ਲੰਡਨ ਪੁੱਜਣ 'ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ

• ਬਰਤਾਨੀਆ ਦੇ ਦੋ ਦਿਨਾ ਦੌਰੇ ਦੀ ਕੀਤੀ ਸ਼ੁਰੂਆਤ • ਮੁਕਤ-ਵਾਪਰ ਸਮਝੌਤੇ 'ਤੇ ਗੱਲਬਾਤ ਅੱਜ
ਲੰਡਨ, 23 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰਤਾਨੀਆ ਦੇ ਦੋ ਦਿਨਾ ਦੌਰੇ ਦੇ ਮੱਦੇਨਜ਼ਰ ਲੰਡਨ ਪਹੰੁਚ ਗਏ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੱਖਿਆ, ਵਪਾਰ ਤੇ ਤਕਨਾਲੋਜੀ ਦੇ ਖੇਤਰਾਂ 'ਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਬਰਤਾਨੀਆ ਦੇ ਆਪਣੇ ਦੋ ਦਿਨਾ ਦੌਰੇ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤ-ਯੂ.ਕੇ. ਮੁਕਤ ਵਪਾਰ ਸਮਝੌਤੇ ਨੂੰ ਰਸਮੀ ਰੂਪ ਦਿੱਤਾ ਜਾਵੇਗਾ | ਮੋਦੀ ਵੀਰਵਾਰ ਨੂੰ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਵਿਆਪਕ ਗੱਲਬਾਤ ਕਰਨਗੇ, ਜਿਸ 'ਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਬੰਧਾਂ 'ਚ ਇਕ ਨਵੀਂ ਗਤੀ ਦੇਣ 'ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ | ਪ੍ਰਧਾਨ ਮੰਤਰੀ ਦੇ ਬਰਤਾਨੀਆ ਦੌਰੇ ਦੌਰਾਨ ਸਭ ਤੋਂ ਵੱਧ ਨਜ਼ਰ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ (ਐਫ. ਟੀ. ਏ.) 'ਤੇ ਹੈ | ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਮਝੌਤੇ ਦੇ ਅੰਤਿਮ ਪੜਾਅ 'ਤੇ ਕੰਮ ਚੱਲ ਰਿਹਾ ਹੈ | ਸਮਝੌਤੇ 'ਤੇ ਵਣਜ਼ ਮੰਤਰੀ ਪਿਊਸ਼ ਗੋਇਲ ਅਤੇ ਉਨ੍ਹਾਂ ਦੇ ਬਰਤਾਨਵੀ ਹਮਅਹੁਦਾ ਜੋਨਾਥਨ ਰੇਨਾਲਡਨ ਦਸਤਖ਼ਤ ਕਰਨਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਜੁਲਾਈ ਨੂੰ ਬਰਤਾਨੀਆ ਦੇ ਦੌਰੇ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਗੱਲਬਾਤ ਕਰਨਗੇ ਅਤੇ ਮਹਾਰਾਜਾ ਚਾਰਲਸ ਤ੍ਰਤੀ 999 ਨਾਲ ਮੁਲਾਕਾਤ ਕਰਨਗੇ | ਪ੍ਰਧਾਨ ਮੰਤਰੀ ਸਟਾਰਮਰ ਆਪਣੀ ਅਧਿਕਾਰਕ ਰਿਹਾਇਸ਼ 'ਚ ਮੋਦੀ ਦੀ ਮੇਜ਼ਬਾਨੀ ਕਰਨਗੇ | ਬਰਤਾਨੀਆਂ ਤੋਂ ਬਾਅਦ ਮਾਲਦੀਵ ਜਾਣਗੇ | ਬਰਤਾਨੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ 25-26 ਜੁਲਾਈ ਨੂੰ ਮਾਲਦੀਵ ਜਾਣਗੇ | ਮੋਦੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਗੱਲਬਾਤ ਕਰਨਗੇ ਅਤੇ ਭਾਰਤ ਦੀ ਮਦਦ ਨਾਲ ਚਲਾਏ ਗਏ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ | 26 ਜੁਲਾਈ ਨੂੰ ਉਹ ਮਾਲਦੀਵ ਦੇ ਸੁਤੰਤਰਤਾ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ |
ਮਿਸਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਮੁਈਜ਼ੂ ਦੇ ਨਵੰਬਰ-2023 'ਚ ਅਹੁਦਾ ਸੰਭਾਲਣ ਤੋਂ ਬਾਅਦ ਕਿਸੇ ਵੀ ਦੇਸ਼ ਦੇ ਮੁੁਖੀ ਦਾ ਇਹ ਪਹਿਲਾ ਅਧਿਕਾਰਕ ਦੌਰਾ ਹੋਵੇਗਾ | ਮਾਲਦੀਵ ਭਾਰਤ ਦੀ 'ਗੁਆਂਢੀ ਪਹਿਲਾਂ ਨੀਤੀ' ਅਤੇ ਮਹਾਂਸਾਗਰ ਵਿਜ਼ਨ' ਦਾ ਅਹਿਮ ਹਿੱਸਾ ਹੈ, ਜੋ ਖੇਤਰੀ ਸੁਰੱਖਿਆ ਅਤੇ ਵਿਕਾਸ 'ਤੇ ਕੇਂਦਰਿਤ ਹੈ | ਇਹ ਦੌਰਾ ਭਾਰਤ ਲਈ ਵਪਾਰ, ਸਿੱਖਿਆ, ਤਕਨਾਲੋਜੀ ਅਤੇ ਖੇਤਰੀ ਸਹਿਯੋਗ ਵਧਾਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ |