ਸੀ.ਆਈ.ਏ. ਸਟਾਫ ਅੰਮ੍ਰਿਤਸਰ ਨੇ ਪਾਕਿਸਤਾਨ ਤੋਂ ਆਏ ਭਾਰੀ ਅਸਲੇ ਸਮੇਤ 2 ਵਿਅਕਤੀ ਕੀਤੇ ਕਾਬੂ
ਅਟਾਰੀ, ਅੰਮ੍ਰਿਤਸਰ, 22 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਸੀ. ਆਈ.ਏ. ਸਟਾਫ ਨੂੰ ਦੇਰ ਰਾਤ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਪਾਰਟੀ ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਆਏ ਭਾਰੀ ਅਸਲੇ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆI ਪੁਲਿਸ ਅਨੁਸਾਰ ਭਾਰੀ ਅਸਲੇ ਸਮੇਤ ਕਾਬੂ ਕੀਤੇ ਗਏ ਦੋਵੇਂ ਨੌਜਵਾਨ ਸਕੇ ਭਰਾ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਡੰਡੇ ਨਜ਼ਦੀਕ ਅਟਾਰੀ ਅੰਮ੍ਰਿਤਸਰ ਵਲੋਂ ਭਾਰਤ ਅੰਦਰ ਗੈਰ-ਕਾਨੂੰਨੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਤਸਕਰਾਂ ਪਾਸੋਂ ਡਰੋਨ ਰਾਹੀਂ ਦੇਰ ਰਾਤ ਭਾਰੀ ਮਾਤਰਾ ਵਿਚ ਅਸਲਾ ਮੰਗਵਾਇਆ ਗਿਆ ਸੀ, ਜਿਸ ਵਿਚ ਪੰਜ ਪਿਸਟਲ ਅਤੇ ਪੰਜ ਮੈਗਜ਼ੀਨ ਸਮੇਤ ਦੋਸ਼ੀ ਉਸ ਸਮੇਂ ਗ੍ਰਿਫਤਾਰ ਕੀਤੇ, ਜਦੋਂ ਉਹ ਅਟਾਰੀ ਬੱਸ ਸਟੈਂਡ ਨਜ਼ਦੀਕ ਸਥਿਤ ਬਿਜਲੀ ਘਰ ਕੋਲ ਪੁਲਿਸ ਪਾਰਟੀ ਵਲੋਂ ਨਾਕਾ ਲਗਾਇਆ ਗਿਆ ਸੀ ਤੇ ਉਕਤ ਦੋਸ਼ੀਆਂ ਦੀ ਤਲਾਸ਼ੀ ਦੌਰਾਨ ਇਹ ਭਾਰੀ ਅਸਲਾ ਬਰਾਮਦ ਹੋਇਆ ਹੈI