ਚੋਰੀ ਦੇ ਮਾਮਲੇ 'ਚ ਗ੍ਰਿਫਤਾਰ ਨੌਜਵਾਨ ਨੇ ਚੌਕੀ 'ਚ ਕੀਤੀ ਖੁਦਕੁਸ਼ੀ
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)-ਚੋਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 27 ਸਾਲਾ ਵਿਅਕਤੀ ਨੇ ਸ਼ੁੱਕਰਵਾਰ ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਪੁਲਿਸ ਚੌਕੀ ਵਿਚ ਕਥਿਤ ਤੌਰ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ, 27 ਸਾਲਾ ਪਿੰਡ ਲਲਤੋਂ ਕਲਾਂ ਵਜੋਂ ਹੋਈ ਹੈ। ਉਸਨੂੰ 12 ਸਤੰਬਰ ਨੂੰ ਦੁੱਗਰੀ ਪੁਲਿਸ ਸਟੇਸ਼ਨ ਵਿਚ ਦਰਜ ਕੀਤੇ ਗਏ ਇਕ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਮਾਮਲਾ ਇਕ ਕੰਪਨੀ ਦੇ ਵਿਹੜੇ ਵਿਚੋਂ ਚੋਰੀ ਹੋਈਆਂ ਲੋਹੇ ਦੀਆਂ ਪਾਈਪਾਂ ਨਾਲ ਸੰਬੰਧਿਤ ਸੀ। ਪੁਲਿਸ ਵਲੋਂ ਅੱਜ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਵਾਲਾਤ ਵਿਚ ਬੰਦ ਕੀਤਾ ਗਿਆ ਤਾਂ ਉਸਨੇ ਉਥੇ ਪਏ ਕੰਬਲ ਪਾੜ ਕੇ ਫਾਹਾ ਲਗਾ ਲਿਆ।
ਮੁਲਾਜ਼ਮਾਂ ਵਲੋਂ ਕਾਫੀ ਸਮਾਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਾਜ਼ਮ ਨੇ ਉਸ ਨੂੰ ਹਵਾਲਾਤ ਵਿਚ ਜਦੋਂ ਬੰਦ ਕੀਤਾ ਤਾਂ ਉਸ ਤੋਂ ਕੁਝ ਦੇਰ ਬਾਅਦ ਹੀ ਉਸਨੇ ਗਰਿੰਲ ਨਾਲ ਕੰਬਲ ਬੰਨ੍ਹ ਕੇ ਫਾਹਾ ਲਗਾ ਲਿਆ ਤੇ ਮੁਲਾਜ਼ਮ ਉਸ ਵਕਤ ਖਾਣਾ ਖਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;