੰਘ, ਕੁਲਦੀਪ ਸਾਬਕਾ ਮੈਂਬਰ, ਗੁਰਮੀਤ ਠੇਕੇਦਾਰ, ਸਾਬਕਾ ਮੈਂਬਰ ਹਰਦੀਪ ਸਿੰਘ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸੰਗਤਾਂ ਟਰੈਕਟਰ-ਟਰਾਲੀਆਂ ਅਤੇ ਹੋਰ ਗੱਡੀਆਂ ਰਾਹੀਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਚੱਲ ਰਹੀਆਂ ਸਨ।