JALANDHAR WEATHER

23-07-2025

 ਜੰਕ ਫੂਡ ਬਾਰੇ ਚਿਤਾਵਨੀ

ਜੰਕ ਫੂਡ ਦੀ ਦਿਨੋ ਦਿਨ ਵਧ ਰਹੀ ਵਰਤੋਂ ਕਰਕੇ ਕੇਂਦਰ ਸਰਕਾਰ ਮੋਟਾਪਾ ਅਤੇ ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜੰਕ ਫੂਡ ਦੁਕਾਨਾਂ ਨੂੰ ਚਿਤਾਵਨੀ ਲਿਖਣ ਲਈ ਹਿਦਾਇਤਾਂ ਦੇਣ ਦੀ ਤਿਆਰੀ ਕਰ ਰਹੀ ਹੈ। ਅਜੋਕੇ ਸਮੇਂ ਵਿਚ ਖ਼ਾਸ ਕਰਕੇ ਨੌਜਵਾਨ ਜੰਕ ਫੂਡ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ। ਜ਼ਿਆਦਾ ਤੇਜ਼ ਮਸਾਲੇ, ਨਮਕ, ਘਿਓ, ਤੇਲ ਅਤੇ ਮਿੱਠੇ ਦੀ ਹੱਦੋ ਜ਼ਿਆਦਾ ਵਰਤੋਂ ਨੇ ਸਿਹਤਮੰਦ ਜੀਵਨਸ਼ੈਲੀ ਵਿਚ ਨਿਘਾਰ ਲਿਆ ਕੇ ਦਿਲ ਅਤੇ ਇਸ ਨਾਲ ਸੰਬੰਧਿਤ ਹੋਣ ਵਾਲੀਆਂ ਬਿਮਾਰੀਆਂ ਵਿਚ ਵਾਧਾ ਕੀਤਾ ਹੈ। ਜੰਕ ਫੂਡ ਦੁਕਾਨਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਿਖੀ ਜਾਣ ਵਾਲੀ ਚਿਤਾਵਨੀ ਸ਼ਲਾਘਾਯੋਗ ਕਦਮ ਹੈ ਪਰੰਤੂ ਅਮਲਾਂ ਤੋਂ ਬਿਨਾਂ ਗਿਆਨ ਭਾਰ ਹੈ। ਚਿਤਾਵਨੀ ਤਾਂ ਸ਼ਰਾਬ ਅਤੇ ਤੰਬਾਕੂ ਵਾਲੇ ਪਦਾਰਥਾਂ 'ਤੇ ਵੀ ਲਿਖੀ ਹੁੰਦੀ ਹੈ ਪਰੰਤੂ ਉਸ 'ਤੇ ਅਮਲ ਕੋਈ ਨਹੀਂ ਕਰਦਾ, ਚਿਤਾਵਨੀ ਪੜ੍ਹ ਕੇ ਵੀ ਲੋਕ ਧੜਾਧੜ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰ ਰਹੇ ਹਨ। ਚਿਤਾਵਨੀ ਕੋਈ ਵੀ ਹੋਵੇ ਉਹ ਸਾਡੀ ਜ਼ਿੰਦਗੀ ਦੀ ਸੁਰੱਖਿਆ ਲਈ ਹੁੰਦੀ ਹੈ ਕਿਉਂਕਿ ਕੇਵਲ ਚਿਤਾਵਨੀ ਪੜ੍ਹਨਾ ਅਤੇ ਪੜ੍ਹ ਕੇ ਛੱਡ ਦੇਣ ਨਾਲ ਕੁੱਝ ਨਹੀਂ ਹੋਣਾ ਉਸ 'ਤੇ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਨੀ, (ਬਠਿੰਡਾ)

ਸਾਰਾ ਸਾਲ ਬੂਟਿਆਂ ਦੀ ਕਰੋ ਸੰਭਾਲ

ਬੂਟੇ ਜ਼ਰੂਰ ਲਗਾਓ, ਪਰ ਸਾਰਾ ਸਾਲ ਇਨ੍ਹਾਂ ਦੀ ਦੇਖਭਾਲ ਵੀ ਜ਼ਰੂਰ ਕਰੋ। ਬਰਸਾਤ ਦੇ ਮੌਸਮ ਵਿਚ ਬਹੁਤ ਸਾਰੇ ਲੋਕ, ਸੰਸਥਾਵਾਂ ਬੂਟੇ ਲਾ ਰਹੇ ਹਨ, ਟੈਲੀਵਿਜ਼ਨ, ਅਖ਼ਬਾਰਾਂ ਵਿਚ ਬੂਟੇ ਲਾਉਣ ਵਾਲਿਆਂ ਦੀ ਤਸਵੀਰਾਂ ਆ ਰਹੀਆਂ ਹਨ ਪਰ ਬੂਟਾ ਲਾਉਣ ਤੋਂ ਹਫ਼ਤੇ ਬਾਅਦ ਉਹ ਬੂਟੇ ਨੂੰ ਪਾਣੀ ਲਾਉਣਾ ਭੁੱਲ ਜਾਂਦੇ ਹਨ, ਬੂਟਾ ਕੇਵਲ ਬਰਸਾਤੀ ਪਾਣੀ 'ਤੇ ਨਿਰਭਰ ਹੋ ਕੇ ਰਹਿ ਜਾਂਦੇ ਹਨ। ਜੇ ਬਰਸਾਤ ਨਾ ਪਵੇ ਤਾਂ 15 ਦਿਨਾਂ ਬਾਅਦ ਪਾਣੀ ਤੋਂ ਬਗ਼ੈਰ ਬੂਟਾ ਸੁੱਕਣ ਲੱਗ ਜਾਂਦੇ ਹਨ। ਬੂਟੇ ਜ਼ਰੂਰ ਲਾਓ ਪਰ ਸਾਰਾ ਸਾਲ ਬੂਟਿਆਂ ਨੂੰ ਪਾਣੀ ਲਾਉਣ ਦਾ ਪ੍ਰਬੰਧ ਜ਼ਰੂਰ ਕਰੋ।

-ਬਲਦੇਵ ਸਿੰਘ ਗਰੇਵਾਲ
ਵਾਇਟ ਵਿੰਗ, ਖਾਨਪੁਰ (ਮਾਲੇਰਕੋਟਲਾ)

ਭਿਖਾਰੀਆਂ ਖ਼ਿਲਾਫ਼ ਸਖ਼ਤੀ

ਪੰਜਾਬ ਸਰਕਾਰ ਵਲੋਂ ਭਿਖਾਰੀਆਂ ਖ਼ਿਲਾਫ਼ ਸਖ਼ਤੀ ਵਰਤਣ ਦੇ ਮੱਦੇਨਜ਼ਰ ਅੰਮ੍ਰਿਤਸਰ ਵਿਖੇ ਭੀਖ ਮੰਗਣ ਵਾਲੀ ਇਕ ਮਹਿਲਾ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸਰਕਾਰ ਦਾ ਇਹ ਕਦਮ ਸਮਾਜ ਸੁਧਾਰ ਵੱਲ ਇਕ ਚੰਗਾ ਕਦਮ ਹੈ, ਜਿਸ ਨਾਲ ਲੋਕਾਂ ਨੂੰ ਭਿਖਾਰੀਆਂ ਤੋਂ ਰਾਹਤ ਮਿਲ ਸਕੇਗੀ। ਸ਼ਹਿਰਾਂ ਅੰਦਰ ਸੜਕਾਂ 'ਤੇ ਥਾਂ-ਥਾਂ ਭਿਖਾਰੀ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ। ਸਰਕਾਰ ਦੇ ਇਸ ਕਦਮ ਨਾਲ ਭਿਖਾਰੀਆਂ 'ਤੇ ਲਗਾਮ ਲੱਗੇਗੀ। ਸਰਕਾਰ ਤੇ ਪ੍ਰਸ਼ਾਸਨ ਦਾ ਇਹ ਕਦਮ ਸਲਾਹੁਣਯੋਗ ਹੈ।

-ਲੈਕਚਰਾਰ ਅਜੀਤ ਖੰਨਾ
ਐਮ.ਏ., ਐਮ.ਫਿਲ, ਐਮ.ਜੀ.ਐਮ.ਸੀ.ਬੀ. ਐੱਡ.

ਘਟ ਰਹੇ ਪੰਜਾਬੀ ਪਾਠਕ

ਪੰਜਾਬੀ ਬੜੀ ਪਿਆਰੀ ਬੋਲੀ ਤੇ ਭਾਸ਼ਾ ਹੈ। ਇਸ ਦੇ ਪਾਠਕ ਦਿਨੋ-ਦਿਨ ਘੱਟਦੇ ਜਾ ਰਹੇ ਹਨ। ਸਰਕਾਰ ਸ਼ਹਿਰੀ ਅਤੇ ਪੇਂਡੂ ਲਾਇਬ੍ਰੇਰੀਆਂ ਵੱਲ ਧਿਆਨ ਨਹੀਂ ਦੇ ਰਹੀ। ਮਿਆਰੀ ਸਾਹਿਤਕ ਪੁਸਤਕਾਂ ਨਹੀਂ ਛੱਪ ਰਹੀਆਂ। ਨਵੇਂ ਲੇਖਕ ਬਿਨਾਂ ਵਿਧਾਵਾਂ ਦੇ ਗਿਆਨ ਤੋਂ ਪੁਸਤਕਾਂ ਛਾਪ ਰਹੇ ਹਨ। ਜੋ ਕਿਤਾਬਾਂ ਛਪ ਰਹੀਆਂ ਹਨ ਉਨ੍ਹਾਂ ਦੇ ਪੰਨੇ ਘੱਟ ਕੀਮਤ, ਜ਼ਿਆਦਾ ਹੋਣ ਕਾਰਨ ਜੋ ਆਮ ਪਾਠਕ ਦੀ ਪਹੁੰਚ ਤੋਂ ਬਾਹਰ ਹਨ। ਪੰਜਾਬ ਵਿਚ ਸਾਹਿਤਕ ਮੇਲਿਆਂ ਦੀ ਗਿਣਤੀ ਘੱਟ ਰਹੀ ਹੈ। ਡਾਕ ਖ਼ਰਚਾ ਕਾਫ਼ੀ ਜ਼ਿਆਦਾ ਵਧ ਜਾਣ ਕਾਰਨ ਪਾਠਕ ਵਰਗ ਨੂੰ ਕਿਤਾਬਾਂ ਮੰਗਵਾਉਣ ਤੋਂ ਝਿਜਕ ਰਿਹਾ ਹੈ। ਪਾਠਕ ਵਰਗ ਲਈ ਚਲ ਰਹੇ ਸਮਾਚਾਰ ਪੱਤਰ ਵਿਚ ਕੇਵਲ ਐਤਵਾਰ ਹੀ ਇਕ ਦਿਨ ਹੀ ਸਾਹਿਤਕ ਸਮੱਗਰੀ ਛਾਪਦੇ ਹਨ। ਮੋਬਾਈਲ ਦੀ ਆਦਤ ਨੇ ਪਾਠਕ ਵਰਗ ਵਿਚ ਸਾਹਿਤਕ ਸਮੱਗਰੀ ਪੜ੍ਹਨ ਦੀ ਰੁਚੀ ਸਮਾਪਤ ਕਰ ਦਿੱਤੀ ਹੈ। ਜੇਕਰ ਇਸ ਵਿਸ਼ੇ ਵੱਲ ਧਿਆਨ ਨਾ ਦਿੱਤਾ ਤਾਂ ਪਾਠਕ ਅਤੇ ਭਾਸ਼ਾ ਦਾ ਭਵਿੱਖ ਖ਼ਤਮ ਹੋ ਜਾਵੇਗਾ।

-ਕਸ਼ਮੀਰੀ ਲਾਲ ਚਾਵਲਾ
ਸੰਪਾਦਕ ਅਦਬੀ ਪਰਿਕਰਮਾ, ਮੁਕਤਸਰ।

ਪ੍ਰੋਫ਼ੈਸਰ ਭਰਤੀ ਦਾ ਫ਼ੈਸਲਾ
ਪੰਜਾਬ ਸਰਕਾਰ ਵਲੋਂ ਕਾਲਜਾਂ ਵਿਚ ਪ੍ਰੋਫ਼ੈਸਰ ਅਤੇ ਲਾਇਰੀਅਨ ਦੀ ਭਰਤੀ ਸ਼ੁਰੂਆਤੀ ਦਿਨਾਂ (2021) ਤੋਂ ਹੀ ਸਵਾਲਾਂ ਦੇ ਘੇਰੇ ਵਿਚ ਆ ਗਈ ਸੀ। ਨਿਯਮਾਂ ਮੁਤਾਬਿਕ ਭਰਤੀ ਨਾ ਹੋਣ ਨੂੰ ਲੈ ਕੇ ਇਕ ਧਿਰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚਲੀ ਗਈ ਸੀ। ਜਿਸ ਦਾ ਫ਼ੈਸਲਾ ਮਾਣਯੋਗ ਅਦਾਲਤ ਨੇ ਉਨ੍ਹਾਂ ਦੇ ਹੱਕ ਵਿਚ ਸੁਣਾਇਆ ਸੀ। ਉਸ ਤੋਂ ਬਾਅਦ ਮਾਣਯੋਗ ਅਦਾਲਤ ਦੇ ਡਬਲ ਬੈਂਚ ਕੋਲ ਕੇਸ ਪੰਜਾਬ ਸਰਕਾਰ ਦੇ ਹੱਕ ਵਿਚ ਹੋ ਗਿਆ ਸੀ। ਅੰਤ ਪੀੜਤ ਧਿਰ ਦੇਸ਼ ਦੀ ਸਰਵ-ਉੱਚ ਅਦਾਲਤ ਵਿਚ ਇਨਸਾਫ਼ ਲੈਣ ਚਲੀ ਗਈ। ਮਾਣਯੋਗ ਸੁਪਰੀਮ ਕੋਰਟ ਨੇ ਪੀੜਤ ਧਿਰ ਨੂੰ ਇਨਸਾਫ਼ ਦਿੰਦੇ ਹੋਏ, ਨਿਯਮਾਂ ਅਨੁਸਾਰ ਭਰਤੀ ਨਾ ਕੀਤੇ ਜਾਣ ਕਰਕੇ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨ ਦੀ ਭਰਤੀ ਰੱਦ ਕਰ ਦਿੱਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)