JALANDHAR WEATHER

ਹੇਅਰ ਡਰੈਸਰ 'ਤੇ ਫਾਇਰਿੰਗ ਮਾਮਲੇ 'ਚ ਹੋਰ ਹੋਣਗੇ ਵੱਡੇ ਖੁਲਾਸੇ - ਪੁਲਿਸ

ਮਾਛੀਵਾੜਾ ਸਾਹਿਬ, 31 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਵਿਖੇ ਪੁਰਾਣੀ ਗਊਸ਼ਾਲਾ ਕੋਲ ਬੀਤੀ ਰਾਤ ਇਕ ਹੇਅਰ ਡਰੈਸਰ ਰੌਸ਼ਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੀ ਘਟਨਾ ਦੀ ਜਾਂਚ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਉਥੋਂ ਦੇ ਹੀ ਇਕ ਸਿਆਸੀ ਆਗੂ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਕਾਲਾਂ ਆਉਣ ਦੀਆਂ ਚਰਚਾਵਾਂ ਵੀ ਹਨ, ਜਿਸ ਸੰਬੰਧੀ ਉਸ ਵਲੋਂ ਮਾਛੀਵਾੜਾ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵਲੋਂ ਇਸ ਪਹਿਲੂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੇਅਰ ਡਰੈਸਰ ਦੀ ਕਿਸੇ ਨਾਲ ਰੰਜਿਸ਼ ਹੋਵੇਗੀ ਤਾਂ ਕਿਸੇ ਨੇ ਕਾਤਲਾਨਾ ਹਮਲਾ ਕੀਤਾ ਪਰ ਹੁਣ ਸਿਆਸੀ ਆਗੂ ਨੂੰ ਧਮਕੀਆਂ ਭਰੀਆਂ ਫਿਰੌਤੀ ਕਾਲਾਂ ਆਉਣ ਤੋਂ ਬਾਅਦ ਪੁਲਿਸ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਛੀਵਾੜਾ ਇਲਾਕੇ ਦੇ ਇਕ ਸਿਆਸੀ ਆਗੂ ਨੂੰ ਯੂ.ਐੱਸ.ਏ. ਦੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਅੱਗਿਓਂ ਵਿਅਕਤੀ ਉਸ ਨੂੰ ਧਮਕੀਆਂ ਦੇਣ ਲੱਗਾ ਤਾਂ ਉਸਨੇ ਫੋਨ ਕੱਟ ਦਿੱਤਾ। ਫਿਰ ਵਿਦੇਸ਼ੀ ਨੰਬਰ ਤੋਂ ਸਿਆਸੀ ਆਗੂ ਨੂੰ ਵੋਇਸ ਮੈਸੇਜ ਭੇਜਿਆ ਗਿਆ ਕਿ ਇਹ ਗੋਲੀ ਤੇਰੇ ਲੜਕੇ ਨੂੰ ਮਾਰਨੀ ਸੀ ਪਰ ਕਿਸੇ ਹੋਰ ਨੂੰ ਵੱਜ ਗਈ।

ਜਾਣਕਾਰੀ ਅਨੁਸਾਰ ਇਸ ਸਿਆਸੀ ਆਗੂ ਨੂੰ 2 ਮਹੀਨੇ ਪਹਿਲਾਂ ਵੀ ਪੁਰਤਗਾਲ ਤੇ ਇੰਗਲੈਂਡ ਤੋਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਆਈਆਂ ਸਨ ਕਿ 50 ਲੱਖ ਰੁਪਏ ਦੀ ਫਿਰੌਤੀ ਦੇ, ਨਹੀਂ ਤਾਂ ਤੇਰੀ ਜਾਨ, ਮਾਲ ਦਾ ਨੁਕਸਾਨ ਹੋਵੇਗਾ। ਇਹ ਫਿਰੌਤੀ ਮੰਗਣ ਵਾਲੇ ਕਿਹੜੇ ਗਰੁੱਪ ਨਾਲ ਸੰਬੰਧਿਤ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਉਕਤ ਸਿਆਸੀ ਆਗੂ ਵਲੋਂ ਉਸ ਸਮੇਂ ਮਾਛੀਵਾੜਾ ਪੁਲਿਸ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਕਿ ਉਸ ਨੂੰ ਫਿਰੌਤੀ ਤੇ ਧਮਕੀ ਦੀ ਕਾਲ ਆਈ ਹੈ, ਜਿਸ ਦੀ ਸਾਈਬਰ ਕ੍ਰਾਈਮ ਨੂੰ ਜਾਂਚ ਲਈ ਸੌਂਪਿਆ ਗਿਆ ਸੀ। ਬੀਤੀ ਰਾਤ ਸਿਆਸੀ ਆਗੂ ਨੂੰ ਕਾਲ ਕੀਤੀ ਗਈ ਕਿ ਚਾਹੇ ਕੋਈ ਆਪਣੀ ਜਾਇਦਾਦ ਵੇਚ ਕੇ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਤੈਨੂੰ ਜਾਂ ਤੇਰੇ ਲੜਕੇ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਫਿਰੌਤੀ ਮੰਗਣ ਵਾਲੇ ਨੇ ਇਥੋਂ ਤੱਕ ਵੀ ਕਿਹਾ ਕਿ ਹੁਣ ਉਸ ਨੂੰ ਘਰ ਦਾ ਪਤਾ ਅਤੇ ਹੋਰ ਜਾਣਕਾਰੀ ਮਿਲ ਗਈ ਹੈ। ਪੰਜਾਬ ਵਿਚ ਗੈਂਗਸਟਰਾਂ ਵਲੋਂ ਫਿਰੌਤੀ ਤੇ ਗੋਲੀਬਾਰੀ ਕਰਨ ਦੀਆਂ ਘਟਨਾਵਾਂ ਤਾਂ ਸੁਰਖ਼ੀਆਂ ਵਿਚ ਬਣੀਆਂ ਰਹਿੰਦੀਆਂ ਹਨ ਪਰ ਮਾਛੀਵਾੜਾ ਇਲਾਕੇ ਇਸ ਮਾਮਲੇ ਵਿਚ ਬਿਲਕੁਲ ਸ਼ਾਂਤ ਗਿਣਿਆ ਜਾਂਦਾ ਸੀ। ਬੀਤੀ ਰਾਤ ਗੋਲੀਬਾਰੀ ਤੇ ਫਿਰੌਤੀ ਦੀ ਪਹਿਲੀ ਘਟਨਾ ਹੋਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ