ਸਰਹੱਦ ਵਿਵਾਦ : ਕੰਬੋਡੀਅਨ ਸੈਨਿਕਾਂ ਦੀ ਗੋਲੀਬਾਰੀ 'ਚ 11 ਥਾਈ ਨਾਗਰਿਕਾਂ ਦੀ ਮੌਤ

ਬੈਂਕਾਕ, 24 ਜੁਲਾਈ (ਏਜੰਸੀ)-ਥਾਈਲੈਂਡ ਅਤੇ ਕੰਬੋਡੀਆ ਦੇ ਸੈਨਿਕਾਂ ਨੇ ਅੱਜ ਸਵੇਰੇ ਇਕ-ਦੂਜੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਥਾਈਲੈਂਡ ਅਤੇ ਕੰਬੋਡੀਆ ਦਰਮਿਆਨ ਅੱਜ ਸਵੇਰੇ ਸਰਹੱਦ 'ਤੇ ਗੋਲੀਬਾਰੀ ਹੋਈ | ਕੰਬੋਡੀਅਨ ਸੈਨਿਕਾਂ ਦੀ ਗੋਲੀਬਾਰੀ 'ਚ 11 ਥਾਈ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਨਾਗਰਿਕ ਜ਼ਖ਼ਮੀ ਹੋ ਗਏ | ਥਾਈਲੈਂਡ ਨੇ ਵੀ ਜਵਾਬ 'ਚ ਕੰਬੋਡੀਆ ਦੇ ਸੈਨਿਕ ਟਿਕਾਣਿਆਂ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ | ਦੋਵੇਂ ਦੇਸ਼ਾਂ ਨੇ ਇਕ-ਦੂਸਰੇ 'ਤੇ ਹਮਲੇ ਕਰਨ ਦਾ ਦੋਸ਼ ਲਗਾਇਆ ਹੈ | ਕੰਬੋਡੀਆ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ ਲਗਾਇਆ ਕਿ ਥਾਈ ਸੈਨਿਕਾਂ ਨੇ ਅੱਜ ਸਵੇਰੇ ਗੋਲੀਬਾਰੀ ਕੀਤੀ ਜਦਕਿ ਥਾਈ ਸੈਨਿਕਾਂ ਨੇ ਕਿਹਾ ਕਿ ਕੰਬੋਡੀਆ ਨੇ ਪਹਿਲਾਂ ਡਰੋਨ ਨਾਲ ਹਮਲਾ ਕੀਤਾ ਅਤੇ ਫਿਰ ਤੋਪ ਅਤੇ ਲੰਬੀ ਦੂਰੀ ਦੇ ਬੀ.ਐਮ.-21 ਰਾਕਟਾਂ ਨਾਲ ਹਮਲਾ ਕਰ ਦਿੱਤਾ | ਹਮਲੇ ਨੂੰ ਦੇਖਦੇ ਹੋਏ ਥਾਈਲੈਂਡ ਨੇ ਸਰਹੱਦ 'ਤੇ ਐਫ-16 ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ | ਇਸ ਸਾਲ 28 ਮਈ ਨੂੰ ਸਰਹੱਦ 'ਤੇ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਵਿਚਕਾਰ ਤਕਰਾਰ ਹੋਈ ਸੀ, ਜਿਸ 'ਚ ਇਕ ਕੰਬੋਡੀਅਨ ਸੈਨਿਕ ਦੀ ਮੌਤ ਹੋ ਗਈ ਸੀ | ਇਸ ਦੇ ਬਾਅਦ ਤੋਂ ਹੀ ਦੋਵੇਂ ਦੇਸ਼ਾਂ ਦਰਮਿਆਨ ਵਿਵਾਦ ਜਾਰੀ ਹੈ | ਇਸੇ ਵਿਵਾਦ ਕਾਰਨ ਤੋਂ ਇੰਡੋਨੇਸ਼ੀਆ ਦੀ ਪ੍ਰਧਾਨ ਮੰਤਰੀ ਪਿਾਈਤੋਂਗਤਾਨਰ ਸ਼ਿਨਵਾਤਰਾ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ ਸੀ | ਇਸ ਹਮਲੇ ਤੋਂ ਬਾਅਦ ਥਾਈਲੈਂਡ ਨੇ ਸਰਹੱਦ ਨਾਲ ਲੱਗਦੇ 86 ਪਿੰਡਾਂ ਤੋਂ ਲਗਪਗ 40 ਹਜ਼ਾਰ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਹੈ | ਉੱਧਰ ਕੰਬੋਡੀਆ 'ਚ ਰਹਿਣ ਵਾਲੇ ਥਾਈ ਨਾਗਰਿਕਾਂ ਨੂੰ ਵੀ ਆਪਣੇ ਦੇਸ਼ ਪਰਤਣ ਦੀ ਅਪੀਲ ਕੀਤੀ ਗਈ ਹੈ | ਕੰਬੋਡੀਆ ਦੀ ਰਾਜਧਾਨੀ ਨੋਮ ਪੇਨਹ ਸਥਿਤ ਰਾਇਲ ਥਾਈਲੈਂਡ ਦੂਤਘਰ ਨੇ ਕਿਹਾ ਕਿ ਸਰਹੱਦ 'ਤੇ ਸਥਿਤੀ ਵਿਗੜਦੀ ਜਾ ਰਹੀ ਹੈ ਅਤੇ ਝੜਪਾਂ ਦੇ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਕਾਰਨ ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਜਿੰਨੀ ਜਲਦੀ ਹੋ ਸਕੇ ਕੰਬੋਡੀਆ ਛੱਡਣ ਨੂੰ ਕਹਿ ਦਿੱਤਾ ਹੈ |