ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਅੱਜ ਸੰਘਣੀ ਧੁੰਦ ਦਾ ਅਲਰਟ ਜਾਰੀ
ਚੰਡੀਗੜ੍ਹ, 14 ਦਸੰਬਰ- ਠੰਢ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ ਵਿਚ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਅੱਜ (14 ਦਸੰਬਰ) ਸੂਬੇ ਦੇ 13 ਜ਼ਿਲ੍ਹਿਆਂ ਲਈ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿਚ ਸੂਬੇ ਵਿਚ ਘੱਟੋ-ਘੱਟ ਤਾਪਮਾਨ 2 ਡਿਗਰੀ ਵਧਿਆ ਹੈ। ਆਦਮਪੁਰ 6.8 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਇਸ ਦੌਰਾਨ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਫਰੀਦਕੋਟ ਵਿਚ ਦਿਨ ਦਾ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਭਰ ਵਿਚ ਮੌਸਮ ਖੁਸ਼ਕ ਰਹੇਗਾ। ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਲਈ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ, ਪਟਿਆਲਾ, ਤਰਨਤਾਰਨ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਿਲ ਹਨ।
ਰਾਜ ਭਰ ਵਿਚ ਘੱਟੋ-ਘੱਟ ਤਾਪਮਾਨ ਹੁਣ 6.8 ਡਿਗਰੀ ਤੋਂ 12 ਡਿਗਰੀ ਤੱਕ ਹੈ। ਬਠਿੰਡਾ ਵਿਚ ਰਾਜ ਦੀਆਂ ਸਭ ਤੋਂ ਗਰਮ ਰਾਤਾਂ ਰਹੀਆਂ, ਜਿੱਥੇ ਘੱਟੋ-ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ। ਆਦਮਪੁਰ ਤੋਂ ਬਾਅਦ ਲੁਧਿਆਣਾ ਵਿਚ ਦੂਜਾ ਸਭ ਤੋਂ ਘੱਟ ਤਾਪਮਾਨ 7.8 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 8.5 ਡਿਗਰੀ, ਪਟਿਆਲਾ ਵਿਚ 8.8 ਡਿਗਰੀ, ਪਠਾਨਕੋਟ ਵਿਚ 8.9 ਡਿਗਰੀ ਅਤੇ ਅੰਮ੍ਰਿਤਸਰ ਵਿਚ 10.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਰੂਪਨਗਰ ਵਿਚ 11 ਡਿਗਰੀ ਅਤੇ ਮੋਹਾਲੀ ਵਿਚ 11.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
;
;
;
;
;
;
;
;