4 ਵਿਦਿਆਰਥੀਆਂ ਦੀਆਂ ਹੱਤਿਆਵਾਂ ਦੇ ਮਾਮਲੇ 'ਚ ਦੋਸ਼ੀ ਨੂੰ 4 ਉਮਰ ਕੈਦਾਂ ਤੇ ਜੁਰਮਾਨਾ

ਦੋਸ਼ ਮੰਨ ਲੈਣ ਕਾਰਨ ਮੌਤ ਦੀ ਸਜ਼ਾ ਤੋਂ ਹੋਇਆ ਬਚਾਅ
ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ)- 2022 'ਚ ਇਦਾਹੋ ਕਾਲਜ ਦੇ 4 ਵਿਦਿਅਰਥੀਆਂ ਦੀਆਂ ਚਾਕੂ ਮਾਰ ਕੇ ਹੱਤਿਆਵਾਂ ਕਰਨ ਦੇ ਮਾਮਲੇ ਵਿਚ ਬਰੀਆਨ ਕੋਹਬਰਗਰ ਸਾਬਕਾ ਕਿ੍ਮਿਨਾਲੋਜੀ ਗਰੈਜੂਏਟ ਵਿਦਿਆਰਥੀ ਨੂੰ ਉਮਰ ਕੈਦ ਤੇ ਭਾਰੀ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ | ਉਸ ਵਲੋਂ ਆਪਣਾ ਗੁਨਾਹ ਮੰਨ ਲੈਣ ਕਾਰਨ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ | ਬੋਇਸ, ਇਦਾਹੋ ਵਿਚ ਅਡਾ ਕਾਉਂਟੀ ਕੋਰਟਹਾਊਸ ਵਿਚ ਸਥਾਨਕ ਸਮੇ ਅਨੁਸਾਰ ਸਵੇਰੇ 9 ਵਜੇ ਸੁਣਵਾਈ ਸ਼ੁਰੂ ਹੋਈ | ਸਜ਼ਾ ਸੁਣਾਉਣ ਤੋਂ ਪਹਿਲਾਂ ਮਿ੍ਤਕ ਵਿਦਿਆਰਥੀਆਂ ਮੈਡੀਸਨ ਮੋਗਨ (21), ਕੇਲੀ ਗੋਨਕਾਲਵਜ (21), ਐਕਸਆਨਾ ਕੇਰਨੋਡਲ (20) ਤੇ 20 ਸਾਲਾ ਈਥਾਨ ਚੈਪਿਨ ਦੇ ਸੱਕੇ ਸਬੰਧੀਆਂ ਨੇ ਕਟਹਿਰੇ ਵਿਚ ਖੜੇ ਹੋ ਕੇ ਕੋਹਬਰਗਰ ਨੂੰ ਜਜ਼ਬਾਤੀ ਅੰਦਾਜ ਵਿਚ ਸਵਾਲ ਪੁੱਛੇ ਤੇ ਕਿਹਾ ਕਿ ਉਸ ਨੇ ਵਿਦਿਆਰਥੀਆਂ ਨੂੰ ਕਿਉਂ ਮਾਰਿਆ ਸੀ | ਜੱਜ ਨੇ ਕੋਹਬਰਗਰ (30) ਨੂੰ ਪੁੱਛਿਆ ਕਿ ਉਹ ਜਵਾਬ ਦੇਣਾ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਸਨਮਾਨ ਸਹਿਤ ਇਨਕਾਰ ਕਰਦਾ ਹਾਂ | ਜੱਜ ਨੇ ਉਸ ਨੂੰ 4 ਉਮਰ ਕੈਦਾਂ ਤੇ 2,70,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ | 13 ਨਵੰਬਰ 2022 ਨੂੰ ਯੂਨੀਵਰਸਿਟੀ ਆਫ ਇਦਾਹੋ ਨੇੜੇ ਇਕ ਕਿਰਾਏ ਦੇ ਕਮਰੇ ਵਿਚੋਂ 4 ਵਿਦਿਆਰਥੀ ਮਿ੍ਤਕ ਹਾਲਤ ਵਿਚ ਮਿਲੇ ਸਨ | ਉਨ੍ਹਾਂ ਦੀਆਂ ਲਾਸ਼ਾਂ ਚਾਕੂ ਨਾਲ ਵਿੰਨੀਆਂ ਹੋਈਆਂ ਸਨ |